ਕਿਸਾਨਾਂ ਦੇ ਬੈਂਕ ਖਾਤਿਆਂ ’ਚ ਇਕੋ ਹੀ ਦਿਨ ’ਚ 5000 ਕਰੋੜ ਤੋਂ ਵੱਧ ਦਾ MSP ਭੁਗਤਾਨ ਕੀਤਾ : ਲਾਲ ਚੰਦ ਕਟਾਰੂਚੱਕ

Sunday, Nov 06, 2022 - 07:13 PM (IST)

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਖ਼ਰੀਦ ਕਰਨ ਲਈ ਕੀਤੀ ਵਚਨਬੱਧਤਾ ਦੇ ਮੱਦੇਨਜ਼ਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦੱਸਿਆ ਕਿ ਸੂਬੇ ’ਚ ਚੱਲ ਰਹੇ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਕੱਲ ਇਕੋ ਦਿਨ ’ਚ ਲੱਗਭਗ 1,84,409 ਕਿਸਾਨਾਂ ਦੇ ਖਾਤਿਆਂ ’ਚ 5334.54 ਕਰੋੜ ਰੁਪਏ ਦੀ ਐੱਮ. ਐੱਸ. ਪੀ. ਅਦਾਇਗੀ ਸਿੱਧੇ ਤੌਰ ’ਤੇ ਜਾਰੀ ਕਰ ਦਿੱਤੀ ਗਈ ਹੈ, ਜਦਕਿ 1500 ਕਰੋੜ ਰੁਪਏ ਦੀ ਅਦਾਇਗੀ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜੋ ਸੋਮਵਾਰ ਨੂੰ ਬੈਂਕਾਂ ਦੇ ਖੁੱਲ੍ਹਣ ਤੋਂ ਬਾਅਦ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਕੱਲ੍ਹ ਤੱਕ ਇਸ ਸੀਜ਼ਨ ਦੇ 144 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਇਸ ਤੋਂ ਇਲਾਵਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਅਦਾਇਗੀਆਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੱਕ ਕੁੱਲ 25424.86 ਕਰੋੜ ਰੁਪਏ ਦੀਆਂ ਐੱਮ. ਐੱਸ. ਪੀ. ਅਦਾਇਗੀਆਂ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਤੱਕ ਲੱਗਭਗ 6.5 ਲੱਖ ਕਿਸਾਨ ਐੱਮ. ਐੱਸ. ਪੀ. ਦਾ ਲਾਭ ਉਠਾ ਚੁੱਕੇ ਹਨ। ਉਨ੍ਹਾਂ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਕਿਸਾਨਾਂ ਦੇ ਖ਼ੂਨ-ਪਸੀਨੇ ਨਾਲ ਪੈਦਾ ਕੀਤੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਨਵੰਬਰ ਲਈ ਨਕਦ ਕਰਜ਼ਾ ਹੱਦ (ਸੀ. ਸੀ. ਐੱਲ.) ਦੀ ਮਨਜ਼ੂਰੀ ਦੇ ਨਾਲ, ਐੱਮ.ਐੱਸ.ਪੀ. ਭੁਗਤਾਨ ਨਿਰਵਿਘਨ ਕਰਨਾ ਜਾਰੀ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਝਾ ਖੇਤਰ ’ਚ ਲੱਗਭਗ ਸਾਰੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਹੋ ਚੁੱਕੀ ਹੈ ਅਤੇ ਹੁਣ ਸਭ ਤੋਂ ਵੱਧ ਝੋਨੇ ਦੀ ਆਮਦ ਮਾਲਵਾ ਖੇਤਰ ’ਚ ਹੋ ਰਹੀ ਹੈ। ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 72 ਘੰਟੇ ਪਹਿਲਾਂ ਖਰੀਦੇ ਗਏ ਝੋਨੇ ਵਿੱਚੋਂ 98 ਫੀਸਦੀ ਤੋਂ ਵੱਧ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।


Manoj

Content Editor

Related News