ਜਲੰਧਰ 'ਚ ਡਰੱਗ ਸਮੱਗਲਿੰਗ ਦਾ ਪਰਦਾਫਾਸ਼, 45 ਕਰੋੜ ਦੀ ਹੈਰੋਇਨ ਸਣੇ ਇਕ ਵਿਅਕਤੀ ਗ੍ਰਿਫ਼ਤਾਰ

09/08/2023 5:52:42 AM

ਗੋਰਾਇਆ/ਜਲੰਧਰ (ਵੈੱਬ ਡੈਸਕ, ਮੁਨੀਸ਼)- ਪੰਜਾਬ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ। ਮਿਲੀ ਜਾਣਕਾਰ ਮੁਤਾਬਕ ਜਲੰਧਰ ਦਿਹਾਤੀ ਦੀ ਪੁਲਸ ਨੇ ਡਰੱਗ ਸਮੱਗਲਰਾਂ ਦਾ ਪਰਦਾਫਾਸ਼ ਕਰਦੇ ਹੋਏ ਗੋਰਾਇਆ ਵਿਖੇ ਇਕ ਸਮੱਗਲਰ ਨੂੰ 9 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਪੱਧਰ 'ਤੇ 45 ਕਰੋੜ ਦੀ ਦੱਸੀ ਜਾ ਰਹੀ ਹੈ। 

PunjabKesari

ਇਸ ਦੀ ਪੁਸ਼ਟੀ ਖ਼ੁਦ ਡੀ. ਜੀ. ਪੀ. ਗੌਰਵ ਯਾਦਵ ਨੇ ਟਵਿੱਟਰ 'ਤੇ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਦੀ ਪਛਾਣ ਮਲਕੀਤ ਸਿੰਘ ਉਰਫ਼ ਕਾਲੀ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।  ਪੁਲਸ ਨੇ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁੱਛਗਿੱਛ ਦੌਰਾਨ ਵੱਡਾ ਖ਼ੁਲਾਸਾ ਹੋਇਆ ਕਿ ਕਾਲੀ ਦੇ ਪਾਕਿਸਤਾਨ ਸਥਿਤ ਸਮੱਗਲਰਾਂ ਨਾਲ ਸੰਬੰਧ ਸਨ। ਕਾਲੀ ਨੇ ਮੁੰਡਿਆਂ ਨੂੰ ਸਰਹੱਦ ਰਾਹੀਂ ਪਾਕਿਸਤਾਨ ਭੇਜ ਕੇ 50 ਕਿਲੋ ਹੈਰੋਇਨ ਮੰਗਵਾਈ ਸੀ। ਹੈਰੋਇਨ ਦੇ ਭਾਰਤ ਪਹੁੰਚਣ ਤੋਂ ਬਾਅਦ ਇਸ ਨੂੰ 6 ਵੱਖ-ਵੱਖ ਤਸਕਰਾਂ ਵਿੱਚ ਵੰਡਿਆ ਗਿਆ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ) ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਕਾਲੀ ਕੋਲੋਂ 50 ਕਿਲੋ ਹੈਰੋਇਨ ਦੀ ਖੇਪ ਵਿੱਚੋਂ 9 ਕਿਲੋ ਹੋਰ ਹੈਰੋਇਨ ਵੀ ਜ਼ਬਤ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਇਸ ਖੇਪ ਵਿਚੋਂ 22.5 ਕਿਲੋ ਹੈਰੋਇਨ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਹੈ, ਜਿਸ ਨਾਲ ਹੁਣ ਕੁੱਲ ਬਰਾਮਦਗੀ 31.5 ਕਿਲੋ ਹੋ ਗਈ ਹੈ।

ਇਹ ਕਾਰਵਾਈ ਜਲੰਧਰ ਦਿਹਾਤੀ ਪੁਲਸ ਵੱਲੋਂ ਹੈਰੋਇਨ ਦੀ ਖੇਪ ਹਾਸਲ ਕਰਨ ਲਈ ਤੈਰ ਕੇ ਪਾਕਿਸਤਾਨ ਦੇ ਅਧਿਕਾਰ ਖੇਤਰ ਵਿੱਚ ਜਾਣ ਵਾਲੇ ਨਸ਼ਾ ਤਸਕਰ ਜੋਗਾ ਸਿੰਘ, ਜਿਸ ਕੋਲੋਂ 8 ਕਿਲੋਂ ਹੈਰੋਇਨ ਬਰਾਮਦ ਹੋਈ ਸੀ, ਦੀ ਗ੍ਰਿਫ਼ਤਾਰੀ ਤੋਂ  ਇਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਅਮਲ ’ਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ, ਐੱਸ. ਐੱਸ. ਓ. ਸੀ. ਅੰਮ੍ਰਿਤਸਰ ਨੇ ਸ਼ਿੰਦਰ ਸਿੰਘ ਵਜੋਂ ਜਾਣੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਕੋਲੋਂ 10 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਇਸ ਮਾਡਿਊਲ ਨਾਲ ਜੁੜੀ ਇਕ ਔਰਤ ਨਸ਼ਾ ਤਸਕਰ ਅਮਨਦੀਪ ਕੌਰ ਉਰਫ਼ ਦੀਪ ਭਾਈ ਨੂੰ ਵੀ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਦਕਿ ਇਕ ਹੋਰ ਨਸ਼ਾ ਤਸਕਰ ਸ਼ਿੰਦਰਪਾਲ ਉਰਫ਼ ਪੱਪੂ ਨੂੰ ਮਹਿਤਪੁਰ ਤੋਂ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ।

ਇਹ ਵੀ ਪੜ੍ਹੋ-  ਹੱਥਾਂ 'ਤੇ ਮਹਿੰਦੀ ਲਗਾ ਲਾੜੀ ਉਡੀਕਦੀ ਰਹੀ ਲਾੜਾ, ਘੋੜ੍ਹੀ ਚੜ੍ਹਨ ਤੋਂ ਪਹਿਲਾਂ ਹੀ ਮੁੰਡੇ ਨੇ ਚਾੜ 'ਤਾ ਚੰਨ

ਗੌਰਵ ਯਾਦਵ ਨੇ ਹੈਰੋਇਨ ਦੀ ਇਸ ਵੱਡੀ ਖੇਪ ਦੀ ਬਰਾਮਦਗੀ ਨੂੰ ਪੰਜਾਬ ਪੁਲਸ ਵੱਲੋਂ ਕੀਤੀ ਜਾ ਰਹੀ ਰੋਜ਼ਾਨਾ ਤਫ਼ਤੀਸ਼ ਅਤੇ ਮੁਸਤੈਦੀ ਦਾ ਨਤੀਜਾ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਕੇਸ ਸਬੰਧੀ ਅਗਲੀਆਂ-ਪਿਛਲੀਆਂ ਕੜੀਆਂ ਦੀ ਬਾਰੀਕਬੀਨੀ ਨਾਲ ਪੁਣਛਾਣਤੋਂ ਬਾਅਦ ਹੀ ਜਲੰਧਰ ਦਿਹਾਤੀ ਪੁਲਸ ਨੇ ਫਿਰੋਜ਼ਪੁਰ ਦੇ ਪਿੰਡ ਟੇਂਡੀਆਂ ਦੇ ਰਹਿਣ ਰਹਿਣ ਵਾਲੇ ਨਸ਼ਾ ਤਸਕਰ ਮਲਕੀਤ ਕਾਲੀ ਨੂੰ ਗੋਰਾਇਆ ਨੇੜੇ ਬੋਪਾਰਾਏ ਨਹਿਰ ਦੇ ਪੁਲ ਤੋਂ ਮੋਢੇ ’ਚ ਪਾਏ ਥੱਲੇ ’ਚ ਲੁਕਾ ਰੱਖੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਮਲਕੀਤ ਕਾਲੀ ਨੇ ਖੁਲਾਸਾ ਕੀਤਾ ਕਿ ਉਹ ਹੈਦਰ ਅਲੀ ਵਜੋਂ ਜਾਣੇ ਜਾਂਦੇ ਪਾਕਿਸਤਾਨ ਸਥਿਤ ਨਸ਼ਾ ਤਸਕਰ ਦੇ ਲਗਾਤਾਰ ਸੰਪਰਕ ਵਿੱਚ ਸੀ, ਜਿਸ ਨੇ ਹਵਾਲਾ ਰਾਹੀਂ ਪੈਸੇ ਦਾ ਲੈਣ-ਦੇਣ ਕਰਨ ਬਦਲੇ ਭਾਰਤ ਵਿੱਚ ਹੈਰੋਇਨ ਦੀ ਖੇਪ ਦੀ ਤਸਕਰੀ ਕਰਨ ਵਿੱਚ ਉਸ ਦੀ ਮਦਦ ਕੀਤੀ ਸੀ।

ਮਲਕੀਤ ਕਾਲੀ ਨੇ ਇਹ ਵੀ ਕਬੂਲਿਆ ਕਿ ਉਸ ਨੇ ਜੋਗਾ ਸਿੰਘ ਨੂੰ ਦੋ ਹੋਰ ਵਿਅਕਤੀਆਂ ਨਾਲ ਦਰਿਆਈ ਰਸਤੇ ਰਾਹੀਂ 50 ਕਿਲੋ ਹੈਰੋਇਨ ਦੀ ਖੇਪ ਲਿਆਉਣ ਲਈ ਪਾਕਿਸਤਾਨ ਭੇਜਿਆ ਸੀ, ਜੋਕਿ ਉਸ ਦੀ ਪਾਰਟੀ ਅਤੇ ਜੋਗਾ ਸਿੰਘ ਦੀ ਪਾਰਟੀ ਵਿਚਕਾਰ ਬਰਾਬਰ ਵੰਡਿਆ ਜਾਣਾ ਸੀ। ੳਨ੍ਹਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ ਅਤੇ ਪੁਲਸ ਟੀਮਾਂ ਇਸ ਮਾਡਿਊਲ ਵਿੱਚ ਸ਼ਾਮਲ ਬਾਕੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਇਸ ਸਬੰਧੀ ਐੱਫ਼. ਆਈ. ਆਰ. ਨੰ. 123 ਮਿਤੀ 7 ਸਤੰਬਰ 2023 ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21ਸੀ ਤਹਿਤ ਥਾਣਾ ਗੋਰਾਇਆ ਵਿਖੇ ਦਰਜ ਕੀਤੀ ਗਈ ਹੈ।

ਚੰਗੇ ਘਰਾਣਿਆਂ ਦੇ ਇਸ ਕਾਰੋਬਾਰ ਵਿਚ ਲਗਾਉਂਦਾ ਸੀ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਬਹੁਤ ਹੀ ਸ਼ਰਾਰਤੀ ਵਿਅਕਤੀ ਹੈ। ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਇਸ ਲਈ ਉਹ ਚੰਗੇ ਪਰਿਵਾਰਾਂ ਦੇ ਨੌਜਵਾਨਾਂ ਨੂੰ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਕਰਦਾ ਸੀ। ਉਹ ਚੰਗੇ ਪਰਿਵਾਰਾਂ ਦੇ ਉਨ੍ਹਾਂ ਲੜਕਿਆਂ ਨੂੰ ਹੀ ਲੈ ਕੇ ਜਾਂਦਾ ਸੀ, ਜਿਨ੍ਹਾਂ ਖ਼ਿਲਾਫ਼ ਕੋਈ ਪੁਲਸ ਕੇਸ ਨਹੀਂ ਸੀ। ਪਹਿਲਾਂ ਉਹ ਉਨ੍ਹਾਂ ਨੂੰ ਨਸ਼ੇ ਦਾ ਝਾਂਸਾ ਦੇ ਕੇ ਵਰਗਲਾਉਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੰਮ ਵੀ ਸ਼ਾਮਲ ਕਰ ਲੈਂਦਾ ਸੀ। 

ਇਹ ਵੀ ਪੜ੍ਹੋ- ਐਡੀਸ਼ਨਲ ਸਰਕਲ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਇਕ ਹੋਰ ਗਾਜ, ਜਾਰੀ ਹੋਏ ਇਹ ਸਖ਼ਤ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News