ਖਰੜ 'ਚ ਪੁਲਸ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ ਜ਼ਖਮੀਂ, 4 ਸਾਥੀਆਂ ਸਣੇ ਗ੍ਰਿਫਤਾਰ

Friday, Jul 24, 2020 - 04:44 PM (IST)

ਖਰੜ 'ਚ ਪੁਲਸ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ ਜ਼ਖਮੀਂ, 4 ਸਾਥੀਆਂ ਸਣੇ ਗ੍ਰਿਫਤਾਰ

ਖਰੜ (ਅਮਰਦੀਪ, ਰਮਨਜੀਤ) : ਇਕ ਵੱਡੀ ਸਫ਼ਲਤਾ ਦਰਜ ਕਰਦਿਆਂ ਪੰਜਾਬ ਪੁਲਸ ਦੀ ਸੰਗਠਿਤ ਅਪਰਾਧ ਰੋਕੂ ਇਕਾਈ (ਓ. ਸੀ. ਸੀ. ਯੂ.) ਨੇ ਸ਼ੁੱਕਰਵਾਰ ਨੂੰ ਇਕ ਸੰਖੇਪ ਮੁਕਾਬਲੇ ਤੋਂ ਬਾਅਦ ਪੰਜ ਖਤਰਨਾਕ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਜ਼ਬਤ ਕੀਤੇ ਹਨ। ਇਸ ਮੁਕਾਬਲੇ ਦੌਰਾਨ ਖਰੜ ਦੇ ਸੰਨੀ ਇਨਕਲੇਵ 'ਚ ਇਕ ਲੋੜੀਂਦਾ ਅਪਰਾਧੀ ਜੌਨ੍ਹ ਬੁੱਟਰ ਜ਼ਖਮੀ ਹੋ ਗਿਆ।

PunjabKesari

ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਅਨੁਸਾਰ ਇਨ੍ਹਾਂ ਅਪਰਾਧੀਆਂ ਪਾਸੋਂ 9 ਐੱਮ. ਐੱਮ. ਦੀ ਪਿਸਤੌਲ, ਇਕ .30 ਬੋਰ, ਇਕ 32 ਬੋਰ ਅਤੇ ਦੋ .315 ਬੋਰ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਗੁਪਤਾ ਨੇ ਦੱਸਿਆ ਕਿ ਬੁੱਟਰ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਜਬਰਨ ਵਸੂਲੀ ਦੇ 18 ਤੋਂ ਵੱਧ ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਸੀ ਅਤੇ ਇਹ ਭਗੌੜਾ ਅਪਰਾਧੀ ਸੀ। ਗੁਪਤਾ ਨੇ ਕਿਹਾ ਕਿ ਸੰਨੀ ਇਨਕਲੇਵ 'ਚ ਲੁਕੇ ਹੋਏ ਸ਼ੱਕੀ ਵਿਅਕਤੀਆਂ ਵਲੋਂ ਓ. ਸੀ. ਸੀ. ਯੂ. ਦੀ ਛਾਪਾ ਮਾਰਨ ਗਈ ਟੀਮ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਪੁਲਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ। ਬੁੱਟਰ, ਜੋ ਗੈਂਗਸਟਰ ਕੁਲਦੀਪ ਸਿੰਘ ਉਰਫ਼ ਕੀਪਾ ਦੇ ਕਤਲ ਦਾ ਮੁੱਖ ਦੋਸ਼ੀ ਹੈ, ਜਵਾਬੀ ਫਾਇਰਿੰਗ 'ਚ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਇਸ ਕਾਰਵਾਈ ਦੌਰਾਨ ਕੋਈ ਵੀ ਪੁਲਸ ਮੁਲਾਜ਼ਮ ਜਖ਼ਮੀ ਨਹੀਂ ਹੋਇਆ। ਗੁਪਤਾ ਨੇ ਦੱਸਿਆ ਕਿ ਏ. ਆਈ. ਜੀ. ਓ. ਸੀ. ਸੀ. ਗੁਰਮੀਤ ਚੌਹਾਨ ਦੀ ਅਗਵਾਈ 'ਚ ਇਕ ਵਿਸ਼ੇਸ਼ ਆਪ੍ਰੇਸ਼ਨ ਟੀਮ ਨੇ ਸੂਚਨਾ ਮਿਲਣ ’ਤੇ ਸੰਨੀ ਇਨਕਲੇਵ 'ਚ ਲੁਕੇ ਸ਼ੱਕੀ ਵਿਅਕਤੀਆਂ ਦੇ ਟਿਕਾਣੇ ’ਤੇ ਛਾਪਾ ਮਾਰਿਆ। ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ ਪਰ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਥਾਣਾ ਸਦਰ ਖਰੜ, ਮੋਹਾਲੀ ਵਿਖੇ ਆਈ. ਪੀ. ਸੀ. ਦੀ ਧਾਰਾ 307, 353, 186, 120 ਬੀ ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਗ੍ਰਿਫ਼ਤਾਰ ਕੀਤੇ ਗਏ 5 ਅਪਰਾਧੀਆਂ ਖਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਵਦੀਪ ਸਿੰਘ ਉਰਫ਼ ਜੌਨ੍ਹ ਬੁੱਟਰ ਪੁੱਤਰ ਟੇਕ ਸਿੰਘ ਵਾਸੀ ਬੁੱਟਰ ਕਲਾਂ, ਮੋਗਾ; ਕੁਲਵਿੰਦਰ ਉਰਫ ਕਿੰਦਾ ਪੁੱਤਰ ਬਲਦੇਵ ਸਿੰਘ ਵਾਸੀ ਬੁੱਟਰ ਕਲਾਂ, ਮੋਗਾ; ਅੰਮ੍ਰਿਤਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਾਨੁਪੁਰ, ਸਮਰਾਲਾ, ਖੰਨਾ; ਪਲਵਿੰਦਰ ਸਿੰਘ ਉਰਫ਼ ਪਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਬੁੱਟਰ ਕਲਾਂ, ਮੋਗਾ ਅਤੇ ਅਮਰੀਕ ਸਿੰਘ ਉਰਫ਼ ਅੰਗਰੇਜ਼ ਸਿੰਘ ਪੁੱਤਰ ਮਦਨ ਲਾਲ ਵਾਸੀ ਲੋਪਨ, ਸਮਰਾਲਾ, ਖੰਨਾ ਵਜੋਂ ਹੋਈ ਹੈ।

ਗੁਪਤਾ ਨੇ ਦੱਸਿਆ ਕਿ ਬੁੱਟਰ ਸਾਬਕਾ ਸਰਪੰਚ ਸ਼ਿੰਦਰ ਸਿੰਘ ਦੇ ਸਾਥੀਆਂ ’ਤੇ ਹੋਈ ਗੋਲੀਬਾਰੀ ਦੀ ਘਟਨਾ ਦਾ ਮੁੱਖ ਮੁਲਜ਼ਮ ਵੀ ਹੈ। ਉਸ ਨੇ ਫੇਸਬੁੱਕ ’ਤੇ ਵੀ ਉਕਤ ਘਟਨਾ ਦੀ ਜ਼ਿੰਮੇਵਾਰੀ ਦਾ ਦਾਅਵਾ ਕਰਦਿਆਂ ਵੀਡੀਓ ਅਪਲੋਡ ਕੀਤੇ ਸਨ ਅਤੇ ਸਾਬਕਾ ਸਰਪੰਚ ਸ਼ਿੰਦਰ ਸਿੰਘ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ। ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਪਲਵਿੰਦਰ ਸਿੰਘ ਉਰਫ਼ ਪਿੰਦਾ, ਮੋਗਾ ਦੇ ਬੱਧਣੀ ਕਲਾਂ ਪੁਲਸ ਥਾਣੇ ਵਿਖੇ ਦਰਜ ਗੈਂਗਸਟਰ ਕੁਲਦੀਪ ਸਿੰਘ ਉਰਫ਼ ਕੀਪਾ ਦੇ ਕਤਲ ਕੇਸ ਵਿਚ ਭਗੌੜਾ ਅਪਰਾਧੀ ਹੈ। ਅਮਰੀਕ ਸਿੰਘ ਖਿਲਾਫ਼ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਤਸਕਰੀ ਦੇ ਕੇਸ ਦਰਜ ਹਨ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ’ਤੇ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਕੇਸ ਦਰਜ ਹਨ।


author

Babita

Content Editor

Related News