ਉੱਤਰੀ ਵਿਧਾਨਸਭਾ ਹਲਕੇ ਦੀਆਂ 5 ਨਾਜਾਇਜ਼ ਕਾਲੋਨੀਆਂ ’ਤੇ ਅੱਜ ਚਲਾਏ ਜਾ ਸਕਦੇ ਨੇ ਬੁਲਡੋਜ਼ਰ

10/07/2022 5:45:38 PM

ਜਲੰਧਰ, (ਖੁਰਾਣਾ) – ਨਗਰ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਅੱਜ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਇਸ ਦੌਰਾਨ ਸ਼ਹਿਰ ਵਿਚ ਨਾਜਾਇਜ਼ ਢੰਗ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ ਤੇ ਨਾਜਾਇਜ਼ ਉਸਾਰੀਆਂ ’ਤੇ ਚਿੰਤਾ ਪ੍ਰਗਟ ਕੀਤੀ ਗਈ।
ਮੀਟਿੰਗ ਵਿਚ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਨਾਜਾਇਜ਼ ਉਸਾਰੀਆਂ, ਕਾਲੋਨੀਆਂ ਆਦਿ ’ਤੇ ਸਖ਼ਤੀ ਵਰਤੀ ਜਾਵੇ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਉੱਤਰੀ ਵਿਧਾਨ ਸਭਾ ਹਲਕੇ ਵਿਚ ਪੈਂਦੀਆਂ ਲਗਭਗ 5 ਨਾਜਾਇਜ਼ ਕਾਲੋਨੀਆਂ ’ਤੇ ਸ਼ੁੱਕਰਵਾਰ ਸਵੇਰੇ ਬੁਲਡੋਜ਼ਰ ਚਲਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ - ਭਗਵਾਨ ਮਹਾਰਿਸ਼ੀ ਵਾਲਮੀਕਿ ਸ਼ੋਭਾ ਯਾਤਰਾ ਸਬੰਧੀ ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ

ਇਹ ਨਾਜਾਇਜ਼ ਕਾਲੋਨੀਆਂ ਮਕਸੂਦਾਂ ਅਤੇ ਵੇਰਕਾ ਮਿਲਕ ਪਲਾਂਟ ਦੇ ਪਿੱਛੇ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਨਗਰ ਨਿਗਮ ਨੋਟਿਸ ਵੀ ਜਾਰੀ ਕਰ ਚੁੱਕਿਆ ਹੈ। ਪਤਾ ਲੱਗਾ ਹੈ ਕਿ ਅੱਜ ਹੋਈ ਮੀਟਿੰਗ ਦੌਰਾਨ ਕਮਿਸ਼ਨਰ ਨੇ ਇਨ੍ਹਾਂ ਕਾਲੋਨੀਆਂ ਨੂੰ ਤੋੜਨ ਸਬੰਧੀ ਫਾਈਲ ’ਤੇ ਦਸਤਖਤ ਵੀ ਕਰ ਦਿੱਤੇ ਹਨ।
ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਹੀ ਨਿਗਮ ਦੀ ਟੀਮ ਸ਼ਹਿਰ ਵਿਚ ਕੁੱਝ ਨਾਜਾਇਜ਼ ਬਿਲਡਿੰਗਾਂ ਨੂੰ ਸੀਲ ਵੀ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਨਿਗਮ ਨੂੰ ਕੁੱਝ ਨਾਜਾਇਜ਼ ਬਿਲਡਿੰਗਾਂ ਦੀ ਸੂਚੀ ਦਿੱਤੀ ਹੋਈ ਹੈ, ਜਿਨ੍ਹਾਂ ’ਤੇ ਐਕਸ਼ਨ ਲਿਆ ਜਾ ਸਕਦਾ ਹੈ। ਵਿਭਾਗ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਲ੍ਹ 3 ਜਾਂ 4 ਬਿਲਡਿੰਗਾਂ ਨੂੰ ਸੀਲ ਕੀਤਾ ਜਾਵੇਗਾ ਪਰ ਪਤਾ ਲੱਗਿਆ ਹੈ ਕਿ ਕਮਿਸ਼ਨਰ ਨੇ ਅੱਜ ਸਿਰਫ ਇਕ ਬਿਲਡਿੰਗ ਨੂੰ ਸੀਲ ਕਰਨ ਸਬੰਧੀ ਫਾਈਲ ’ਤੇ ਹੀ ਦਸਤਖਤ ਕੀਤੇ ਹਨ।

ਇਹ ਵੀ ਪੜ੍ਹੋ - ਮਲਸੀਆਂ ਤੇ ਸ਼ਾਹਕੋਟ ਇਲਾਕੇ ’ਚ ਕੈਮੀਕਲ ਸ਼ਰਾਬ ਸਣੇ ਨਸ਼ਿਆਂ ਦੀ ਵਿਕਰੀ ਜ਼ੋਰਾਂ ’ਤੇ

ਬਿਲਡਿੰਗ ਵਿਭਾਗ ’ਚ ਸਟਾਫ ਦੀ ਘਾਟ ’ਤੇ ਚਿੰਤਾ ਪ੍ਰਗਟ
ਪਤਾ ਲੱਗਿਆ ਹੈ ਕਿ ਮੀਟਿੰਗ ਦੌਰਾਨ ਐੱਮ.ਟੀ.ਪੀ. ਨੀਰਜ ਭੱਟੀ ਨੇ ਬਿਲਡਿੰਗ ਵਿਭਾਗ ਵਿਚ ਸਟਾਫ ਦੀ ਘਾਟ ’ਤੇ ਕਮਿਸ਼ਨਰ ਨਾਲ ਚਰਚਾ ਕੀਤੀ ਅਤੇ ਸਾਫ ਸ਼ਬਦਾਂ ਵਿਚ ਕਿਹਾ ਕਿ ਸਟਾਫ ਨਾ ਹੋਣ ਕਾਰਨ ਨਾਜਾਇਜ਼ ਉਸਾਰੀਆਂ ਨੂੰ ਨਾ ਤਾਂ ਰੋਕਿਆ ਜਾ ਰਿਹਾ ਹੈ ਅਤੇ ਨਾ ਹੀ ਨੋਟਿਸ ਸਰਵ ਹੋ ਰਹੇ ਹਨ।
ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਿਛਲੇ ਸਮੇਂ ਵਿਚ ਨਿਗਮ ਕਮਿਸ਼ਨਰ ਨੇ ਦੂਜੇ ਵਿਭਾਗਾਂ ਦੇ ਜਿਹੜੇ ਕਰਮਚਾਰੀਆਂ ਦੀ ਡਿਊਟੀ ਬਿਲਡਿੰਗ ਵਿਭਾਗ ਦੇ ਕੰਮ ਲਈ ਲਾਈ ਸੀ, ਉਹ ਕੰਮ ਵਿਚ ਦਿਲਚਸਪੀ ਨਹੀਂ ਲੈ ਰਹੇ। ਇਸ ਕਾਰਨ ਬਿਲਡਿੰਗ ਵਿਭਾਗ ਵਿਚ ਸਟਾਫ ਨਾਂਮਾਤਰ ਹੀ ਰਹਿ ਗਿਆ ਹੈ। ਸਰਕਾਰ ਵੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਮੀਟਿੰਗ ਦੌਰਾਨ 2 ਅਫਸਰਾਂ ਵਿਚਕਾਰ ਸਟਾਫ ਦੀ ਘਾਟ ਨੂੰ ਲੈ ਕੇ ਮਾਮੂਲੀ ਤਕਰਾਰ ਹੋਣ ਦੀ ਵੀ ਖਬਰ ਹੈ।


Anuradha

Content Editor

Related News