ਰੇਡ ਤੋਂ ਬਾਅਦ ਵਰਤੀ ਹੁਸ਼ਿਆਰੀ, ਲੁਧਿਆਣਾ ’ਚ ਨਾਂ ਬਦਲ ਕੇ ਮੁੜ ਸਪਾ ਸੈਂਟਰ ਚਲਾਉਣ ਲੱਗੇ ਕੁਝ ਮਾਲਕ
Tuesday, Aug 20, 2024 - 03:34 AM (IST)
ਜਲੰਧਰ/ਲੁਧਿਆਣਾ (ਵਿਸ਼ੇਸ਼) : ਪਿਛਲੇ ਦਿਨੀਂ ਮਹਾਨਗਰ ਲੁਧਿਆਣਾ ’ਚ ਸਪਾ ਸੈਂਟਰਾਂ ’ਚ ਚੱਲ ਰਹੇ ਗੰਦੇ ਕਾਰੋਬਾਰ ਦਾ ਵੱਡੇ ਪੱਧਰ ’ਤੇ ਪਰਦਾਫਾਸ਼ ਹੋਇਆ ਸੀ। ਇਕ ਵਿਸ਼ੇਸ਼ ਮੁਹਿੰਮ ਤਹਿਤ ਪੁਲਸ ਨੇ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਰੇਡ ਕਰਕੇ ਕਈ ਸਪਾ ਸੈਂਟਰਾਂ ਵਿਚੋਂ ਇਤਰਾਜ਼ਯੋਗ ਸਮੱਗਰੀ ਸਮੇਤ ਲੜਕੇ-ਲੜਕੀਆਂ ਨੂੰ ਹਿਰਾਸਤ ਵਿਚ ਲਿਆ ਸੀ।
ਇਸ ਮਾਮਲੇ ਤੋਂ ਤਕਰੀਬਨ ਇਕ ਹਫ਼ਤੇ ਬਾਅਦ ਹੀ ਕਈ ਸਪਾ ਸੈਂਟਰ ਮਾਲਕਾਂ ਨੇ ਮੁੜ ਉਹੀ ਗੰਦਾ ਧੰਦਾ ਸ਼ੁਰੂ ਕਰ ਦਿੱਤਾ ਹੈ, ਜਿਸ ਰਾਹੀਂ ਇਨ੍ਹਾਂ ਸਪਾ ਸੈਂਟਰ ਮਾਲਕਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸਿੱਧੀ ਚੁਣੌਤੀ ਦਿੱਤੀ ਜਾ ਰਹੀ ਹੈ।
ਇਸ ਲਈ ਬਦਲਿਆ ਜਾ ਰਿਹੈ ਸਪਾ ਸੈਂਟਰਾਂ ਦਾ ਨਾਂ
ਪਤਾ ਲੱਗਾ ਹੈ ਕਿ ਜਿਨ੍ਹਾਂ ਸਪਾ ਸੈਂਟਰਾਂ ’ਤੇ ਰੇਡ ਕੀਤੀ ਗਈ, ਉਹ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ’ਚ ਸਨ। ਉਨ੍ਹਾਂ ’ਚੋਂ ਕੁਝ ਨੇ ਹੁਣ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਸਪਾ ਸੈਂਟਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਛਾਪਾ ਮਾਰਿਆ ਸੀ, ਉਸ ਦਾ ਨਾਂ ਹੀ ਬਦਲ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਸ ਸਪਾ ਸੈਂਟਰ ਨੂੰ ‘ਸੋਨੇ ਦੇ ਹੱਥ’ ਕਹਿ ਕੇ ਚਲਾਇਆ ਜਾ ਰਿਹਾ ਸੀ ਪਰ ਹੁਣ ਇਸ ਦੇ ਮਾਲਕ ਨੇ ਪੁਲਸ ਪ੍ਰਸ਼ਾਸਨ ਨੂੰ ਮੂਰਖ ਬਣਾਉਂਦਿਆਂ ਇਸ ਦਾ ਨਾਂ ਬਦਲ ਕੇ ਮੁੜ ਉਹੀ ਗੰਦਾ ਧੰਦਾ ਸ਼ੁਰੂ ਕਰ ਦਿੱਤਾ ਹੈ।
ਸੂਤਰ ਇਹ ਵੀ ਦੱਸ ਰਹੇ ਹਨ ਕਿ ਗਾਹਕਾਂ ਨੂੰ ਫੋਨ ਕਰ ਕੇ ਨਵੇਂ ਨਾਂ ਨਾਲ ਸਪਾ ਚਲਾਉਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਕੋਈ ਭਿਣਕ ਨਾ ਲੱਗੇ। ਜ਼ਿਕਰਯੋਗ ਹੈ ਕਿ ਇਸ ਸਪਾ ਸੈਂਟਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਸੈਂਟਰ ਦੇ ਅੰਦਰ ਕੈਬਿਨ ’ਚ ਚੱਲ ਰਹੇ ਗੰਦੇ ਕਾਰੋਬਾਰ ਦਾ ਖੁਲਾਸਾ ਹੋ ਰਿਹਾ ਹੈ। ਹਾਲਾਂਕਿ ਇਹ ਵੀਡੀਓ ਵੀ ਪੁਲਸ ਪ੍ਰਸ਼ਾਸਨ ਤਕ ਪਹੁੰਚ ਗਈ ਹੈ ਅਤੇ ਜਾਂਚ ਤੋਂ ਬਾਅਦ ਸਪਾ ਸੈਂਟਰ ਦਾ ਮਾਲਕ ਕਾਨੂੰਨੀ ਮੁਸੀਬਤ ’ਚ ਫਸ ਸਕਦਾ ਹੈ।
ਕਈ ਹੋਰ ਸੈਂਟਰ ਵੀ ਪੁਲਸ ਦੇ ਰਾਡਾਰ ’ਤੇ
ਇਹ ਵੀ ਪਤਾ ਲੱਗਾ ਹੈ ਕਿ ਇਸ ਸਪਾ ਸੈਂਟਰ ਤੋਂ ਇਲਾਵਾ ਕੁਝ ਹੋਰ ਸਪਾ ਸੈਂਟਰ ਵੀ ਹਨ, ਜਿੱਥੇ ਇਹ ਗੰਦਾ ਧੰਦਾ ਮੁੜ ਸ਼ੁਰੂ ਹੋ ਗਿਆ ਹੈ। ਇਹ ਸੈਂਟਰ ਵੀ ਪ੍ਰਸ਼ਾਸਨ ਦੇ ਰਾਡਾਰ ’ਤੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ।
ਉਂਝ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਸਪਾ ਸੈਂਟਰਾਂ ਦੀ ਸਰਪ੍ਰਸਤੀ ਲਈ ਖੁਦ ਨੂੰ ਛੋਟੇ-ਮੋਟੇ ਆਗੂ ਕਹਾਉਣ ਵਾਲੇ ਲੋਕ ਯਤਨਸ਼ੀਲ ਹਨ ਪਰ ਪੁਲਸ ਪ੍ਰਸ਼ਾਸਨ ਦੀ ਸਖ਼ਤੀ ਅੱਗੇ ਕੋਈ ਵੀ ਟਿਕ ਨਹੀਂ ਰਿਹਾ। ਜੇਕਰ ਹਾਲਾਤ ਇਸੇ ਤਰ੍ਹਾਂ ਹੀ ਰਹੇ ਤਾਂ ਆਉਣ ਵਾਲੇ ਦਿਨਾਂ ’ਚ ਲੁਧਿਆਣਾ ਪੁਲਸ ਪ੍ਰਸ਼ਾਸਨ ਵੱਲੋਂ ਮੁੜ ਵੱਡੇ ਪੱਧਰ ’ਤੇ ਛਾਪੇਮਾਰੀ ਮੁਹਿੰਮ ਚਲਾਈ ਜਾ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8