ਜਲੰਧਰ ''ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਬਾਦਸ਼ਾਹ ਦੇ ਮਾਮਲੇ ''ਚ ਪੁਲਸ ਹੱਥ ਲੱਗੀ CCTV ਨੇ ਖੋਲ੍ਹੇ ਰਾਜ਼

Sunday, Nov 03, 2024 - 07:05 PM (IST)

ਜਲੰਧਰ ''ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਬਾਦਸ਼ਾਹ ਦੇ ਮਾਮਲੇ ''ਚ ਪੁਲਸ ਹੱਥ ਲੱਗੀ CCTV ਨੇ ਖੋਲ੍ਹੇ ਰਾਜ਼

ਜਲੰਧਰ- ਜਲੰਧਰ ਵਿਖੇ ਬੀਤੀ ਰਾਤ ਹੋਏ ਰਿਸ਼ਭ ਕੁਮਾਰ ਬਾਦਸ਼ਾਹ ਕਤਲ ਕਾਂਡ 'ਚ ਵੱਡੀ ਅਪਡੇਟ ਸਾਹਮਣੇ ਆਇਆ ਹੈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਨੇ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਮਨੂ ਅਤੇ ਉਸ ਦੇ ਹੋਰ ਸਾਥੀਆਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਮਨੂ ਕਪੂਰ ਢਿੱਲੂ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸ ਦਈਏ ਕਿ ਬੀਤੀ ਦੇਰ ਸ਼ਾਮ ਬਦਮਾਸ਼ਾਂ ਮਨੂ ਕਪੂਰ ਉਰਫ਼ ਮਨੂ ਕਪੂਰ ਢਿੱਲੂ, ਤੋਤਾ ਅਤੇ ਹੋਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲ਼ੀਆਂ ਚਲਾ ਦਿੱਤੀਆਂ ਸਨ। ਇਸ ਦੌਰਾਨ ਰਿਸ਼ਭ ਉਰਫ਼ ਬਾਦਸ਼ਾਹ ਵਾਸੀ ਅਲੀ ਮੁਹੱਲਾ ਦੀ ਮੌਤ ਹੋ ਗਈ ਸੀ। ਗੋਲ਼ੀਬਾਰੀ ਤੋਂ ਬਾਅਦ ਦੋਸ਼ੀ ਮਨੂ ਦੇ ਮੌਕੇ ਤੋਂ ਫਰਾਰ ਹੋਣ ਦੀ ਵੀਡੀਓ ਵੀ ਦੇਰ ਰਾਤ ਸਾਹਮਣੇ ਆਈ ਸੀ, ਜਿਸ 'ਚ ਉਹ ਹੱਥ 'ਚ ਹਥਿਆਰ ਲੈ ਕੇ ਭੱਜਦਾ ਨਜ਼ਰ ਆ ਰਿਹਾ ਸੀ।

PunjabKesari

ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਝਗੜੇ ਕਾਰਨ ਸ਼ਨੀਵਾਰ ਰਾਤ 8:15 ਵਜੇ ਖਿੰਗਰਾ ਗੇਟ ਇਲਾਕੇ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਰਿਸ਼ਭ ਬਾਦਸ਼ਾਹ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ ਈਸ਼ੂ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਥਾਣਾ ਡfਵੀਜ਼ਨ 3 ਜਲੰਧਰ ਵਿਖੇ ਮੁਕੱਦਮਾ ਨੰਬਰ 122 ਮਿਤੀ 03.11.2024 ਅਧੀਨ 103(1),109,190,191(3), 25/27-54-59 ਅਸਲਾ ਐਕਟ ਬੀ. ਐੱਨ. ਐੱਸ. ਦਰਜ ਕੀਤਾ ਗਿਆ ਸੀ ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੇ ਸਾਹਿਲ ਕਪੂਰ ਉਰਫ਼ ਮੰਨੂ ਕਪੂਰ ਢਿੱਲੂ ਪੁੱਤਰ ਰਾਕੇਸ਼ ਕਪੂਰ ਈ. ਡੀ.-74 ਖਿੰਗਰਾ ਗੇਟ  ਜਲੰਧਰ, ਸਾਜਨ ਸਹੋਤਾ ਵਾਸੀ ਕਿਸ਼ਨਪੁਰਾ ਜਲੰਧਰ, ਮਾਨਵ ਵਾਸੀ ਭਾਈ ਦਿੱਤ ਸਿੰਘ ਨਗਰ ਜਲੰਧਰ, ਨੰਨੂ ਕਪੂਰ ਪੁੱਤਰ ਰਾਕੇਸ਼ ਕਪੂਰ ਵਾਸੀ ਐੱਮ. ED-74 ਖਿੰਗਰਾ ਗੇਟ ਜਲੰਧਰ, ਡਾਕਟਰ ਕੋਹਲੀ ਵਾਸੀ ਖਿੰਗੜਾ ਗੇਟ ਜਲੰਧਰ, ਚਕਸ਼ਤ ਰੰਧਾਵਾ ਵਾਸੀ ਜਲੰਧਰ, ਗੱਗੀ ਵਾਸੀ ਜਲੰਧਰ, ਕਾਕਾ ਚਾਚਾ ਵਾਸੀ ਜਲੰਧਰ ਅਤੇ ਕੁਝ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਸਾਹਿਲ ਕਪੂਰ ਉਰਫ਼ ਮਨੂ ਕਪੂਰ ਢਿੱਲੂ ਨੂੰ ਇਕ ਦੇਸੀ ਪਿਸਤੌਲ ਅਤੇ ਦੋ ਖਾਲੀ ਖੋਲ੍ਹ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋਸ਼ੀ ਖ਼ਿਲਾਫ਼ ਪਹਿਲਾਂ ਹੀ ਪੰਜ ਅਪਰਾਧਿਕ ਮਾਮਲੇ ਵਿਚਾਰ ਅਧੀਨ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਨੂੰ ਫੜਨ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਪਰਾਧਕ ਰਿਕਾਰਡ ਵਾਲੇ ਹਨ ਗੋਲ਼ੀਆਂ ਚਲਾਉਣ ਵਾਲੇ 
ਸੂਤਰਾਂ ਦਾ ਕਹਿਣਾ ਹੈ ਕਿ ਖਿੰਗਰਾ ਗੇਟ ’ਚ ਗੋਲ਼ੀਆਂ ਚਲਾਉਣ ਵਾਲੇ ਅਪਰਾਧਿਕ-ਰਿਕਾਰਡ ਵਾਲੇ ਲੋਕ ਹਨ, ਜਿਨ੍ਹਾਂ ’ਤੇ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਦਾ ਪੂਰਾ ਹੱਥ ਹੈ। ਉਨ੍ਹਾਂ ਵਿਰੁੱਧ ਪਹਿਲਾਂ ਵੀ ਕਈ ਕੇਸ ਦਰਜ ਹਨ, ਜੋ ਅਕਸਰ ਆਪਣੇ ਇਲਾਕੇ ਖਿੰਗਰਾ ਗੇਟ ’ਚ ਲੜਾਈ-ਝਗੜਾ ਕਰਨ ਲਈ ਮਸ਼ਹੂਰ ਹਨ, ਜਿਨ੍ਹਾਂ ਨੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ, ਜਿਨ੍ਹਾਂ ’ਚੋਂ ਕਈਆਂ ਨੇ ਮੁਕੱਦਮੇ ਦਰਜ ਕਰਵਾਏ ਅਤੇ ਜੇਲ੍ਹ ਵੀ ਭੇਜ ਦਿੱਤਾ ਪਰ ਉੱਚੀ ਪਹੁੰਚ ਕਾਰਨ ਅਤੇ ਅਪਰਾਧਿਕ ਰਿਕਾਰਡ ਕਾਰਨ ਕਈਆਂ ਨੇ ਰਾਜ਼ੀਨਾਮਾ ਕਰ ਲਿਆ, ਜਿਸ ਦੇ ਬਾਵਜੂਦ ਅੱਜ ਤੱਕ ਪੁਲਸ ਇਨ੍ਹਾਂ ਦੀ ਗੁੰਡਾਗਰਦੀ ਨੂੰ ਖ਼ਤਮ ਨਹੀਂ ਕਰ ਸਕੀ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ

PunjabKesari

ਪੁਲਸ ਨੇ ਕੱਢਵਾਈ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ
ਮੌਕੇ ’ਤੇ ਥਾਣਾ 3 ਦੀ ਪੁਲਸ, ਸੀ. ਆਈ. ਏ. ਸਟਾਫ਼ ਅਤੇ ਕ੍ਰਾਈਮ ਬ੍ਰਾਂਚ ਦੀਆਂ ਪੁਲਸ ਟੀਮਾਂ ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰ ਰਹੀਆਂ ਹਨ। ਸੀ. ਸੀ. ਟੀ. ਵੀ. ਦੇ ਆਧਾਰ ’ਤੇ ਗੋਲ਼ੀ ਚਲਾਉਣ ਵਾਲੇ ਅਤੇ ਲੜਨ ਵਾਲਿਆਂ ਦੀ ਪਛਾਣ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਮੌਕੇ ਤੋਂ ਖੋਲ੍ਹ ਵੀ ਮਿਲੇ ਸਨ ਪਰ ਪੁਲਸ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਦੇਰ ਨਾਲ ਮੌਕੇ ’ਤੇ ਪਹੁੰਚੀ, ਜਿਸ ਕਾਰਨ ਗੋਲ਼ੀ ਚਲਾਉਣ ਵਾਲਿਆਂ ਨੇ ਕਈ ਦੁਕਾਨਦਾਰਾਂ ਤੋਂ ਸੀ. ਸੀ. ਟੀ. ਵੀ. ਫੁਟੇਜ ਵੀ ਡਿਲੀਟ ਕਰ ਦਿੱਤੀ ਤਾਂ ਜੋ ਪੁਲਸ ਨੂੰ ਕੋਈ ਸਬੂਤ ਨਾ ਮਿਲ ਸਕੇ।

ਪੁਲਸ ਹੱਥ ਲੱਗੀ ਵੀਡੀਓ
ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਘਟਨਾ ਦੀ ਵੀਡੀਓ ਮਿਲੀ ਹੈ, ਜਿਸ ’ਚ ਹਮਲਾਵਰ ਕੈਦ ਹੋ ਗਏ ਹਨ। ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਇਨ੍ਹਾਂ ਸਾਰਿਆਂ ਦੀ ਪਛਾਣ ਕਰਨ ਕਰਨ ਤੋਂ ਬਾਅਦ ਛਾਪੇਮਾਰੀ ਕੀਤੀ ਗਈ। ਪੁਲਸ ਮੁਤਾਬਕ ਹਮਲਾਵਰ ਵੀਡੀਓ ’ਚ ਸਾਫ਼ ਨਜ਼ਰ ਆ ਰਹੇ ਹਨ, ਜਿਸ ’ਚ ਮਨੂ ਕਪੂਰ ਉਰਫ਼ ਢਿਲੂ, ਜੋ ਗੋਲ਼ੀ ਚਲਾਉਂਦਾ ਨਜ਼ਰ ਆ ਰਿਹਾ ਹੈ, ਉਸ ਦੇ ਹੱਥ ’ਚ ਰਿਵਾਲਵਰ ਹੈ। ਇਥੇ ਦੱਸ ਦੇਈਏ ਕਿ ਦੇਰ ਰਾਤ ਤੱਕ ਪੀੜਤ ਪਰਿਵਾਰ ਅਤੇ ਸਮਰਥਕਾਂ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਅਤੇ ਟਾਇਰ ਸਾੜੇ, ਜਿਸ ਕਾਰਨ ਪੂਰਾ ਇਲਾਕਾ ਜਾਮ ਹੋ ਗਿਆ। ਮਾਹੌਲ ਭੜਕਦਾ ਵੇਖ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਸੀਨੀਅਰ ਪੁਲਸ ਅਧਿਕਾਰੀ ਰਾਮਾ ਮੰਡੀ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਭਰੋਸਾ ਦਿੱਤਾ ਸੀ ਕਿ ਪੁਲਸ ਜਲਦ ਹੀ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰੇਗੀ।

ਇਹ ਵੀ ਪੜ੍ਹੋ- ਉਪਾਅ ਕਰਨ ਘਰ ਆਇਆ ਬਾਬਾ, ਕਰ ਗਿਆ ਵੱਡਾ ਕਾਰਾ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁਝ

ਉੱਥੇ ਹੀ ਪੀੜਤ ਧਿਰ ਦੇ ਐੱਸ. ਕੇ. ਕਲਿਆਣ ਨੇ ਪੁਲਸ ਕਮਿਸ਼ਨਰ ਅੱਗੇ ਬਿਆਨ ਦਿੱਤਾ ਕਿ ਉਹ ਖ਼ੁਦ ਘਟਨਾ ਸਮੇਂ ਮੌਕੇ ’ਤੇ ਮੌਜੂਦ ਸੀ, ਜਿਨ੍ਹਾਂ ਨੇ ਦੋਸ਼ ਲਾਇਆ ਕਿ ਮਨੂ ਕਪੂਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲ਼ੀਆਂ ਚਲਾਈਆਂ ਸਨ। ਮੌਕੇ ’ਤੇ ਮੌਜੂਦ ਪੁਲਸ ਕਮਿਸ਼ਨਰ ਨੇ ਪੁਲਸ ਟੀਮਾਂ ਨੂੰ ਕਾਰਵਾਈ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।

ਸੋਸ਼ਲ ਮੀਡੀਆ 'ਤੇ ਫੋਟੋ ਨੂੰ ਲੈ ਕੇ ਹੋਇਆ ਸੀ ਵਿਵਾਦ
ਦੱਸਣਯੋਗ ਹੈ ਕਿ ਦੀਵਾਲੀ ਤੋਂ ਅਗਲੇ ਹੀ ਦਿਨ ਪਟਾਕਿਆਂ ਨੂੰ ਲੈ ਕੇ ਜਲੰਧਰ ਦੇ ਅੰਦਰੂਨੀ ਬਾਜ਼ਾਰ ਖਿੰਗਰਾ ਗੇਟ ’ਚ ਪੁਰਾਣੀ ਰੰਜਿਸ਼ ਦੇ ਤਹਿਤ ਗੋਲ਼ੀਆਂ ਚਲਾ ਦਿੱਤੀਆਂ ਗਈਆਂ ਸਨ। ਜਿੱਥੇ ਖਿੰਗਰਾ ਗੇਟ ਦੇ ਰਹਿਣ ਵਾਲੇ ਇਕ ਕਾਂਗਰਸੀ ਆਗੂ ਦੇ ਚਹੇਤਿਆਂ ਨੇ 2 ਐਕਟਿਵਾ ਸਵਾਰ ਨੌਜਵਾਨਾਂ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ, ਜਿਸ ’ਚ ਇਕ ਨੌਜਵਾਨ ਰਿਸ਼ਭ ਕੁਮਾਰ ਬਾਦਸ਼ਾਹ ਦੀ ਹਸਪਤਾਲ ’ਚ ਮੌਤ ਹੋ ਗਈ ਸੀ ਜਦਕਿ ਦੂਜੇ ਨੌਜਵਾਨ ਈਸ਼ੂ ਦਾ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੀਵਾਲੀ ਦੇ ਅਗਲੇ ਦਿਨ ਪਟਾਕਿਆਂ ਦੀ ਆੜ ’ਚ ਚਲਾਈਆਂ ਗੋਲ਼ੀਆਂ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦੇ ਹੱਥ ਗੋਲ਼ੀਆਂ ਦੇ ਕੁਝ ਖੋਲ੍ਹ ਲੱਗੇ ਹਨ। ਇਸ ਦੇ ਨਾਲ ਹੀ ਪੀੜਤ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਇਸ ਘਟਨਾ ਦੇ ਮੁਲਜ਼ਮ ਮਨੂ ਕਪੂਰ ਗੈਂਗ ਦੇ ਹੋਰ ਸਾਥੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਮਾਹੌਲ ਗਰਮ ਹੁੰਦਾ ਵੇਖ ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਮੌਕੇ ’ਤੇ ਹੀ ਡਟੇ ਰਹੇ। ਦੇਰ ਰਾਤ ਪੁਲਸ ਨੇ ਮਨੂੰ ਕਪੂਰ ਸਮੇਤ 3 ’ਤੇ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਦੇ ਸਮਰਥਕਾਂ ਤੇ ਐੱਸ. ਕੇ. ਕਲਿਆਣ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਮਨੂ ਕਪੂਰ, ਸਾਜਤ ਸਹੋਤਾ ਅਤੇ ਉਸ ਦੀ ਗੈਂਗ ਦੇ 12 ਮੈਂਬਰਾਂ ਨੇ ਮਿਲ ਕੇ ਰਿਸ਼ਭ ਕੁਮਾਰ ਬਾਦਸ਼ਾਹ ਨੂੰ ਇਕੱਲੇ ਘੇਰ ਕੇ ਕੁੱਟਮਾਰ ਕੀਤੀ ਸੀ ਅਤੇ ਅਗਲੇ ਦਿਨ ਰਾਜ਼ੀਨਾਮਾ ਕਰਨ ਲਈ ਮਨੂ ਕਪੂਰ ਪਿਓ-ਪੁੱਤ ਨੇ ਬੁਲਾਇਆ ਸੀ। ਰਿਸ਼ਭ ਕੁਮਾਰ ਅਤੇ ਈਸ਼ੂ ਦੋਵੇਂ ਖਿੰਗਰਾ ਗੇਟ ਕੋਲ ਪੁੱਜੇ ਸਨ ਕਿ ਮਨੂ ਕਪੂਰ ਅਤੇ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ। ਦੋਵੇਂ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜ ਰਹੇ ਸਨ ਕਿ ਮਨੂ ਕਪੂਰ ਤੇ ਉਸ ਦੇ ਹੋਰ ਸਾਥੀਆਂ, ਜਿਨ੍ਹਾਂ ਦੇ ਹੱਥਾਂ ’ਚ 3 ਵੱਖ-ਵੱਖ ਰਿਵਾਲਵਰ ਸਨ, ਉਨ੍ਹਾਂ ’ਚੋਂ ਮਨੂ ਕਪੂਰ ਨੇ ਦੋਵਾਂ ’ਤੇ ਅੰਨੇਵਾਹ ਫਾਈਰਿੰਗ ਕਰ ਦਿੱਤੀ। ਕਰੀਬ 9 ਰਾਊਂਡ ਚੱਲੇ, ਜਿਨ੍ਹਾਂ ’ਚੋਂ 2 ਗੋਲ਼ੀਆਂ ਬਾਦਸ਼ਾਹ ਦੇ ਪੇਟ ’ਚ ਲੱਗੀਆਂ ਅਤੇ ਇਕ ਗੋਲੀ ਈਸ਼ੂ ਦੇ ਹੱਥ ’ਚ ਲੱਗੀ, ਜਿਸ ’ਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ।

ਬਾਦਸ਼ਾਹ ਦੀ ਹਾਲਤ ਗੰਭੀਰ ਵੇਖ ਸੱਤਿਅਮ ਹਸਪਤਾਲ ਨੇ ਉਸ ਨੂੰ ਜੌਹਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਵਾਰਦਾਤ ਦੇ 2 ਘੰਟਿਆਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਉਦੋਂ ਤੱਕ ਗੋਲ਼ੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਜਿਸ ਕਾਰਨ ਇਲਾਕੇ ਦੀ ਪੁਲਸ ’ਤੇ ਵੀ ਕਈ ਦੋਸ਼ ਲਗਾਏ ਗਏ। ਦੂਜੇ ਪਾਸੇ ਪੁਲਸ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਸੀ।

ਇਹ ਵੀ ਪੜ੍ਹੋ- ਕਪੂਰਥਲਾ: MBBS ਦੀ ਵਿਦਿਆਰਥਣ ਨੂੰ ਕਮਰੇ 'ਚ ਇਸ ਹਾਲ 'ਚ ਵੇਖ ਹੈਰਾਨ ਰਹਿ ਗਿਆ ਪਰਿਵਾਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News