ਭੈਣ ਨਾਲ ਲਵ ਮੈਰਿਜ ਕਰਨ ਮਗਰੋਂ ਤਲਾਕ ਦੇਣ ਦੀ ਰਜਿੰਸ਼ ਦੀ ਕੱਢੀ ਖਾਰ, ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ

Friday, Nov 11, 2022 - 06:29 PM (IST)

ਭੈਣ ਨਾਲ ਲਵ ਮੈਰਿਜ ਕਰਨ ਮਗਰੋਂ ਤਲਾਕ ਦੇਣ ਦੀ ਰਜਿੰਸ਼ ਦੀ ਕੱਢੀ ਖਾਰ, ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ

ਨਵਾਂਸ਼ਹਿਰ (ਤ੍ਰਿਪਾਠੀ)- ਸੀ. ਆਈ. ਏ. ਸਟਾਫ਼ ਅਤੇ ਥਾਣਾ ਸਦਰ ਬਲਾਚੌਰ ਦੀ ਪੁਲਸ ਨੇ ਇਕ ਬਜ਼ੁਰਗ ਦਾ ਦਸਤੀ ਹੱਥਿਆਰਾਂ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿਚ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਤਲ ’ਚ ਵਰਤੀ ਗਈ ਬਾਈਕ ਅਤੇ ਦਸਤੀ ਹੱਥਿਆਰ ਬਰਾਮਦ ਕੀਤੇ ਹਨ। ਪ੍ਰੈੱਸ ਕਾਨਫ਼ਰੰਸ ’ਚ ਐੱਸ. ਐੱਸ. ਪੀ. ਭਗੀਰਥ ਸਿੰਘ ਮੀਣਾ ਨੇ ਦੱਸਿਆ ਕਿ 19 ਅਕਤੂਬਰ ਨੂੰ ਬਲਾਚੌਰ ਵਾਸੀ ਪਰਮਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਸ ਦੇ ਸਹੁਰੇ ਕਰਤਾਰ ਸਿੰਘ (70) ਨੂੰ 18 ਅਕਤੂਬਰ ਨੂੰ ਦੇਰ ਸ਼ਾਮ 2 ਅਣਪਛਾਤੇ ਨੌਜਵਾਨ ਘਰੋਂ ਆਪਣੇ ਨਾਲ ਲੈ ਗਏ ਸਨ। ਬਾਅਦ ਵਿਚ ਉਸ ਦੀ ਲਾਸ਼ ਭੱਦੀ-ਬਲਾਚੌਰ ਲਿੰਕ ਰੋਡ ਤੋਂ ਮਿਲੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰਦਿਆਂ ਇਸ ਦੀ ਜਾਂਚ ਐੱਸ. ਪੀ. ਡਾ. ਮੁਕੇਸ਼ ਕੁਮਾਰ ਅਤੇ ਡੀ. ਐੱਸ. ਪੀ. ਸੁਰਿੰਦਰ ਚੰਦ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਅਤੇ ਥਾਣਾ ਬਲਾਚੌਰ ਦੇ ਐੱਸ. ਐੱਚ. ਓ. ਇੰਸਪੈਕਰ ਗੁਰਮੁਖ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। 

ਉਨ੍ਹਾਂ ਦੱਸਿਆ ਕਿ ਵਿਗਿਆਨਕ ਢੰਗ ਨਾਲ ਕੀਤੀ ਗਈ ਜਾਂਚ ’ਚ ਪੁਲਸ ਨੇ ਕਤਲ ਦੇ 3 ਦੋਸ਼ੀ, ਜਿਸ ਵਿਚ ਵਿਜੈ ਕੁਮਾਰ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਟੌਂਸਾ ਥਾਣਾ ਕਾਠਗੜ੍ਹ, ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਰਮੇਸ਼ਨ ਲਾਲ ਵਾਸੀ ਸ਼ਾਮਪੁਰਾ ਥਾਣਾ ਸਿਟੀ ਰੋਪੜ ਅਤੇ ਨਵਜੋਤ ਸਿੰਘ ਉਰਫ਼ ਕੁੱਕੀ ਪੁੱਤਰ ਸਤਵਿੰਦਰ ਸਿੰਘ ਵਾਸੀ ਅਕਬਰਪੁਰ ਥਾਣਾ ਸਦਰ ਰੋਪੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਮੁੱਖ ਦੋਸ਼ੀ ਅਕਸ਼ੇ ਅਤੇ ਲਖਵੀਰ ਦੀ ਤਲਾਸ਼ ਵਿਚ ਪੁਲਸ ਲਗਾਤਾਰ ਰੇਡ ਕਰ ਰਹੀ ਹੈ।

ਇਹ ਵੀ ਪੜ੍ਹੋ :  ਜਲੰਧਰ 'ਚ ਸ਼ੀਤਲ ਵਿਜ, ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਘਰਾਂ 'ਚ ਆਮਦਨ ਟੈਕਸ ਵਿਭਾਗ ਦੀ ਰੇਡ ਜਾਰੀ

ਮੁੱਖ ਦੋਸ਼ੀ ਦੀ ਭੈਣ ਨੂੰ ਭਜਾ ਕੇ ਲਵ ਮੈਰਿਜ ਕਰਨ ਤੇ ਬਾਅਦ ’ਚ ਤਲਾਕ ਦੇਣ ਦੀ ਰੰਜਿਸ਼ ’ਚ ਹੋਇਆ ਬਜ਼ੁਰਗ ਦਾ ਕਤਲ 
ਐੱਸ. ਐੱਸ. ਪੀ. ਨੇ ਦੱਸਿਆ ਕਿ ਹੁਣ ਤਕ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਕਸ਼ੇ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਭੱਦੀ ਥਾਣਾ ਬਲਾਚੌਰ ਦੀ ਭੈਣ ਨੂੰ ਮ੍ਰਿਤਕ ਕਰਤਾਰ ਸਿੰਘ ਦਾ ਲੜਕਾ ਮਨਦੀਪ ਸਿੰਘ ਭਜਾ ਕੇ ਲੈ ਗਿਆ ਸੀ ਅਤੇ ਉਸ ਨਾਲ ਲਵ ਮੈਰਿਜ ਕਰ ਲਈ ਪਰ ਬਾਅਦ ਵਿਚ ਮ੍ਰਿਤਕ ਸਰਕਾਰ ਸਿੰਘ ਨੇ ਇਹ ਕਹਿ ਕੇ ਕਿ ਲੜਕਾ ਅਤੇ ਲੜਕੀ ਇਕ ਹੀ ਪਿੰਡ ਦੇ ਹਨ, ਦਾ ਤਲਾਕ ਕਰਵਾ ਦਿੱਤਾ ਸੀ। ਜਿਸ ਦੀ ਰੰਜਿਸ਼ ਵਿਚ ਅਕਸ਼ੇ ਨੇ ਵਿਜੈ ਕੁਮਾਰ, ਮਨਪ੍ਰੀਤ ਸਿੰਘ, ਨਵਜੋਤ ਅਤੇ ਲਖਵੀਰ ਸਿੰਘ ਉਰਫ਼ ਲੱਖਾ ਪੁੱਤਰ ਪਾਲੀ ਵਾਸੀ ਮਾਜਰਾ ਜੱਟਾਂ ਨੂੰ ਕਰਤਾਰ ਸਿੰਘ ਦੀ ਹੱਤਿਆ ਲਈ 50 ਹਜ਼ਾਰ ਰੁਪਏ ’ਚ ਹਾਇਰ ਕੀਤਾ ਸੀ। ਜਿਸ ਵਿਚੋਂ 10 ਹਜ਼ਾਰ ਰੁਪਏ ਗੂਗਲ ਪੇ ’ਤੇ ਪੇਸ਼ਗੀ ਦਿੱਤੀ ਗਈ ਸੀ। ਜਦਕਿ ਬਾਕੀ ਰਕਮ ਦਾ ਭੁਗਤਾਨ ਅਜੇ ਤਕ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ :  ਸੜਕ ਹਾਦਸੇ ਨੇ ਨਿਗਲੇ ਮਾਪਿਆਂ ਦੇ ਗੱਭਰੂ ਪੁੱਤ, ਧਾਰਮਿਕ ਸਥਾਨ 'ਤੇ ਜਾ ਰਹੇ ਕਪੂਰਥਲਾ ਦੇ 2 ਨੌਜਵਾਨਾਂ ਦੀ ਮੌਤ

ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਲਿਆ 3 ਦਿਨ ਦੇ ਪੁਲਸ ਰਿਮਾਂਡ ’ਤੇ
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਜਿਸ ਵਿਚ ਵਿਜੈ ਕੁਮਾਰ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਅਪਰਾਧਕ ਮਾਮਲੇ ਦਰਜ ਹਨ। ਤਿੰਨਾਂ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ 3 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਤਲਾਂ ਵੱਲੋਂ ਵਾਰਦਾਤ ’ਚ ਵਰਤੇ ਗਏ ਦਸਤੀ ਹੱਥਿਆਰ, ਹਾਕੀ, ਡੰਡਾ ਅਤੇ ਲਕੜੀ ਦਾ ਵੰਜਾ ਬਰਾਮਦ ਕਰ ਲਏ ਗਏ ਹਨ, ਜਦਕਿ ਇਕ ਬਾਈਕ ਦੀ ਬਰਾਮਦਗੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਅਕਸ਼ੇ ਅਤੇ ਲਖਵੀਰ ਦੀ ਗ੍ਰਿਫ਼ਤਾਰੀ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮੌਕੇ ਐੱਸ. ਪੀ. ਇਕਬਾਲ ਸਿੰਘ, ਡੀ. ਐੱਸ. ਪੀ. ਸੁਰਿੰਦਰ ਚੰਦ, ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ. ਆਈ. ਏ. ਸਟਾਫ਼ ਅਤੇ ਥਾਣਾ ਬਲਾਚੌਰ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਮੁੱਖ ਸਿੰਘ ਸਮੇਤ ਹੋਰ ਪੁਲਸ ਮੁਲਾਜ਼ਮ ਮੌਜੂਦ ਸਨ।

ਇਹ ਵੀ ਪੜ੍ਹੋ : ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਕਾਰ ਹੇਠਾਂ ਕੁਚਲੀ ਗਈ 8 ਸਾਲਾ ਬੱਚੀ ਨੇ ਤੋੜਿਆ ਦਮ, ਸਦਮੇ 'ਚ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News