550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੇਂਦਰ ਪੰਜਾਬ ਨੂੰ ਸਪਲਾਈ ਕਰੇਗਾ ਮਿੱਟੀ ਦਾ ਤੇਲ

10/11/2019 1:02:00 AM

ਚੰਡੀਗੜ੍ਹ,(ਭੁੱਲਰ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸੂਬੇ ਨੂੰ ਭਾਰਤ ਸਰਕਾਰ ਵੱਲੋਂ ਬਿਨਾਂ ਸਬਸਿਡੀ ਵਾਲਾ ਮਿੱਟੀ ਦਾ ਤੇਲ ਦਿੱਤਾ ਜਾਵੇਗਾ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਏ. ਪੀ. ਸਿਨ੍ਹਾ ਨੇ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ (ਐੱਮ. ਓ. ਪੀ. ਅਤੇ ਐੱਨ. ਜੀ.), ਭਾਰਤ ਸਰਕਾਰ ਨੂੰ ਸਾਲ 2019-20 'ਚ ਵਿਸ਼ੇਸ਼ ਲੋੜਾਂ ਲਈ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕਰਨ ਲਈ ਕੀਤੀ ਗਈ ਬੇਨਤੀ 'ਤੇ ਵਿਚਾਰ ਕੀਤਾ ਗਿਆ ਅਤੇ ਸੂਬੇ ਨੂੰ ਇਸ ਸਾਲ 6192 ਕਿਲੋ ਲੀਟਰ ਬਿਨਾਂ ਸਬਸਿਡੀ ਵਾਲਾ ਪੀ. ਡੀ. ਐੱਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।


ਸਿਨ੍ਹਾ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਨੂੰ ਮਨਾਉਣ ਲਈ ਕਈ ਧਾਰਮਿਕ ਗਤੀਵਿਧੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ, ਲੰਗਰ ਅਤੇ ਵਿੱਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਆਯੋਜਿਤ ਕੀਤੇ ਜਾ ਰਹੇ ਹਨ। ਅਜਿਹੀਆਂ ਸਾਰੀਆਂ ਗਤੀਵਿਧੀਆਂ 'ਚ ਸੰਗਤ/ਆਮ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ, ਜਿਸ ਕਰ ਕੇ ਵੱਡੇ ਪੱਧਰ 'ਤੇ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸ ਕਰ ਕੇ ਖਾਣਾ ਪਕਾਉਣ ਲਈ ਵਧੇਰੇ ਮਾਤਰਾ 'ਚ ਤੇਲ ਦੀ ਲੋੜ ਹੈ ਕਿਉਂਕਿ ਵੱਡੇ ਪੱਧਰ 'ਤੇ ਲੱਕੜ ਦੀ ਵਰਤੋਂ ਕਰਨ ਨਾਲ ਸੂਬੇ 'ਚ ਪ੍ਰਦੂਸ਼ਣ ਵਧੇਗਾ ਤੇ ਨਾਲ ਹੀ ਸੂਬੇ ਦੀ ਹਰਿਆਲੀ ਨੂੰ ਨੁਕਸਾਨ ਪਹੁੰਚੇਗਾ। ਇਸ ਲਈ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਢੁੱਕਵੇਂ ਢੰਗ ਅਤੇ ਵੱਡੇ ਪੱਧਰ 'ਤੇ ਮਨਾਉਣ ਲਈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਭਾਰਤ ਸਰਕਾਰ ਨੇ ਵਿਸ਼ੇਸ਼ ਲੋੜਾਂ ਵਾਸਤੇ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕੀਤਾ ਹੈ।

ਜ਼ਿਲਾਵਾਰ ਵੰਡ ਮੁਤਾਬਕ ਅੰਮ੍ਰਿਤਸਰ ਲਈ 636 ਕਿਲੋ ਲੀਟਰ, ਬਰਨਾਲਾ ਲਈ 96, ਬਠਿੰਡਾ ਲਈ 444, ਫਰੀਦਕੋਟ ਲਈ 156, ਫਤਿਹਗੜ੍ਹ ਸਾਹਿਬ ਲਈ 72, ਫਾਜ਼ਿਲਕਾ ਲਈ 588, ਫਿਰੋਜ਼ਪੁਰ ਲਈ 480, ਗੁਰਦਾਸਪੁਰ ਲਈ 480, ਹੁਸ਼ਿਆਰਪੁਰ ਲਈ 288, ਜਲੰਧਰ ਲਈ 252, ਕਪੂਰਥਲਾ ਲਈ 240, ਲੁਧਿਆਣਾ ਲਈ 180, ਮਾਨਸਾ ਲਈ 204, ਮੋਗਾ ਲਈ 180, ਪਠਾਨਕੋਟ ਲਈ 216, ਪਟਿਆਲਾ ਲਈ 228, ਰੂਪਨਗਰ ਲਈ 96, ਸੰਗਰੂਰ ਲਈ 300 ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਲਈ ਕ੍ਰਮਵਾਰ 72, 48, 360 ਅਤੇ 576 ਕਿਲੋ ਲੀਟਰ ਗੈਰ-ਸਬਸਿਡੀ ਵਾਲਾ ਪੀ. ਡੀ. ਐੱਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।


Related News