ਮੀਂਹ ਕਾਰਨ 600 ਕਿੱਲਾ ਕਣਕ ਕਰੰਡ, ਕਿਸਾਨ ਡੁੱਬੇ ਚਿੰਤਾ ''ਚ

11/20/2017 1:54:56 AM

ਤਪਾ ਮੰਡੀ, (ਸ਼ਾਮ, ਗਰਗ)- ਸੂਬੇ 'ਚ ਬੀਤੇ ਦਿਨੀਂ ਪਏ ਮੀਂਹ ਨੇ ਜਿਥੇ ਹਵਾ ਵਿਚੇ ਘੁਲੇ ਜ਼ਹਿਰੀਲੇ ਧੂੰਏਂ ਤੋਂ ਲੋਕਾਂ ਨੂੰ ਰਾਹਤ ਦਿਵਾਈ ਹੈ, ਉਥੇ ਕਿਸਾਨਾਂ ਲਈ ਇਹ ਮੀਂਹ ਕਾਫੀ ਨੁਕਸਾਨਦਾਇਕ ਸਾਬਤ ਹੋਇਆ ਹੈ ਕਿਉਂਕਿ ਇਸ ਨਾਲ ਜਿਥੇ ਅਨਾਜ ਮੰਡੀਆਂ 'ਚ ਪਈ ਕਿਸਾਨਾਂ ਦੀ ਜੀਰੀ ਖਰਾਬ ਹੋ ਰਹੀ ਹੈ, ਉਥੇ ਕਣਕ ਦੀ ਬੀਜਾਈ ਦਾ ਕੰਮ ਵੀ ਪਛੜ ਰਿਹਾ ਹੈ।
ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ : ਤਪਾ, ਮਹਿਤਾ, ਰੂੜੇਕੇ ਕਲਾਂ, ਪੱਖੋ ਕਲਾਂ, ਧੌਲਾ ਆਦਿ ਪਿੰਡਾਂ ਦੇ ਖੇਤਾਂ ਵਿਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮੀਂਹ ਨਾਲ ਕੁਝ ਦਿਨ ਪਹਿਲਾਂ ਇਸ ਇਲਾਕੇ 'ਚ ਬੀਜੀ 600 ਕਿੱਲਾ ਕਣਕ ਕਰੰਡ ਹੋ ਗਈ ਹੈ, ਜਿਸ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕਣਕ ਦੀ ਇਕ ਏਕੜ ਬੀਜਾਈ 'ਤੇ 3 ਹਜ਼ਾਰ ਰੁਪਏ ਖਰਚ ਆਉਂਦਾ ਹੈ ਅਤੇ ਜੇਕਰ ਕਣਕ ਦੂਜੀ ਵਾਰ ਬੀਜਣੀ ਪੈ ਗਈ ਤਾਂ ਹੋਰ ਵੀ ਨੁਕਸਾਨ ਉਠਾਉਣਾ ਪਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਸਬੰਧਤ ਪਟਵਾਰੀਆਂ ਤੋਂ ਗਿਰਦਾਵਰੀਆਂ ਕਰਵਾ ਕੇ ਨੁਕਸਾਨੀ ਕਣਕ ਦਾ 3 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ। 
ਇਸ ਤੋਂ ਇਲਾਵਾ ਕਣਕ ਦੀ ਬੀਜਾਈ ਕਰ ਰਹੇ ਕਿਸਾਨ ਗੁਰਜੰਟ ਸਿੰਘ (ਭਾਊ) ਅਤੇ ਕੁਲਵਿੰਦਰ ਸਿੰਘ, ਭੋਲਾ ਸਿੰਘ ਚੱਠਾ, ਪਰਮਜੀਤ ਸਿੰਘ ਪੰਮਾ, ਜਗਜੀਤ ਸਿੰਘ ਪੰਧੇਰ, ਤੇਜਿੰਦਰ ਸਿੰਘ, ਰਾਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਦੀ ਫਸਲ ਪਛੇਤੀ ਹੋ ਰਹੀ ਹੈ। ਬਹੁਤ ਸਾਰੇ ਕਿਸਾਨਾਂ ਦੇ ਖੇਤਾਂ 'ਚ ਤਾਂ ਅਜੇ ਪਰਾਲੀ ਪਈ ਹੈ।
ਜ਼ੀਰੋ ਡਰਿੱਲ ਮਸ਼ੀਨ ਨਾਲ ਕਣਕ ਦੀ ਸਿੱਧੀ ਬੀਜਾਈ ਕਰਨ ਕਿਸਾਨ : ਸਹਾਇਕ ਖੇਤੀਬਾੜੀ ਅਫਸਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਕਿਸਾਨਾਂ ਨੇ 60 ਫੀਸਦੀ ਕਣਕ ਦੀ ਬੀਜਾਈ ਕਰ ਲਈ ਸੀ, ਜਿਸ ਵਿਚੋਂ 5-7 ਫੀਸਦੀ ਕਣਕ ਕਰੰਡ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜ਼ੀਰੋ ਡਰਿੱਲ ਮਸ਼ੀਨ ਨਾਲ ਕਣਕ ਦੀ ਸਿੱਧੀ ਬੀਜਾਈ ਕਰਨ, ਜਿਸ ਨਾਲ ਖਰਚਾ ਘੱਟ ਆਵੇਗਾ। ਉਨ੍ਹਾਂ ਦੱਸਿਆ ਕਿ ਕਣਕ ਦੇ ਕਰੰਡ ਹੋਣ ਬਾਰੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਇਸ ਮੌਕੇ ਹਰਦੀਪ ਸਿੰਘ ਸੇਖੋਂ, ਭਗਵੰਤ ਸਿੰਘ ਚੱਠਾ, ਜੁਗਰਾਜ ਸਿੰਘ, ਜਗਦੇਵ ਸਿੰਘ, ਸਮੁੰਦਰ ਸਿੰਘ, ਰੋਮੀ ਸਿੰਘ ਆਦਿ ਕਿਸਾਨ ਹਾਜ਼ਰ ਸਨ।


Related News