785 ਪੇਟੀਆਂ ਸ਼ਰਾਬ ਬਰਾਮਦ, 2 ਗ੍ਰਿਫਤਾਰ

09/30/2018 9:21:44 PM

ਬਠਿੰਡਾ (ਵਰਮਾ)— ਸਦਰ ਪੁਲਸ ਰਾਮਪੁਰਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ ਕੇ ਹਰਿਆਣਾ ਤੋਂ ਸਮੱਗਲਿੰਗ ਕਰ ਕੇ ਲਿਆਂਦੀ ਜਾ ਰਹੀ 785 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਇਕ ਅਕਾਲੀ ਆਗੂ ਸਮੇਤ 2 ਸਮੱਗਲਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਕਰਮਜੀਤ ਸਿੰਘ ਤੇ ਸਰਬਜੀਤ ਸਿੰਘ ਜ਼ਿਲਾ ਬਰਨਾਲਾ ਦੇ ਰਹਿਣ ਵਾਲੇ ਹਨ। ਇਹ ਸਮੱਗਲਰ ਲੰਬੇ ਸਮੇਂ ਤੋਂ ਸ਼ਰਾਬ ਦੀ ਸਮੱਗਲਿੰਗ 'ਚ ਲੱਗੇ ਹੋਏ ਸੀ ਜੋ ਹਰਿਆਣਾ ਤੋਂ ਸ਼ਰਾਬ ਲੈ ਕੇ ਆਉਂਦੇ ਸੀ ਤੇ ਬਰਨਾਲਾ ਤੇ ਰਾਮਪੁਰਾ ਦੇ ਆਸ-ਪਾਸ ਦੇ ਪਿੰਡਾਂ 'ਚ ਮਹਿੰਗੀ ਦਰਾਂ 'ਤੇ ਵੇਚ ਦਿੰਦੇ ਸੀ।

ਪੁਲਸ ਨੇ ਚੰਡੀਗੜ੍ਹ ਹਾਈਵੇ 'ਤੇ ਪਿੰਡ ਕਰਾੜਵਾਲਾ 'ਚ ਨਾਕਾਬੰਦੀ ਕੀਤੀ ਹੋਈ ਸੀ, ਉਦੋਂ ਹੀ ਉਨ੍ਹਾਂ ਨੇ ਇਕ ਟਰੱਕ ਆਉਂਦਾ ਦੇਖਿਆ ਤਾਂ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਪੁਲਸ ਨੂੰ 785 ਪੇਟੀਆਂ ਸ਼ੌਕੀਨ ਹਰਿਆਣਾ ਮਾਰਕਾ ਦੀ ਸ਼ਰਾਬ ਬਰਾਮਦ ਹੋਈ। ਥਾਣਾ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਸ ਦੀ ਪੱਕੀ ਸੂਚਨਾ ਮਿਲੀ ਸੀ , ਜਿਸ ਕਾਰਨ ਪੁਲਸ ਨੇ ਨਾਕਾਬੰਦੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਖੇਤਰ ਦੇ ਅਕਾਲੀ ਦਲ ਦਾ ਸਰਗਰਮ ਆਗੂ ਕਰਮਜੀਤ ਸਿੰਘ ਤਾਜੋਕੇ ਟਰੱਕ ਚਲਾ ਰਿਹਾ ਸੀ ਜਦਕਿ ਸਰਬਜੀਤ ਸਿੰਘ ਵਾਸੀ ਪੱਖੋਕੇ ਉਸ ਨਾਲ ਬੈਠਾ ਹੋਇਆ ਸੀ। ਪੁਲਸ ਨੇ ਦੋਵਾਂ ਸਮੱਗਲਰਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਕੇ ਸ਼ਰਾਬ ਕਬਜ਼ੇ 'ਚ ਲੈ ਲਈ।


Related News