ਕਪੂਰਥਲਾ ਜ਼ਿਲ੍ਹੇ ''ਚ 5 ਨਵੇਂ ਕੇਸਾਂ ਦੀ ਪੁਸ਼ਟੀ
Tuesday, Jul 21, 2020 - 05:40 PM (IST)

ਕਪੂਰਥਲਾ,(ਮਹਾਜਨ)- ਕੋਰੋਨਾ ਮਹਾਮਾਰੀ ਨਾਲ ਕਈ ਜੰਗ ਲਡ਼ਦੇ ਹੋਏ ਜਿਥੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਲੋਕਾਂ ਦੇ ਸਾਹ ਫੁੱਲਣ ਲੱਗੇ ਹਨ। ਪੰਜਾਬ ਦੇ ਮੁੱਖ ਮੰਤਰੀ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਹਤਿਹਾਤਾਂ ਦੇ ਬਾਵਜੂਦ ਵੀ ਕੋਰੋਨਾ ਆਪਣੇ ਪਿੰਡ ਪਸਾਰਦੇ ਨਜ਼ਰ ਆ ਰਿਹਾ ਹੈ ਤੇ ਲੋਕਾਂ ਨੂੰ ਆਪਣੀ ਲਪੇਟ ’ਚ ਲੈਂਦੀ ਜਾ ਰਹੀ ਹੈ। ਜ਼ਿਲਾ ਕਪੂਰਥਲਾ ਦੀ ਗੱਲ ਕਰੀਏ ਤਾਂ ਹੋਰ ਜ਼ਿਲਿਆਂ ਦੇ ਮੁਕਾਬਲੇ ਅਜੇ ਇਹ ਜ਼ਿਲਾ ਕਾਫੀ ਸੁਰੱਖਿਅਤ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਸੁਰੱਖਿਆ ਇਹਤਿਹਾਤਾਂ ਨੂੰ ਅਣਦੇਖਾ ਕਰਨ ਤੇ ਲੋਕਾਂ ਦੀ ਆਪਣੀ ਲਾਪਰਵਾਹੀ ਦੇ ਕਾਰਨ ਇਹ ਬਿਮਾਰੀ ਜ਼ਿਲੇ ’ਚ ਆਪਣੇ ਪੈਰ ਤੇਜ਼ੀ ਨਾਲ ਪਸਾਰ ਰਹੀ ਹੈ। ਜ਼ਿਲਾ ਕਪੂਰਥਲਾ ’ਚ ਆਮ ਲੋਕਾਂ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਪਾਰਟੀਆਂ ਦੇ ਲੋਕ ਇਸਦੀ ਲਪੇਟ ’ਚ ਆਉਣ ਲੱਗੇ ਹਨ। ਕੋਰੋਨਾ ਦੇ ਵੱਧਦੇ ਇਸ ਭਿਆਨਕ ਕਹਿਰ ਦੇ ਚੱਲਦੇ ਸੋਮਵਾਰ ਨੂੰ 5 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਕੋਰੋਨਾ ਪਾਜੀਟਿਵ ਦੇ ਕੁੱਲ ਮਰੀਜਾਂ ਦੀ ਗਿਣਤੀ ਕਰੀਬ 155 ਨੇਡ਼ੇ ਪੁੱਜ ਚੁੱਕੀ ਹੈ।
ਹਾਲਾਂਕਿ ਇਨ੍ਹਾਂ ’ਚੋਂ ਕਰੀਬ 114 ਦੇ ਆਸ-ਪਾਸ ਮਰੀਜ਼ਾਂ ਦੇ ਠੀਕ ਹੋਣ ਦੇ ਕਾਰਨ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ ਤੇ ਐਕਟਿਵ ਮਰੀਜ਼ ਸਿਰਫ 36 ਹਨ। ਜਦਕਿ ਹੁਣ ਤੱਕ ਕੋਰੋਨਾ 8 ਲੋਕਾਂ ਦੀ ਜਾਨ ਲੈ ਚੁੱਕਾ ਹੈ। ਜੇਕਰ ਸੁਰੱਖਿਆ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਐਕਟਿਵ ਮਰੀਜ਼ਾਂ ਦੀ ਗਿਣਤੀ 36 ਤੱਕ ਪਹੁੰਚਣਾ ਵੀ ਕਿਸੇ ਖਤਰੇ ਤੋਂ ਘੱਟ ਨਹੀ ਹੈ ਕਿਉਂਕਿ ਇਹ ਕੋਈ ਆਮ ਵਾਇਰਸ ਨਹੀਂ ਹੈ। ਜੇਕਰ ਕੋਈ ਇੱਕ ਇਸਦੇ ਸੰਪਰਕ ’ਚ ਆਉਂਦਾ ਹੈ ਤਾਂ ਉਸ ਵਿਅਕਤੀ ਦੇ ਸੰਪਰਕ ’ਚ ਆਉਣ ਵਾਲੇ ਸਭ ਵਿਅਕਤੀਆਂ ਨੂੰ ਇਹ ਆਪਣੇ ਲਪੇਟ ’ਚ ਲੈ ਲੈਂਦਾ ਹੈ। ਜੇਕਰ ਅਸੀ ਕੋਰੋਨਾ ’ਤੇ ਜਿੱਤ ਪਾਉਣੀ ਹੈ ਤਾਂ ਸਾਨੂੰ ਸਿਹਤ ਵਿਭਾਗ ਵੱਲੋਂ ਜਾਰੀ ਸਭ ਇਹਤਿਹਾਤਾਂ, ਖਾਸਕਰ ਸੋਸ਼ਲ ਡਿਸਟੈਂਸਿੰਗ ਤੇ ਸੈਨੀਟਾਈਜ਼ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।
ਸੋਮਵਾਰ ਨੂੰ ਇਹ 5 ਆਏ ਨਵੇਂ ਮਾਮਲੇ
ਪਹਿਲਾ ਮਾਮਲਾ : ਕੋਰੋਨਾ ਦੇ ਦੌਰ ’ਚ ਸ਼ੁਰੂ ਤੋਂ ਫਰੰਟ ਲਾਈਨ ’ਤੇ ਖਡ਼੍ਹੇ ਹੋ ਕੇ ਕੰਮ ਕਰਨ ਵਾਲੇ ਟ੍ਰੈਫਿਕ ਪੁਲਸ ਦੇ 52 ਸਾਲਾ ਏ. ਐੱਸ. ਆਈ. ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਉਕਤ ਏ. ਐੱਸ. ਆਈ ਡਿਊਟੀ ਨਿਭਾਉਂਦੇ ਰਹੇ ਪਰ ਹੁਣ ਪਾਜ਼ੇਟਿਵ ਪਾਏ ਜਾਣ ਦੇ ਕਾਰਣ ਉਨ੍ਹਾਂ ਨੂੰ ਆਈਸੋਲੇਸ਼ਨ ਸੈਂਟਰ ’ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹ ਹੁਣ ਕੋਰੋਨਾ ਨਾਲ ਜੰਗ ਲਡ਼ ਰਹੇ ਹਨ।
ਦੂਜਾ ਮਾਮਲਾ : ਸ਼ਹਿਰ ’ਚ ਕੋਰੋਨਾ ਵਿਸਫੋਟ ’ਚ ਚਰਚਿਤ ਰਹੇ ਜਲੰਧਰ ਰੋਡ ’ਤੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਮੁੱਖ ਸ਼ਾਖਾ ’ਚ ਕੰਮ ਕਰਨ ਵਾਲੇ ਅਧਿਕਾਰੀਆਂ ਸਮੇਤ ਕਰੀਬ 8 ਲੋਕ ਪਾਜ਼ੇਟਿਵ ਆਏ ਸਨ। ਜਿਸ ਕਾਰਣ ਕੁਝ ਦਿਨ ਤੱਕ ਇਸ ਬੈਂਕ ਦੀ ਸ਼ਾਖਾ ਨੂੰ ਬੰਦ ਵੀ ਰੱਖਿਆ ਗਿਆ ਸੀ। ਉਸੇ ਬੈਂਕ ਦੇ ਨਾਲ ਦੁਕਾਨ ਚਲਾਉਣ ਵਾਲੇ ਮੁਹੱਲਾ ਜੱਟਪੁਰਾ ਵਾਸੀ 44 ਸਾਲਾ ਪੁਰਸ਼ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਜਿਥੇ ਇਕ ਵਾਰ ਫਿਰ ਬੈਂਕ ਸ਼ਾਖਾ ’ਚ ਤੇ ਆਸਪਾਸ ਦੇ ਖੇਤਰਾਂ ’ਚ ਹਫਡ਼ਾ ਦਫਡ਼ੀ ਮਚ ਗਈ ਹੈ।
ਤੀਜਾ ਮਾਮਲਾ : ਸ਼ਹਿਰ ਦੇ ਕੇਸਰੀ ਬਾਗ ’ਚ ਰਹਿਣ ਵਾਲੇ 30 ਸਾਲਾ ਪੁਰਸ਼ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਉਕਤ ਖੇਤਰ ’ਚ ਖੌਫ ਵੱਧ ਗਿਆ ਹੈ। ਪਾਜ਼ੇਟਿਵ ਪਾਇਆ ਗਿਆ ਪੁਰਸ਼ ਕੁਝ ਦਿਨ ਪਹਿਲਾਂ ਹੀ ਦੂਜੇ ਸੂਬੇ ਤੋਂ ਪਰਤਿਆ ਸੀ, ਜਿਸਦਾ ਕੋਰੋਨਾ ਟੈਸਟ ਲੈਣ ਲਈ ਉਹ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਿਹਤ ਵਿਭਾਗ ਨੇ ਉਸਨੂੰ ਪੀ. ਟੀ. ਯੂ. ’ਚ ਬਣੇ ਆਈਸੋਲੇਸ਼ਨ ਸੈਂਟਰ ’ਚ ਭਰਤੀ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਉਕਤ ਮੁਹੱਲੇ ’ਚ ਸਕਰੀਨਿੰਗ ਵੀ ਕੀਤੀ।
ਚੌਥਾ ਮਾਮਲਾ : ਅਮਨ ਨਗਰ ਵਾਸੀ 48 ਸਾਲਾ ਪੁਰਸ਼ ਜੋ ਜਲੰਧਰ ’ਚ ਨੌਕਰੀ ਕਰਦਾ ਹੈ ਤੇ ਰੋਜ਼ਾਨਾ ਆਉਂਦਾ-ਜਾਂਦਾ ਹੈ, ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਸਨੂੰ ਆਈਸੋਲੇਸ਼ਨ ਵਾਰਡ ’ਚ ਭਰਤੀ ਕਰ ਦਿੱਤਾ ਗਿਆ ਤੇ ਉਕਤ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਸਕਰੀਨਿੰਗ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
5ਵਾਂ ਮਾਮਲਾ : ਬਲਾਕ ਟਿੱਬਾ ਦੇ ਪਿੰਡ ਨੱਥੂਪੁਰ ਦੀ ਰਹਿਣ ਵਾਲੀ 47 ਸਾਲਾ ਮਹਿਲਾ ਪਾਜ਼ੇਟਿਵ ਪਾਈ ਗਈ ਹੈ, ਜੋ ਕਿ ਆਪਣੇ ਨਜਦੀਕੀ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਪਰਤੀ ਸੀ, ਜਿਸਦੇ ਬਾਅਦ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ। ਜਿਸਨੂੰ ਪੀ. ਟੀ. ਯੂ. ਵਿਖੇ ਬਣਾਏ ਗਏ ਆਈਸੋਲੇਸ਼ਨ ਸੈਂਟਰ ’ਚ ਭਰਤੀ ਕਰਵਾਇਆ ਗਿਆ।
ਜ਼ਿਲੇ ’ਚ 271 ਲੋਕਾ ਦੀ ਹੋਈ ਸੈਂਪਲਿੰਗ
ਸਿਵਲ ਸਰਜਨ ਡਾ. ਜਸਮੀਤ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਜ਼ਿਲੇ ’ਚ ਕਰੀਬ 271 ਲੋਕਾ ਦੀ ਸੈਂਪਲਿੰਗ ਕੀਤੀ ਗਈ, ਜਿਸ ’ਚ ਕਪੂਰਥਲਾ ਦੇ 126, ਕਾਲਾ ਸੰਘਿਆਂ ਤੋਂ 32, ਸੁਲਤਾਨਪੁਰ ਲੋਧੀ ਤੋਂ 22, ਫੱਤੂਢੀਂਗਾ ਤੋਂ 25, ਭੁਲੱਥ ਤੋਂ 23, ਬੇਗੋਵਾਲ ਤੋਂ 23, ਟਿੱਬਾ ਤੋਂ 20 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜੋ ਸੋਮਵਾਰ ਨੂੰ ਪੰਜ ਲੋਕ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ਦੀ ਟ੍ਰੈਵਲ ਹਿਸਟਰੀ ਡਿਟੇਲ ਲਈ ਜਾ ਰਹੀ ਹੈ ਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਕਤ ਖੇਤਰਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ।