ਮੋਗਾ ਜ਼ਿਲ੍ਹੇ ''ਚ 58 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ 1234
Tuesday, Aug 25, 2020 - 02:31 AM (IST)
ਮੋਗਾ,(ਸੰਦੀਪ ਸ਼ਰਮਾ)- ਜ਼ਿਲ੍ਹੇ ਵਿਚ ਅੱਜ ਫਿਰ ਕੋਰੋਨਾ ਦੇ ਅੰਕੜੇ ਵਿਚ 58 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1234 ਹੋ ਗਈ ਹੈ, ਉਥੇ ਹੀ ਕੋਰੋਨਾ ਨਾਲ ਜ਼ਿਲ੍ਹੇ ਵਿਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਜੇਕਰ ਜ਼ਿਲੇ ਵਿਚ ਕੋਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਸਿਹਤ ਵਿਭਾਗ ਅਨੁਸਾਰ ਇਨ੍ਹਾਂ ਦੀ ਗਿਣਤੀ 547 ਹੈ, ਉਥੇ ਵਿਭਾਗ ਵਲੋਂ 673 ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਘਰਾਂ ਵਿਚ ਭੇਜ ਦਿੱਤਾ ਗਿਆ ਹੈ, ਜ਼ਿਲਾ ਸਿਹਤ ਵਿਭਾਗ ਵਲੋਂ ਪਾਜ਼ੇਟਿਵ ਸਾਹਮਣੇ ਆਏ 450 ਲੋਕਾਂ ਨੂੰ ਕੋਵਿਡ-19 ਤਹਿਤ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੂੰ ਘਰਾਂ ਵਿਚ ਕੁਆਰੰਟਾਈਨ ਕੀਤਾ ਗਿਆ ਹੈ। ਅੱਜ ਸਾਹਮਣੇ ਆਏ ਮਾਮਲਿਆਂ ਵਿਚੋਂ 43 ਆਰ. ਟੀ. ਪੀ. ਸੀ. ਆਰ. ਦੋ ਮਾਮਲੇ ਟਰੂਅ ਨਾਟ ਰਾਹੀਂ ਅਤੇ 11 ਮਾਮਲੇ ਐਂਟੀਜਨ ਤਰੀਕੇ ਨਾਲ ਲਏ ਗਏ ਟੈਸਟਾਂ ਵਿਚ ਪਾਜ਼ੇਟਿਵ ਆਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 58 ਹੈ।
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਜ਼ਿਲਾ ਸਿਹਤ ਵਿਭਾਗ ਵਲੋਂ ਹੁਣ ਤੱਕ ਕੁੱਲ 32,665 ਲੋਕਾਂ ਨੂੰ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 30,233 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਉਥੇ ਵਿਭਾਗ ਨੂੰ 948 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ। ਉਨ੍ਹਾਂ ਦੱਸਿਆ ਕਿ ਅੱਜ ਸਾਹਮਣੇ ਆਉਣ ਵਾਲੇ ਮਾਮਲਿਆਂ ਵਿਚ ਫਤਿਹਗੜ੍ਹ ਪੰਜਤੂਰ, ਰਾਮਗੰਜ, ਪ੍ਰੀਤ ਨਗਰ, ਅਕਾਲਸਰ ਰੋਡ, ਗੀਤਾ ਕਾਲੋਨੀ, ਢਿੱਲੋ ਪੱਤੀ, ਸ਼ਹੀਦ ਭਗਤ ਸਿੰਘ ਨਗਰ, ਬਸਤੀ ਲਾਲ, ਪੱਤੀ ਮਾਲੋ ਕੀ, ਮੁਹੱਲਾ ਨਾਨਕ ਨਗਰੀ ਅਤੇ ਵੇਦਾਂਤ ਨਗਰ ਸਮੇਤ ਹੋਰ ਖੇਤਰਾਂ ਨਾਲ ਸਬੰਧਤ ਮਰੀਜ਼ ਹਨ।