ਨਿਗਮ ਦੇ 50 ਫ਼ੀਸਦੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇ ਹੁਕਮ
Monday, Mar 23, 2020 - 12:30 AM (IST)
ਚੰਡੀਗੜ੍ਹ, (ਰਾਜਿੰਦਰ)— ਕੋਰੋਨਾ ਦੇ ਕਹਿਰ ਦੌਰਾਨ ਨਗਰ ਨਿਗਮ ਨੇ ਪ੍ਰਸਾਸ਼ਨ ਦੇ ਹੁਕਮ 'ਤੇ 50 ਫ਼ੀਸਦੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਹੁਕਮ ਦਿੱਤਾ ਹੈ। ਨਿਗਮ ਨੇ ਪ੍ਰਸ਼ਾਸਨ ਵੱਲੋਂ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ 4 ਅਪ੍ਰੈਲ ਤੱਕ ਇਹ ਹੁਕਮ ਲਾਗੂ ਕੀਤੇ ਹਨ। ਨਿਗਮ ਕਮਿਸ਼ਨਰ ਕੇ. ਕੇ. ਯਾਦਵ ਅਨੁਸਾਰ ਇਹ ਹੁਕਮ ਉਨ੍ਹਾਂ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੇ, ਜੋ ਵਾਇਰਸ ਦੀ ਰੋਕਥਾਮ 'ਚ ਭੂਮਿਕਾ ਨਿਭਾਅ ਰਹੇ ਹਨ।
ਨਿਗਮ ਨੇ ਆਪਣੇ ਵਿੰਗ ਦੇ ਸਾਰੇ ਮੁਖੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਗੁਰੱਪ ਬੀ, ਸੀ ਅਤੇ ਡੀ ਦੇ ਕਰਮਚਾਰੀਆਂ ਨੂੰ 50 ਫ਼ੀਸਦੀ ਆਪਣੀ ਹਾਜ਼ਰੀ ਪੂਰੀ ਕਰਨੀ ਹੋਵੇਗੀ। ਨਿਗਮ ਨੇ ਪਹਿਲੇ ਹਫ਼ਤੇ ਦਾ ਰੋਸਟਰ ਜਾਰੀ ਕਰਦਿਆਂ ਹੁਕਮ 'ਚ ਕਿਹਾ ਹੈ ਕਿ ਜਿਹੜੇ ਕਰਮਚਾਰੀ ਅਤੇ ਅਧਿਕਾਰੀ ਨਿਗਮ ਦਫ਼ਤਰ ਨੇੜੇ ਰਹਿੰਦੇ ਹਨ, ਉਹ ਆਪਣੇ ਵਾਹਨ 'ਤੇ ਦਫਤਰ ਆ ਸਕਦੇ ਹਨ। ਇੰਨਾ ਹੀ ਨਹੀਂ ਜਿਹੜੇ ਕਰਮਚਾਰੀ ਘਰੋਂ ਕੰਮ ਕਰਨਗੇ, ਉਨ੍ਹਾਂ ਨੂੰ ਫੋਨ ਅਤੇ ਇਲੈਕਟ੍ਰਾਨਿਕ ਚੀਜ਼ਾਂ ਜ਼ਰੀਏ ਸੰਪਰਕ 'ਚ ਰਹਿਣਾ ਹੋਵੇਗਾ। ਨਿਗਮ ਨੇ ਦਫਤਰ ਆਉਣ ਵਾਲੇ ਕਰਮਚਾਰੀਆਂ ਦੀ ਸਮਾਂ-ਸਾਰਣੀ ਵੀ ਤੈਅ ਕੀਤੀ ਹੈ। ਇਸ ਤਹਿਤ ਸਵੇਰੇ 9 ਤੋਂ ਸ਼ਾਮ 5 ਵਜੇ, ਸਵੇਰੇ 9:30 ਤੋਂ 5:30 ਵਜੇ ਤੱਕ। ਇਸ ਤੋਂ ਇਲਾਵਾ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਇਹ ਤੈਅ ਕੀਤੀ ਗਈ ਹੈ।