5 ਧੀਆਂ ਹੋਣ 'ਤੇ ਦੁਖੀ ਪਿਤਾ ਨੂੰ ਲੱਗੀ ਨਸ਼ੇ ਦੀ ਲਤ, ਹੋਈ ਮੌਤ (ਤਸਵੀਰਾਂ)
Monday, Sep 09, 2019 - 04:44 PM (IST)

ਅਬੋਹਰ (ਸੁਨੀਲ) - ਅਬੋਹਰ ਦੇ ਪਿੰਡ ਦਾਨੇਵਾਲਾ ਸਤਕੋਸੀ 'ਚ ਰਹਿਣ ਵਾਲੇ ਇਕ ਵਿਅਕਤੀ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ 'ਚ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਦਰਸ਼ਨ ਸਿੰਘ (35) ਪੁੱਤਰ ਮੱਖਣ ਸਿੰਘ ਵਲੋਂ ਹੋਈ ਹੈ ਜਿਸ ਦੀਆਂ 5 ਧੀਆਂ ਹਨ। 5 ਧੀਆਂ ਹੋਣ ਕਾਰਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਨਸ਼ੇ ਦੀ ਵਰਤੋਂ ਕਰਨੀ ਜ਼ਿਆਦਾ ਸ਼ੁਰੂ ਕਰ ਦਿੱਤੀ। ਮ੍ਰਿਤਕ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ ਅਤੇ ਉਹ ਆਪ ਵੀ ਸ਼ਰਾਬ ਪੀਣ ਦਾ ਆਦੀ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਮ੍ਰਿਤਕ ਪਿੰਡ 'ਚ ਆਪਣੇ ਸਹੁਰੇ ਵਾਲਿਆਂ ਦੀ ਥਾਂ 'ਤੇ ਰਹਿੰਦਾ ਸੀ। ਬੀਤੀ ਸ਼ਾਮ ਥਾਣਾ ਖੂਈਆਂ ਸਰਵਰ ਦੀ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ 'ਚ ਪਈ ਹੈ, ਜਿਸ 'ਤੇ ਥਾਣਾ ਮੁਖੀ ਪਰਮਜੀਤ ਅਤੇ ਏ.ਐੱਸ.ਆਈ. ਸੁਖਪਾਲ ਸਿੰਘ ਟੀਮ ਸਮੇਤ ਮੌਕੇ 'ਤੇ ਪਹੁੰਚੇ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਤਾਂ ਪਿੰਡ ਦਾ ਹੀ ਜਵਾਈ ਹੈ।