ਮੋਹਾਲੀ ’ਚ ਅੱਧੀ ਰਾਤ ਨੂੰ ਵਾਪਰਿਆ ਵੱਡਾ ਹਾਦਸਾ, ਵਿਦਿਆਰਥੀ ਸਣੇ ਦੋ ਦੀ ਮੌਤ, ਤਸਵੀਰਾਂ ’ਚ ਦੇਖੋ ਖ਼ੌਫਨਾਕ ਮੰਜ਼ਰ
Monday, Feb 19, 2024 - 06:59 PM (IST)
ਮੋਹਾਲੀ (ਸੰਦੀਪ) : ਬੀਤੀ ਦੇਰ ਰਾਤ ਸੈਕਟਰ 78-79 ਦੇ ਲਾਈਟ ਪੁਆਇੰਟ ਤੋਂ 2 ਐਕਸ.ਯੂ.ਵੀ. ਗੱਡੀਆਂ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ’ਚ ਇਨੋਵਾ ਚਾਲਕ ਮੁਹੰਮਦ ਅਸਲਮ ਮੀਰ (40) ਕਾਰ ਡੀਲਰ ਵਾਸੀ ਜੰਮੂ ਕਸ਼ਮੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸਕਾਰਪੀਓ ’ਚ ਸਵਾਰ ਵਿਅਕਤੀ ਚੰਡੀਗੜ੍ਹ ਸੈਕਟਰ-10 ਸਥਿਤ ਡੀ.ਏ.ਵੀ. ਕਾਲਜ ਦਾ ਵਿਦਿਆਰਥੀ ਆਰੀਆ ਸ਼ਰਮਾ (21) ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿਚ ਸਕਾਰਪੀਓ ਚਾਲਕ ਅਰਜੁਨ ਅਤੇ ਉਸ ਦੇ ਦੋ ਹੋਰ ਸਾਥੀ ਵੀ ਜ਼ਖ਼ਮੀ ਹੋ ਗਏ। ਥਾਣਾ ਸੋਹਾਣਾ ਪੁਲਸ ਨੇ ਜਾਂਚ ਦੇ ਆਧਾਰ ’ਤੇ ਸਕਾਰਪੀਓ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਐਤਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਥਾਣੇਦਾਰ ਦਾ ਪਿੰਡ ਵਾਸੀਆਂ ਨਾਲ ਪਿਆ ਪੰਗਾ, ਅੱਧੀ ਰਾਤ ਨੂੰ ਪੈ ਗਿਆ ਚੀਕ-ਚਿਹਾੜਾ
ਢਾਬੇ ’ਤੇ ਖਾਣਾ ਖਾ ਕੇ ਚੰਡੀਗੜ੍ਹ ਵਾਪਸ ਘਰ ਪਰਤ ਰਹੇ ਸਨ ਵਿਦਿਆਰਥੀ
ਇਸ ਮਾਮਲੇ ਦੇ ਜਾਂਚ ਅਧਿਕਾਰੀ ਰਾਜ ਕੁਮਾਰ ਅਨੁਸਾਰ ਚੰਡੀਗੜ੍ਹ ਦੇ ਰਹਿਣ ਵਾਲੇ ਅਰਜੁਨ ਅਤੇ ਆਰੀਆ ਸ਼ਰਮਾ ਜੋ ਚੰਡੀਗੜ੍ਹ ਸੈਕਟਰ-10 ਸਥਿਤ ਡੀ. ਏ. ਵੀ. ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੇ ਹਨ। ਹਾਦਸੇ ਸਮੇਂ ਉਹ ਲਾਂਡਰਾਂ ਦੇ ਇਕ ਢਾਬੇ ’ਤੇ ਰਾਤ ਦਾ ਖਾਣਾ ਖਾ ਕੇ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦੀ ਰਫ਼ਤਾਰ ਥੋੜੀ ਤੇਜ਼ ਸੀ। ਇਸੇ ਦੌਰਾਨ ਲਾਈਟ ਪੁਆਇੰਟ ’ਤੇ ਦੂਜੇ ਪਾਸੇ ਤੋਂ ਜੰਮੂ-ਕਸ਼ਮੀਰ ਤੋਂ ਇਕ ਇਨੋਵਾ ਕਾਰ ਚਾਲਕ ਆ ਰਿਹਾ ਸੀ। ਜਿਵੇਂ ਹੀ ਦੋਵੇਂ ਸੈਕਟਰ 78-79 ਦੇ ਲਾਈਟ ਪੁਆਇੰਟ ’ਤੇ ਪੁੱਜੇ ਤਾਂ ਦੋਵਾਂ ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸੇ ਵਿਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ’ਚ ਜ਼ਖਮੀ ਹੋਏ ਤਿੰਨਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਪਹੁੰਚ ਕੇ ਡਾਕਟਰ ਨੇ ਇਨੋਵਾ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਸਕਾਰਪੀਓ ’ਚ ਬੈਠੇ ਆਰੀਆ ਸ਼ਰਮਾ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਵਿਚ ਸਕਾਰਪੀਓ ਚਾਲਕ ਅਰਜੁਨ ਦੇ ਵੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸੋਹਾਣਾ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਅਰਜੁਨ ਦੀ ਕਾਰ ਤੇਜ਼ ਰਫਤਾਰ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਸ ਨੇ ਅਰਜੁਨ ਖ਼ਿਲਾਫ਼ ਸਬੰਧਤ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਇਕ ਹੋਰ ਵੱਡਾ ਐਨਕਾਊਂਟਰ, ਮਾਰਿਆ ਗਿਆ ਚੋਟੀ ਦਾ ਗੈਂਗਸਟਰ
ਤੇਜ਼ ਰਫਤਾਰ ਸਕਾਰਪੀਓ ਨਾਲ ਟਕਰਾ ਕੇ ਕਰੀਬ 50 ਫੁੱਟ ਤੱਕ ਉਛਲ ਗਈ ਸੀ ਇਨੋਵਾ ਕਾਰ
ਪੁਲਸ ਜਾਂਚ ਦੌਰਾਨ ਬਿਆਨ ਦਿੰਦੇ ਹੋਏ ਮ੍ਰਿਤਕ ਦੇ ਸਾਥੀ ਅਸ਼ਰਫ ਦੇ ਡਰਾਈਵਰ ਨੇ ਦੱਸਿਆ ਕਿ ਉਸ ਦੀ ਕਾਰ ਮੁਹੰਮਦ ਅਸਲਮ ਦੀ ਇਨੋਵਾ ਦੇ ਪਿੱਛੇ ਸੀ। ਪੁਲਸ ਜਾਂਚ ਦੌਰਾਨ ਉਸ ਨੇ ਦੱਸਿਆ ਕਿ ਸਕਾਰਪੀਓ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਜਿਵੇਂ ਹੀ ਸਕਾਰਪੀਓ ਨੇ ਇਨੋਵਾ ਨੂੰ ਟੱਕਰ ਮਾਰੀ ਤਾਂ ਇਨੋਵਾ 50 ਫੁੱਟ ਦੇ ਕਰੀਬ ਛਾਲ ਮਾਰ ਕੇ ਸੜਕ ’ਤੇ ਜਾ ਡਿੱਗੀ ਅਤੇ ਪੂਰੀ ਤਰ੍ਹਾਂ ਨੁਕਸਾਨੀ ਗਈ। ਚਾਲਕ ਮੁਹੰਮਦ ਅਸਲਮ ਨੂੰ ਲਹੂ-ਲੁਹਾਨ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਭਾਜਪਾ ’ਚ ਜਾਣ ਦੀਆਂ ਅਟਕਲਾਂ ’ਤੇ ਨਵਜੋਤ ਸਿੱਧੂ ਨੇ ਤੋੜੀ ਚੁੱਪੀ, ਦੋ ਟੁੱਕ ’ਚ ਦਿੱਤਾ ਜਵਾਬ
ਕਾਰ ਡੀਲਰ ਵਜੋਂ ਕੰਮ ਕਰਦਾ ਸੀ ਇਨੋਵਾ ਚਾਲਕ
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨੋਵਾ ਚਾਲਕ ਮੁਹੰਮਦ ਅਸਲਮ ਮੀਰ ਮੂਲ ਰੂਪ ਵਿਚ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਸੀ ਅਤੇ ਕਾਰ ਡੀਲਰ ਦਾ ਕੰਮ ਕਰਦਾ ਸੀ। ਉਹ ਗੁਜਰਾਤ ਤੋਂ ਸੈਕੰਡ ਹੈਂਡ ਕਾਰਾਂ ਲਿਆ ਕੇ ਜੰਮੂ-ਕਸ਼ਮੀਰ ਵਿਚ ਵੇਚਦਾ ਸੀ। 7 ਫਰਵਰੀ ਨੂੰ ਉਹ ਆਪਣੇ ਦੋਸਤ ਅਸ਼ਰਫ ਅਤੇ ਡਰਾਈਵਰ ਨਾਲ ਗੁਜਰਾਤ ਦੇ ਅਹਿਮਦਾਬਾਦ ਲਈ ਹਵਾਈ ਜਹਾਜ਼ ਰਾਹੀਂ ਗਿਆ ਸੀ। ਉਥੋਂ ਉਸ ਨੇ ਇਕ ਇਨੋਵਾ ਅਤੇ ਇਕ ਟਵੇਰਾ ਕਾਰ ਖਰੀਦੀ। ਹਾਦਸੇ ਦੇ ਸਮੇਂ ਮੁਹੰਮਦ ਅਸਲਮ ਮੀਰ ਇਨੋਵਾ ਕਾਰ ਚਲਾ ਰਿਹਾ ਸੀ ਜਦਕਿ ਉਸ ਦੇ ਪਿੱਛੇ ਉਸ ਦਾ ਦੋਸਤ ਅਸ਼ਰਫ ਟਵੇਰਾ ਕਾਰ ਵਿਚ ਆ ਰਿਹਾ ਸੀ। ਟਵੇਰਾ ਉਸ ਦਾ ਡਰਾਈਵਰ ਚਲਾ ਰਿਹਾ ਸੀ। ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ : ਵੀ. ਆਈ. ਪੀ. ਸੁਰੱਖਿਆ ’ਚ ਤਾਇਨਾਤ ਇੰਸਪੈਕਟਰ ਜੋੜੇ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8