ਅੰਮ੍ਰਿਤਸਰ ਦੀ ਜੇਲ੍ਹ 'ਚ ਦਾਖ਼ਲ ਹੋਇਆ ਡਰੋਨ, ਅੱਧੀ ਰਾਤ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

Monday, Jun 12, 2023 - 01:10 PM (IST)

ਅੰਮ੍ਰਿਤਸਰ: ਅੰਮ੍ਰਿਤਸਰ ਦੀ ਫਤਿਹਪੁਰ ਜੇਲ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਐਤਵਾਰ ਅੱਧੀ ਰਾਤ ਨੂੰ ਫਤਿਹਪੁਰ ਜੇਲ੍ਹ 'ਚ ਇਕ ਡਰੋਨ ਦਾਖ਼ਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਡਰੋਨ ਦਾ ਜੇਲ੍ਹ 'ਚ ਡਿੱਗਦੇ ਹੀ ਸਾਇਰਨ ਅਤੇ ਹੂਟਰ ਵੱਜਣ ਲੱਗੇ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਨੇ ਪੁਲਸ ਕੰਟਰੋਲ ਰੂਮ ਨੂੰ ਹਮਲੇ ਦੀ ਸੂਚਨਾ ਦਿੱਤੀ। ਇਸ ਦੌਰਾਨ ਬੀ.ਐੱਸ.ਐੱਫ. ਅਤੇ ਸੀ.ਆਰ.ਪੀ.ਐੱਫ ਨੇ ਜੇਲ੍ਹ 'ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲਸ ਤੰਤਰ ਵੀ ਸਰਗਰਮ ਹੋ ਗਿਆ ਅਤੇ ਕਈ ਪੁਲਸ ਅਧਿਕਾਰੀ ਜੇਲ੍ਹ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ- 14 ਸਾਲਾ ਅਨਮੋਲਪ੍ਰੀਤ ਨੂੰ ਅਣਪਛਾਤੀ ਗੱਡੀ ਨੇ ਦਰੜਿਆ, ਮੌਕੇ 'ਤੇ ਹੋਈ ਦਰਦਨਾਕ ਮੌਤ

ਇਸ ਵੱਡੇ ਹਮਲੇ ਦੀ ਸੰਭਾਵਨਾ ਦੀ ਖ਼ਬਰ ਮਿਲਦਿਆਂ ਹੀ ਪੂਰੇ ਪੰਜਾਬ 'ਚ ਪੁਲਸ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਅੰਮ੍ਰਿਤਸਰ ਜੇਲ੍ਹ 'ਚ ਗੈਂਗਸਟਰ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਪੁਲਸ ਅਧਿਕਾਰੀ ਕਰੀਬ 10 ਮਿੰਟ 'ਚ ਜੇਲ੍ਹ 'ਚ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 2.30 ਵਜੇ ਜੇਲ੍ਹ ਦੇ ਅਹਾਤੇ 'ਚੋਂ ਇਕ ਖਿਡੌਣਾ ਡਰੋਨ ਬਰਾਮਦ ਹੋਇਆ। ਪੁਲਸ ਅਧਿਕਾਰੀਆਂ ਨੇ ਡਰੋਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਜਿਸ ਤੋਂ ਬਾਅਦ ਜਾਂਚ ਕਰਨ 'ਤੇ ਪਤਾ ਲੱਗਾ ਕਿ ਜੇਲ੍ਹ ਦੇ ਨੇੜੇ ਰਹਿਣ ਵਾਲੀ ਕਲੋਨੀ ਦੇ ਬੱਚਿਆਂ ਨੇ ਡਰੋਨ ਉਡਾਇਆ ਸੀ। ਡਰੋਨ ਆਪਣੇ ਰਿਮੋਟ ਨਾਲ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਜੇਲ੍ਹ 'ਚ ਆ ਗਿਆ।

ਇਹ ਵੀ ਪੜ੍ਹੋ- ਮੀਂਹ ਕਾਰਨ ਤਾਪਮਾਨ ’ਚ ਗਿਰਾਵਟ, ਗਰਮੀ ਘਟੀ, ਸੂਬੇ ’ਚ ਪੰਜ ਦਿਨਾਂ ਲਈ ਯੈਲੋ ਅਲਰਟ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨੇੜੇ ਹੀ ਰਹਿਣ ਵਾਲੇ ਅਨਿਲ ਨਾਂ ਦੇ ਵਿਅਕਤੀ ਦੀ ਧੀ ਨੇ ਰਾਤ ਨੂੰ ਖੇਡਣ ਲਈ ਡਰੋਨ ਉਡਾਇਆ ਸੀ, ਜੋ ਜੇਲ੍ਹ ਕੰਪਲੈਕਸ 'ਚ ਦਾਖ਼ਲ ਹੋ ਗਿਆ। ਪੁਲਸ ਅਨਿਲ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਅਨਿਲ ਦਾ ਕਿਸੇ ਅੱਤਵਾਦੀ ਸੰਗਠਨ ਜਾਂ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਤਾਂ ਨਹੀਂ ਹੈ। ਫਿਲਹਾਲ ਇਸ ਘਟਨਾ 'ਤੇ ਜੇਲ੍ਹ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ ਅਤੇ ਅਨਿਲ ਖ਼ਿਲਾਫ਼ ਏਅਰਕ੍ਰਾਫ਼ਟ ਐਕਟ ਤਹਿਤ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈੱਸ ਵੇਅ ’ਤੇ ਖ਼ਤਰੇ ਦੇ ਮੰਡਰਾਉਣ ਲੱਗੇ ਬੱਦਲ, ਜਥੇਬੰਦੀਆਂ ਦੀ ਅੜੀ ਕਾਰਨ ਹੋ ਸਕਦੈ ਕੈਂਸਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News