ਏ. ਆਈ. ਐੱਸ. ਐੱਸ. ਐੱਫ਼. ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮਨਾਇਆ 77ਵਾਂ ਸਥਾਪਨਾ ਦਿਵਸ
Monday, Sep 13, 2021 - 06:55 PM (IST)
ਅੰਮ੍ਰਿਤਸਰ (ਅਨਜਾਣ)–ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ (ਏ. ਆਈ. ਐੱਸ. ਐੱਸ. ਐੱਫ਼.) ਨੇ ਆਪਣਾ 77ਵਾਂ ਸਥਾਪਨਾ ਦਿਵਸ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਡਾ. ਮਨਜੀਤ ਸਿੰਘ ਭੋਮਾ ਦੀ ਸਰਪ੍ਰਸਤੀ ਹੇਠ ਫੈੱਡਰੇਸ਼ਨ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ, ਕਸ਼ਮੀਰ ਸਿੰਘ ਸੰਘਾ ਦੀ ਦੇਖ-ਰੇਖ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮਨਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫੈੱਡਰੇਸ਼ਨ ਦੀ ਚੜ੍ਹਦੀ ਕਲਾ ਤੇ ਅੰਨਦਾਤਾ ਕਿਸਾਨ ਦੀ ਸਫ਼ਲਤਾ ਲਈ ਅਰਦਾਸ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰ ਪ੍ਰੈੱਸ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਫੈੱਡਰੇਸ਼ਨ ਦੇ ਪੁਰਾਣੇ ਆਗੂਆਂ ਭਾਈ ਰਣਜੀਤ ਸਿੰਘ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ, ਬੀਬੀ ਸੰਦੀਪ ਕੌਰ, ਭਾਈ ਦਿਲਬਾਗ ਸਿੰਘ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਬਲਜਿੰਦਰ ਸਿੰਘ ਪਰਵਾਨਾ, ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਅੰਮ੍ਰਿਤਪਾਲ ਸਿੰਘ ਮੋਹਰੋਂ, ਭਾਈ ਸੁਰਜੀਤ ਸਿੰਘ ਖਾਲਿਸਤਾਨੀ, ਭਾਈ ਭੂਪਿੰਦਰ ਸਿੰਘ ਛੇ ਜੂਨ, ਭਾਈ ਰਜਿੰਦਰ ਸਿੰਘ ਰਾਮਪੁਰ, ਭਾਈ ਤਲਵਿੰਦਰ ਸਿੰਘ ਬੁੱਟਰ, ਭਾਈ ਤੇਜਿੰਦਰਪਾਲ ਸਿੰਘ ਟਿੰਮਾ ਤੇ ਬਾਬਾ ਭਗਵਾਨ ਸਿੰਘ ਆਦਿ ਨੂੰ ਸਨਮਾਨ ਨਾਲ ਨਿਵਾਜਿਆ।
ਇਹ ਵੀ ਪੜ੍ਹੋ : ਜ਼ਮਾਨਤ ਲਈ ਹਾਈਕੋਰਟ ਪਹੁੰਚੇ ਗੁਰਦਾਸ ਮਾਨ
ਮੋਦੀ ਕਿਸਾਨਾਂ ਨਾਲ ਹਮਦਰਦੀ ਵਾਲਾ ਸਲੂਕ ਕਰੇ, ਨਹੀਂ ਤਾਂ ਕੁਰਸੀ ਛੱਡਣੀ ਪਊ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਪੀਰ ਮੁਹੰਮਦ, ਡਾ. ਮਨਜੀਤ ਸਿੰਘ ਭੋਮਾ, ਫੈੱਡਰੇਸ਼ਨ ਪ੍ਰਧਾਨ ਜਗਰੂਪ ਸਿੰਘ ਤੇ ਦਮਦਮੀ ਟਕਸਾਲ ਦੇ ਭਾਈ ਰਣਜੀਤ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨਾਲ ਹਮਦਰਦੀ ਵਾਲਾ ਸਲੂਕ ਕਰਨ, ਨਹੀਂ ਤਾਂ ਕੁਰਸੀ ਛੱਡਣ ਲਈ ਤਿਆਰ ਹੋ ਜਾਣ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਕਾਲੇ ਖੇਤੀ ਕਾਨੂੰਨ ਵਾਪਸ ਕਰੇ, ਨਹੀਂ ਤਾਂ ਸਖ਼ਤ ਵਿਰੋਧ ਹੋਵੇਗਾ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ’ਚ ਫੈੱਡਰੇਸ਼ਨ ਦੇ ਨਵੇਂ ਯੂਨਿਟ ਸਥਾਪਿਤ ਕਰਨ ਦੌਰਾਨ ਸਰੂਪ ਸਿੰਘ, ਅਮਰ ਸਿੰਘ ਅੰਬਾਲਵੀ ਤੇ ਹਰਿਮੰਦਰ ਸਿੰਘ ਸੰਧੂ ਦੇ ਪਾਏ ਨਕਸ਼ੇ ਕਦਮਾਂ ’ਤੇ ਫੈਡਰੇਸ਼ਨ ਚੱਲਦੀ ਆਈ ਹੈ ਤੇ ਚੱਲਦੀ ਰਹੇਗੀ।
ਭਾਈ ਪਰਮਜੀਤ ਸਿੰਘ ਅਕਾਲੀ ਨੇ ਐੱਸ. ਵਾਈ. ਪੀ. ਪੀ. ਨੂੰ ਭੇਟ ਕੀਤਾ ਸਨਮਾਨ
ਸਿੱਖ ਯੂਥ ਪਾਵਰ ਆਫ਼ ਪੰਜਾਬ ਦੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਫੈੱਡਰੇਸ਼ਨ ਵੱਲੋਂ ਦਿੱਤਾ ਸਨਮਾਨ ਸਿੱਖ ਯੂਥ ਪਾਵਰ ਆਫ਼ ਪੰਜਾਬ ਨੂੰ ਸਨਮਾਨ ਭੇਟ ਕਰਦਿਆਂ ਕਿਹਾ ਕਿ ਇਹ ਸਨਮਾਨ ਮੈਨੂੰ ਨਹੀਂ ਮਿਲਿਆ, ਬਲਕਿ ਸਮੁੱਚੀ ਪਾਵਰ ਆਫ਼ ਪੰਜਾਬ ਇਸ ਦੀ ਹੱਕਦਾਰ ਹੈ।