550ਵੇਂ ਪ੍ਰਕਾਸ਼ ਪੁਰਬ ਮੌਕੇ ਅਕਾਲੀ ਦਲ ਨੇ ਸਰਗਰਮ ਕੀਤੇ ਸਾਬਕਾ ਪ੍ਰਧਾਨ

07/10/2019 6:30:31 PM

ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਨੇ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨਾਂ ਨੂੰ ਮੁੜ ਸਰਗਰਮ ਕਰ ਲਿਆ ਹੈ। ਸੂਤਰਾਂ ਮੁਤਾਬਰਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਪ੍ਰਧਾਨਾਂ ਨੂੰ ਬਕਾਇਦਾ ਡਿਊਟੀਆਂ ਵੀ ਸੌਂਪੀਆਂ ਗਈਆਂ ਹਨ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਉਹ ਸਾਰੇ ਪਾਰਟੀ ਵੱਲੋਂ ਲਗਾਈਆਂ ਡਿਊਟੀਆਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਪੱਬਾਂ ਭਾਰ ਵੀ ਹਨ। ਦੱਸਣਯੋਗ ਹੈ ਕਿ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਅਵਤਾਰ ਸਿੰਘ ਮੱਕੜ ਬੇਸ਼ੱਕ ਬੀਤੇ 3 ਸਾਲਾਂ ਤੋਂ ਪਾਰਟੀ ਅੰਦਰ ਹਾਸ਼ੀਏ 'ਤੇ ਸਨ ਪਰ ਪਾਰਟੀ ਵੱਲੋਂ ਹੁਣ 550 ਸਾਲਾਂ ਸਮਾਗਮਾਂ ਸਬੰਧੀ ਲਗਾਈ ਡਿਊਟੀ ਲਈ ਉਹ ਮੁੜ ਤੋਂ ਸਰਗਰਮ ਨਜ਼ਰ ਆ ਰਹੇ ਹਨ। ਪਾਰਟੀ ਨੇ ਜਥੇਦਾਰ ਮੱਕੜ ਨੂੰ ਸਮਾਗਮਾਂ 'ਚ ਸਮੂਹ ਧਰਮਾਂ ਦੇ ਮੁਖੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤੇ ਸੰਪਰਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।

ਇਸੇ ਤਰ੍ਹਾਂ ਬੀਬੀ ਜਗੀਰ ਕੌਰ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਤੇ ਇੰਤਜ਼ਾਮਾਂ ਨੂੰ ਅੰਤਿਮ ਛੋਹਾਂ ਦੇਣ ਲਈ ਜ਼ਮੀਨੀ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਈ ਡਿਊਟੀ ਅਨੁਸਾਰ ਆਪਣੀ ਭੂਮਿਕਾ ਅਦਾ ਕਰ ਰਹੀ ਹੈ। ਦੂਸਰੇ ਪਾਸੇ ਦੋ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਕੀ ਤਜ਼ਰਬੇ ਦੇ ਮਾਹਿਰ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਵੀ ਪਾਰਟੀ ਵੱਲੋਂ ਡਿਊਟੀ ਲਗਾ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਮੂਹ ਵਿਦਿਅਕ ਅਦਾਰਿਆਂ 'ਚ ਗੁਰੂ ਨਾਨਕ ਸਾਹਿਬ 'ਤੇ ਅਧਾਰਿਤ ਸੈਮੀਨਾਰ ਜਾਂ ਹੋਰ ਪ੍ਰੋਗਰਾਮ ਕਰਵਾਉਣ ਦਾ ਜ਼ਿੰਮਾ ਉਨ੍ਹਾਂ ਨੂੰ ਦਿੱਤਾ ਗਿਆ ਹੈ। ਜੇਕਰ ਗੱਲ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਕੀਤੀ ਜਾਵੇ ਤਾਂ ਉਹ ਆਪਣੇ ਤੌਰ 'ਤੇ ਸਮਾਗਮਾਂ ਨੂੰ ਸਫ਼ਲ ਬਣਾਉਣ 'ਚ ਰੁੱਝੇ ਹੋਏ ਹਨ।


Gurminder Singh

Content Editor

Related News