ਮਾਂ ਦਾ ਸਰਨੇਮ ਬਦਲਵਾਉਣ ਲਈ 5 ਸਾਲਾ ਬੱਚੀ ਪੁੱਜੀ ਹਾਈ ਕੋਰਟ, ਜਾਰੀ ਹੋਇਆ ਨੋਟਿਸ
Wednesday, Jul 17, 2024 - 10:49 AM (IST)
ਚੰਡੀਗੜ੍ਹ (ਗੰਭੀਰ): ਅਫ਼ਸਰਸ਼ਾਹੀ ਜਦੋਂ ਹਾਵੀ ਹੋ ਕੇ ਭਵਿੱਖ ਨਾਲ ਖਿਲਵਾੜ ਕਰਨ ਲੱਗੇ ਤਾਂ ਹਰ ਕਿਸੇ ਨੂੰ ਇਨਸਾਫ਼ ਦੇ ਮੰਦਰ ਦਾ ਹੀ ਰਸਤਾ ਨਜ਼ਰ ਆਉਂਦਾ ਹੈ ਤੇ ਆਸ ਦੀ ਕਿਰਨ ਦਿਖਾਈ ਦੇਣ ਲੱਗਦੀ ਹੈ। ਕੁਝ ਅਜਿਹਾ ਹੀ ਸੋਚਦਿਆਂ ਪੰਜ ਸਾਲ ਦੀ ਪੂਰਵਾ ਬਹਿਲ ਤੇ ਉਸ ਦੇ ਮਾਪਿਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਹੈ। ਪੰਚਕੂਲਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਦੀ ਪੂਰਵਾ ਦੀ ਮਾਂ ਦਾ ਸਰਨੇਮ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਉਸ ਨੇ ਸਕੂਲ ’ਚ ਦਾਖ਼ਲੇ ਲਈ ਅਰਜ਼ੀ ਦਿੱਤੀ ਤਾਂ ਸਰਨੇਮ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਖੀਰ ਪਿਤਾ ਰਾਹੀਂ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਅਪੀਲ ਕੀਤੀ। ਹਾਈ ਕੋਰਟ ਨੇ ਨੋਟਿਸ ਜਾਰੀ ਕਰ ਕੇ ਸਾਰੀਆਂ ਧਿਰਾਂ ਤੋਂ ਜਵਾਬ ਮੰਗਿਆ। ਇਸ ਤੋਂ ਪਹਿਲਾਂ ਕਿ ਹਾਈ ਕੋਰਟ ਵੱਲੋਂ ਕੋਈ ਹੁਕਮ ਜਾਰੀ ਕੀਤਾ ਜਾਂਦਾ, ਨਗਰ ਨਿਗਮ ਨੇ ਦੱਸਿਆ ਕਿ ਪਟੀਸ਼ਨਰ ਮੁਤਾਬਕ ਜਨਮ ਸਰਟੀਫਿਕੇਟ ’ਚ ਬਦਲਾਅ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਆਸਟ੍ਰੇਲੀਆ 'ਚ ਪੰਜਾਬੀ ਬੱਚੇ ਨਾਲ ਵਾਪਰਿਆ ਭਿਆਨਕ ਹਾਦਸਾ! ਹੋਈ ਦਰਦਨਾਕ ਮੌਤ
ਹੁਕਮ ਜਾਰੀ ਹੋਣ ਤੋਂ ਪਹਿਲਾਂ ਕਰ ਦਿੱਤਾ ਬਦਲਾਅ
ਪੂਰਵਾ ਬਹਿਲ ਦੀ ਮਾਂ ਦਾ ਨਾਂ ਵਿਆਹ ਤੋਂ ਪਹਿਲਾਂ ਅਰਚਨਾ ਗੁਪਤਾ ਸੀ। ਉਨ੍ਹਾਂ ਦੇ ਸਾਰੇ ਦਸਤਾਵੇਜ਼ਾਂ ’ਚ ਇਹੀ ਨਾਂ ਦਰਜ ਸੀ। ਪੰਚਕੂਲਾ ਦੇ ਹਸਪਤਾਲ ’ਚ ਜਦੋਂ ਪੂਰਵਾ ਦਾ ਜਨਮ ਹੋਇਆ ਸੀ ਤਾਂ ਨਿਗਮ ਵੱਲੋਂ ਜਾਰੀ ਜਨਮ ਸਰਟੀਫਿਕੇਟ ’ਚ ਉਸ ਦੇ ਪਿਤਾ ਦੇ ਸਰਨੇਮ ਅਨੁਸਾਰ ਪੂਰਵਾ ਬਹਿਲ ਲਿਖਿਆ ਗਿਆ ਸੀ। ਪਟੀਸ਼ਨਕਰਤਾ ਦੇ ਵਕੀਲ ਅਨੁਸਾਰ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਨਗਰ ਨਿਗਮ ਪੰਚਕੂਲਾ ਨੂੰ ਅਰਜ਼ੀ ਦਿੱਤੀ ਸੀ ਤੇ ਜਨਮ ਸਰਟੀਫਿਕੇਟ ’ਚ ਅਰਚਨਾ ਗੁਪਤਾ ਦੀ ਥਾਂ ਅਰਚਨਾ ਬਹਿਲ ਕਰਨ ਦੀ ਮੰਗ ਕੀਤੀ ਸੀ। ਅਰਜ਼ੀ ਨਾਮਨਜ਼ੂਰ ਕਰ ਦਿੱਤੀ ਗਈ। ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਣ ਤੋਂ ਬਾਅਦ ਜਨਮ ਸਰਟੀਫਿਕੇਟ ’ਚ ਅਰਚਨਾ ਗੁਪਤਾ ਉਰਫ਼ ਅਰਚਨਾ ਬਹਿਲ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ! ਨੌਜਵਾਨ ਨੇ ਤੋੜਿਆ ਦਮ
ਕੇਂਦਰੀ ਵਿਦਿਆਲਿਆ ਨੂੰ ਸੀ ਇਤਰਾਜ਼
ਪੂਰਵਾ ਨੂੰ ਮੋਹਾਲੀ ਸਥਿਤ ਕੇਂਦਰੀ ਵਿਦਿਆਲਿਆ ’ਚ ਦਾਖ਼ਲਾ ਦਿਵਾਉਣ ਲਈ ਜਦੋਂ ਅਰਜ਼ੀ ਦਿੱਤੀ ਗਈ ਤਾਂ ਇਸ ’ਚ ਅਰਚਨਾ ਗੁਪਤਾ ਉਰਫ਼ ਅਰਚਨਾ ਬਹਿਲ ਵਾਲੇ ਸਰਟੀਫਿਕੇਟ ਕਾਰਨ ਅਰਜ਼ੀ ’ਤੇ ਇਤਰਾਜ਼ ਪ੍ਰਗਟਾਇਆ ਗਿਆ। ਇਸ ਤੋਂ ਬਾਅਦ 19 ਅਪ੍ਰੈਲ ਨੂੰ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ’ਤੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਸੀ। ਹੁਣ ਦੋ ਦਿਨ ਪਹਿਲਾਂ ਮਾਮਲੇ ਦੀ ਸੁਣਵਾਈ ਮੌਕੇ ਪੰਚਕੂਲਾ ਨਗਰ ਨਿਗਮ ਵੱਲੋਂ ਜਸਟਿਸ ਵਿਨੋਦ ਐੱਸ. ਭਾਰਦਵਾਜ ਨੇ ਅਦਾਲਤ ’ਚ ਜਵਾਬ ਦਾਇਰ ਕਰਦਿਆਂ ਕਿਹਾ ਕਿ ਜਨਮ ਸਰਟੀਫਿਕੇਟ ’ਚ ਬਦਲਾਅ ਕਰ ਦਿੱਤੇ ਗਏ ਹਨ। ਇਸ ਨਾਲ ਬੈਂਚ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8