2 ‘ਵੱਡੀਆਂ ਮੱਛੀਆਂ’ ਸਣੇ 5 ਨਸ਼ਾ ਤਸਕਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, DRI ਮੁੰਬਈ ਨੂੰ ਵੀ ਸੀ ਮੁਲਜ਼ਮਾਂ ਦੀ ਭਾਲ

Tuesday, Jan 30, 2024 - 10:44 PM (IST)

ਚੰਡੀਗੜ੍ਹ/ਜਲੰਧਰ/ਅੰਮ੍ਰਿਤਸਰ (ਰਮਨਜੀਤ ਸਿੰਘ, ਧਵਨ, ਸੰਜੀਵ)- ਪੰਜਾਬ ਪੁਲਸ ਨੇ ਨਸ਼ੇ ਦੇ ਧੰਦੇ ਵਿਚ ਵੱਡੀਆਂ ਮੱਛੀਆਂ ਮੰਨੇ ਜਾਂਦੇ 2 ਭਗੌੜੇ ਭਰਾਵਾਂ ਤੇ ਉਨ੍ਹਾਂ ਦੇ 3 ਸਾਥੀਆਂ ਨੂੰ 3 ਕਿਲੋ ਹੈਰੋਇਨ ਅਤੇ 5.25 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਅੱਜ ਦੱਸਿਆ ਕਿ ਫੜ੍ਹੇ ਗਏ ਮੁੱਖ ਅਪਰਾਧੀਆਂ ਦੀ ਪਛਾਣ ਮਨਜੀਤ ਸਿੰਘ ਉਰਫ਼ ਮੰਨਾ ਅਤੇ ਲਵਜੀਤ ਸਿੰਘ ਉਰਫ਼ ਲਵ ਉਰਫ਼ ਲਾਭ ਦੋਵੇਂ ਵਾਸੀ ਗੁਰੂ ਕੀ ਵਡਾਲੀ ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ 3 ਸਾਥੀਆਂ ਦੀ ਪਛਾਣ ਕੰਸ ਕੌਰ ਵਾਸੀ ਛੇਹਰਟਾ, ਅੰਮ੍ਰਿਤਸਰ, ਹਰਮਨਜੀਤ ਸਿੰਘ ਉਰਫ਼ ਹਰਮਨ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨਾ ਦੋਵੇਂ ਵਾਸੀ ਪਿੰਡ ਧੁੰਨ ਢਾਹੇਵਾਲ, ਤਰਨਤਾਰਨ ਵਜੋਂ ਹੋਈ ਹੈ। ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ ਪੁਲਸ ਟੀਮਾਂ ਨੇ ਉਨ੍ਹਾਂ ਦੀਆਂ 3 ਕਾਰਾਂ ਅਤੇ ਇਕ ਸਪਲੈਂਡਰ ਮੋਟਰਸਾਈਕਲ ਨੂੰ ਜ਼ਬਤ ਕਰਨ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ਵਿਚੋਂ ਤੋਲਣ ਵਾਲਾ ਇਲੈਕਟ੍ਰਾਨਿਕ ਕੰਡਾ ਵੀ ਜ਼ਬਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - 3 ਫ਼ਰਵਰੀ ਨੂੰ ਮਿੰਨੀ ਗੋਆ 'ਚ ਕਰਵਾਈ ਜਾਵੇਗੀ ਪ੍ਰਵਾਸੀ ਭਾਰਤੀ ਮਿਲਣੀ, CM ਮਾਨ ਕਰਨਗੇ ਉਦਘਾਟਨ

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਲਵਜੀਤ ਉਰਫ ਲਵ ਅਤੇ ਮਨਜੀਤ ਉਰਫ਼ ਮੰਨਾ ਦੋਵੇਂ 2015 ਤੋਂ ਭਗੌੜੇ ਹਨ, ਜਿਨ੍ਹਾਂ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜਨਾਂ ਕੇਸ ਦਰਜ ਹਨ। ਉਨ੍ਹਾਂ ਅੱਗੇ ਦੱਸਿਆ ਕਿ ਦੋਵੇਂ ਦੋਸ਼ੀ ਭਰਾ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਮੁੰਬਈ ਨੂੰ 260-ਕਿਲੋਗ੍ਰਾਮ ਹੈਰੋਇਨ ਅਤੇ ਦਿੱਲੀ ਸਪੈਸ਼ਲ ਸੈੱਲ ਨੂੰ 356-ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਲੋੜੀਂਦੇ ਹਨ। ਡੀ. ਜੀ.ਪੀ. ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਲਖਨਊ ਤੋਂ ਲਖੀਮਪੁਰ ਖੇੜੀ, ਉੱਤਰ ਪ੍ਰਦੇਸ਼ ਦੇ ਪਤੇ ’ਤੇ ਜਾਅਲੀ ਪਾਸਪੋਰਟ ਵੀ ਤਿਆਰ ਕਰਵਾਏ ਸਨ ਅਤੇ ਦੋਵੇਂ ਦੇਸ਼ ਛੱਡ ਕੇ ਭੱਜਣ ਦੀ ਯੋਜਨਾ ਬਣਾ ਰਹੇ ਸਨ। ਮੁੱਢਲੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਭਰਾ ਹਵਾਲਾ ਨੈੱਟਵਰਕ ਵਿਚ ਵੀ ਸ਼ਾਮਲ ਸਨ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

PunjabKesari

ਇਸ ਸਬੰਧੀ ਪੁਲਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਲਵਜੀਤ ਉਰਫ਼ ਲਵ ਅਤੇ ਮਨਜੀਤ ਉਰਫ਼ ਮੰਨਾ ਤੋਂ ਹੈਰੋਇਨ ਦੀ ਪ੍ਰਾਪਤ ਕੀਤੀ ਖੇਪ ਲੈ ਕੇ ਹਰਮਨਜੀਤ ਉਰਫ਼ ਹਰਮਨ ਸਪਲਾਈ ਕਰਨ ਜਾ ਰਿਹਾ ਸੀ। ਇਸ ’ਤੇ ਕਾਰਵਾਈ ਕਰਦਿਆਂ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ਼ ਦੀ ਪੁਲਸ ਟੀਮ ਨੇ ਛੇਹਰਟਾ ਇਲਾਕੇ ਤੋਂ ਮੁਲਜ਼ਮ ਹਰਮਨ ਨੂੰ 2 ਕਿਲੋ ਹੈਰੋਇਨ, 1.25 ਲੱਖ ਰੁਪਏ ਡਰੱਗ ਮਨੀ ਅਤੇ ਹੁੰਡਈ ਆਈ-20 ਕਾਰ, ਜਿਸ ਵਿਚ ਉਹ ਸਫ਼ਰ ਕਰ ਰਿਹਾ ਸੀ, ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - 'ਇਸ ਦੁਨੀਆ ਵਿਚ ਮੇਰਾ ਸਮਾਂ ਖ਼ਤਮ ਹੋ ਗਿਆ ਹੈ...'; ਰਿਸ਼ਭ ਪੰਤ ਨੇ ਸਾਂਝੀ ਕੀਤੀ ਭਾਵੁਕ ਸਟੋਰੀ

ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਕਰਦਿਆਂ ਪੁਲਸ ਟੀਮਾਂ ਨੇ ਦੋਵਾਂ ਮੁਲਜ਼ਮ ਭਰਾਵਾਂ ਅਤੇ ਉਨ੍ਹਾਂ ਦੇ 2 ਸਾਥੀਆਂ ਮਨਪ੍ਰੀਤ ਅਤੇ ਕੰਸ ਕੌਰ ਨੂੰ ਵੀ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਕਿਲੋ ਹੈਰੋਇਨ, 4 ਲੱਖ ਰੁਪਏ ਡਰੱਗ ਮਨੀ, ਦੋ ਕਾਰਾਂ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।

PunjabKesari

ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਨੇ ਸੰਪਤੀਆਂ ਦੀ ਵੀ ਸ਼ਨਾਖ਼ਤ ਕੀਤੀ ਹੈ, ਜਿਸ ਵਿਚ ਅੰਮ੍ਰਿਤਸਰ ਵਿਚ ਇਕ ਘਰ ਅਤੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ, ਅੰਮ੍ਰਿਤਸਰ ਵਿਚ ਬਾਬਾ ਬਕਾਲਾ ਅਤੇ ਅੰਮ੍ਰਿਤਸਰ ਵਿਚ ਰਾਏਪੁਰ ਵਿਚ ਜ਼ਮੀਨ/ਪਲਾਟ ਸ਼ਾਮਲ ਹਨ, ਜਿਨ੍ਹਾਂ ਦੀ ਖਰੀਦ ਕਥਿਤ ਤੌਰ ’ਤੇ ਮੁਲਜਮ ਭਰਾਵਾਂ ਵਲੋਂ ਡਰੱਗ ਮਨੀ ਦੀ ਵਰਤੋਂ ਕਰ ਕੇ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚੇ ਡਰੱਗ ਕਾਰਟਲ ਦਾ ਪਤਾ ਲਗਾਉਣ ਅਤੇ ਇਸ ਵਿਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News