ਬਾਗੀ ਧੜੇ ਨੇ ਫਿਰ ਬੀੜੀਆਂ ਬਾਦਲ ਪਰਿਵਾਰ ਵੱਲ ਤੋਪਾਂ, ਕਿਹਾ ਸੁਖਬੀਰ ਨੇ ਖੇਰੂੰ-ਖੇਰੂੰ ਕੀਤਾ ਅਕਾਲੀ ਦਲ

06/27/2024 6:39:15 PM

ਚੰਡੀਗੜ੍ਹ : ਅਕਾਲੀ ਦਲ ਵਿਚ ਪੈਦਾ ਹੋਇਆ ਅੰਦਰੂਨੀ ਕਲੇਸ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਅਕਾਲੀ ਦਲ ਦੇ ਬਾਗੀ ਧੜੇ ਨੇ ਅੱਜ ਫਿਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਸੁਖਬੀਰ ਨੇ ਪਾਰਟੀ ਨੂੰ ਖੇਰੂੰ-ਖੇਰੂੰ ਕਰਕੇ ਧੜਿਆਂ ਵਿਚ ਵੰਡ ਦਿੱਤਾ ਹੈ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਵਿਚ ਸਿਰਫ ਇਕ ਵਿਅਕਤੀ ਦੀ ਰਾਖੀ ਲਈ ਪਾਰਟੀ ਵਿਚੋਂ ਸਿਲੈਕਟਿਡ ਵਿਅਕਤੀਆਂ ਨੂੰ ਇਕੱਠਿਆਂ ਕੀਤਾ ਗਿਆ ਅਤੇ ਇਕ ਧੜਾ ਖੜ੍ਹਾ ਕਰ ਲਿਆ ਗਿਆ। ਇਸ ਤੋਂ ਬਾਅਦ ਬਿਨਾਂ ਕਿਸੇ ਗੱਲ ਤੋਂ ਖੁਦ ਪਾਰਟੀ ਦੀ ਐਲਾਨੀ ਗਈ ਉਮੀਦਵਾਰ ਸੁਰਜੀਤ ਕੌਰ ਤੋਂ ਸਮਰਥਨ ਵਾਪਸ ਲੈ ਲਿਆ ਗਿਆ। ਸੁਖਬੀਰ ਬਾਦਲ ਉਨ੍ਹਾਂ ਨੂੰ ਭਾਜਪਾ ਦਾ ਏਜੰਟ ਦੱਸ ਰਹੇ ਹਨ ਪਰ ਇਨ੍ਹਾਂ ਨੇ ਖੁਦ ਭਾਜਪਾ ਦੀ ਸਰਕਾਰ ਵਿਚ ਵਜ਼ੀਰੀ ਦਾ ਅਨੰਦ ਮਾਣਿਆ ਇਥੋਂ ਤਕ ਭਾਜਪਾ ਦੇ ਹੱਕ ਵਿਚ ਪ੍ਰਕਾਸ਼ ਸਿੰਘ ਬਾਦਲ ਤੋਂ ਬਿਆਨ ਤਕ ਦਿਵਾਏ। ਕੀ ਉਸ ਸਮੇਂ ਇਹ ਏਜੰਟ ਨਹੀਂ ਸਨ। ਚੰਦੂਮਾਜਰਾ ਨੇ ਕਿਹਾ ਕਿ ਅਸੀਂ ਮੀਟਿੰਗ ਵਿਚ ਫੈਸਲਾ ਕੀਤਾ ਹੈ ਕਿ ਜਿਹੜਾ ਵੀ ਅਕਾਲੀ ਦਲ ਦਾ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਫਿਰ ਸੁਖਬੀਰ ਬਾਦਲ ਨੂੰ ਅਪੀਲ ਕਰਦੇ ਹਨ ਕਿ ਸੰਗਤ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪ੍ਰਧਾਨਗੀ ਦੇ ਅਹੁਦੇ ਤੋਂ ਵੱਖ ਹੋ ਜਾਣ। ਇਸ ਅਹੁਦੇ ਲਈ ਕਿਸੇ ਧਾਰਮਿਕ ਸ਼ਖਸੀਅਤ ਨੂੰ ਅੱਗੇ ਲਿਆਂਦਾ ਜਾਵੇ। 

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵਿਚੋਂ ਮੰਤਰੀ ਨੇ ਦਿੱਤਾ ਅਸਤੀਫ਼ਾ, ਹੋਇਆ ਮਨਜ਼ੂਰ

ਚੰਦੂਮਾਜਰਾ ਨੇ ਕਿਹਾ ਕਿ ਜਲੰਧਰ ਵਿਚ 25 ਤਾਰੀਖ਼ ਨੂੰ ਉਹ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਨੇ ਅਕਾਲੀ ਦਲ ਨੂੰ ਆਪਣੇ ਖੂਨ ਪਸੀਨੇ ਨਾਲ ਖੜ੍ਹਾ ਕੀਤਾ ਸੀ। ਇਹ ਉਹ ਸੁਹਿਰਦ ਲੋਕ ਸਨ ਜੋ ਪਾਰਟੀ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਹਨ ਅਤੇ ਅਰਸ਼ ਤੋਂ ਫਰਸ਼ 'ਤੇ ਆਈ ਸਥਿਤੀ ਲਈ ਚਿੰਤਾਜਨਕ ਸਨ। ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ ਦਾ ਪਰਿਵਾਰ, ਜਥੇਦਾਰ ਤਲਵੰਡੀ ਦਾ ਪਰਿਵਾਰ, ਜਥੇਦਾਰ ਤੂੜ ਦਾ ਪਰਿਵਾਰ, ਵਡਾਲਾ ਪਰਿਵਾਰ, ਢੀਂਡਸਾ ਪਰਿਵਾਰ, ਸੰਤ ਕਰਤਾਰ ਸਿੰਘ ਹੁਰਾਂ ਦਾ ਪਰਿਵਾਰ, ਸਾਬਕਾ ਪ੍ਰਧਾਨ SGPC, ਕੋਰੀ ਕਮੇਟੀ ਦੇ ਬਹੁਤ ਸਾਰੇ ਮੈਂਬਰ ਸਹਿਬਾਨ, ਕਈ ਐੱਸਜੀਪੀਸੀ ਦੇ ਮੌਜੂਦਾ ਅਤੇ ਡੇਢ ਦਰਜਨ ਸਾਬਕਾ ਮੈਂਬਰ ਸਨ। ਸੁਖਬੀਰ ਨੇ ਇਨ੍ਹਾਂ ਆਗੂਆਂ ਨੂੰ ਭਾਜਪਾ ਅਤੇ ਕਾਂਗਰਸ ਦੇ ਏਜੰਟ ਕਰਾਰ ਦੇ ਦਿੱਤਾ। ਜਦਕਿ ਇਨ੍ਹਾਂ ਪਰਿਵਾਰਾਂ ਨਾਲ ਹੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਜੁੜਿਆ ਹੋਇਆ ਹੈ। ਇਹ ਉਹ ਲੋਕ ਹਨ ਜਿਹੜੇ ਮੁੜ ਅਕਾਲੀ ਦਲ ਨੂੰ ਪੰਥਕ ਰੋਹ ਰੀਤਾਂ 'ਤੇ ਲੈ ਕੇ ਜਾਣਾ ਚਾਹੁੰਦੇ ਸਨ, ਉਹ ਪਰਿਵਾਰ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਜੇਲ੍ਹਾਂ ਕੱਟੀਆਂ ਅਤੇ ਤਸ਼ੱਦਦ ਸਹੇ, ਅਕਾਲੀ ਦਲ ਨੂੰ ਪੂਰੀ ਦੁਨੀਆ ਵਿਚ ਮਾਣ ਸਨਮਾਨ ਦਿਵਾਇਆ। 

ਇਹ ਵੀ ਪੜ੍ਹੋ : ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ, ਅਕਾਲੀ ਦਲ ਦੇ ਨਵੇਂ ਪ੍ਰਧਾਨ ਲਈ ਦੱਸੇ ਕਿਹੜੇ ਨਾਂ ਚਰਚਾ 'ਚ

ਇਕ ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗਾਂਗੇ ਮੁਆਫੀ

ਇਸ ਦੌਰਾਨ ਬੀਬੀ ਜਗੀਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗਣ ਦਾ ਆਪਣਾ ਇਕ ਵਿਧੀ ਵਿਧਾਨ ਹੈ, ਜਿਸ ਨੂੰ ਅਕਾਲੀ ਦਲ ਨੇ ਕਦੇ ਮੰਨਿਆ ਹੀ ਨਹੀਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਣ ਦੀ ਇਕ ਪ੍ਰਕਿਰਿਆ ਹੁੰਦੀ ਹੈ, ਜਿਸ ਵਿਚ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਦੇਣੀ ਪੈਂਦੀ ਹੈ ਅਤੇ ਗਲਤੀਆਂ ਬਾਰੇ ਦੱਸਣਾ ਪੈਂਦਾ ਹੈ। ਫਿਰ ਪੰਜ ਸਿੰਘ ਸਾਹਿਬਾਨ ਇਸ 'ਤੇ ਵਿਚਾਰਾਂ ਕਰਦੇ ਹਨ ਅਤੇ ਸਪੱਸ਼ਟੀਕਰਨ ਲੈਂਦੇ ਹਨ। ਫਿਰ ਗਲਤੀਆਂ ਬਾਰੇ ਵਿਚਾਰ ਕੀਤਾ ਜਾਂਦਾ ਹੈ। ਫਿਰ ਮੁਆਫੀ ਮੰਗਣ ਵਾਲੇ ਨੂੰ ਤਖ਼ਤ ਦੇ ਜਥੇਦਾਰ ਤਖਤ 'ਤੇ ਖੜ੍ਹੇ ਹੋ ਕੇ ਗਲਤੀਆਂ ਬਾਰੇ ਪੁੱਛਦੇ ਹਨ ਅਤੇ ਸਾਰੀ ਗੱਲ ਸਪੱਸ਼ਟ ਕਰਕੇ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ।  ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੇ ਵਿਧੀ ਵਿਧਾਨ ਤਰੀਕੇ ਨਾਲ ਇਕ ਪੱਤਰ ਲਿਖਾਂਗੇ ਜਿਸ ਵਿਚ ਅਕਾਲੀ ਦਲ ਵਲੋਂ ਹੋਈਆਂ ਗ਼ਲਤੀਆਂ ਦਾ ਜ਼ਿਕਰ ਕਰਾਂਗੇ ਫਿਰ ਉਥੇ ਮੁਆਫੀ ਮੰਗਾਂਗੇ ਅਤੇ ਇਸ ਮੁਆਫੀ ਵਿਚ ਉਹੀ ਵਿਅਕਤੀ ਜਾਣਗੇ ਜਿਹੜੇ ਸਰਕਾਰ ਦਾ ਹਿੱਸਾ ਸਨ। 

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਜ਼ਿਮਨੀ ਚੋਣ ਲਈ ਐਲਾਨੀ ਉਮੀਦਵਾਰ ਤੋਂ ਅਕਾਲੀ ਦਲ ਨੇ ਕੀਤਾ ਕਿਨਾਰਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News