40 ਸਾਲਾਂ ਬਾਅਦ ਵੀ ਉਵੇਂ ਦਾ ਉਵੇਂ ਹੈ ਸ੍ਰੀ ਕੀਰਤਪੁਰ ਸਾਹਿਬ

04/18/2018 1:07:36 PM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪੰਜ ਪੰਚਾਇਤਾਂ ਨੂੰ ਭੰਗ ਕਰ ਕੇ ਕਰੀਬ ਪੰਜ ਸਾਲ ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਨੂੰ ਨਗਰ ਪੰਚਾਇਤ ਦਾ ਦਰਜਾ ਦਿੱਤਾ ਗਿਆ ਸੀ ਤਾਂ ਜੋ ਇਸ ਧਾਰਮਕ ਨਗਰੀ ਦਾ ਸਰਬਪੱਖੀ ਵਿਕਾਸ ਹੋ ਸਕੇ ਪਰ ਇਸ ਦੇ ਬਾਵਜੂਦ ਸ੍ਰੀ ਕੀਰਤਪੁਰ ਸਾਹਿਬ ਦੀ ਨਗਰੀ ਵਿਕਾਸ ਨੂੰ ਤਰਸ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਵਿਕਾਸ ਕਰਾਉਣ ਦੇ ਐਲਾਨ ਤੇ ਯੋਜਨਾਵਾਂ ਸਿਰਫ਼ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਵਿਕਾਸ ਲਈ ਆਏ ਲੱਖਾਂ-ਕਰੋੜਾਂ ਰੁਪਏ ਦੇ ਫੰਡ ਇਸ ਸਮੇਂ ਬੈਂਕ ਖਾਤਿਆਂ ਵਿਚ ਰੁਲ ਰਹੇ ਹਨ, ਜਿਸ ਕਰਾਨ 40 ਸਾਲ ਬਾਅਦ ਵੀ ਕਸਬਾ ਉਵੇਂ ਦਾ ਉਵੇਂ ਹੀ ਹੈ। 
ਕਸਬੇ ਵਿਚ ਮੁੱਖ ਤੌਰ 'ਤੇ ਹੋਣ ਵਾਲੇ ਕੰਮ
ਇਸ ਸਮੇਂ ਸ੍ਰੀ ਕੀਰਤਪੁਰ ਸਾਹਿਬ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਪਾਉਣ, ਸਾਰੀਆਂ ਗਲੀਆਂ ਲਿੰਕ ਸੜਕਾਂ ਦਾ ਨਵੀਨੀਕਰਨ ਕਰਨ, ਨਵਾਂ ਬੱਸ ਸਟੈਂਡ, ਸੁੰਦਰ ਵੱਡਾ ਪਾਰਕ, ਕਮਿਊਨਿਟੀ ਸੈਂਟਰ, ਨਵੇਂ ਤੇ ਪੁਰਾਣੇ ਬੱਸ ਸਟੈਂਡ 'ਤੇ ਯਾਤਰੀਆਂ ਤੇ ਸੈਲਾਨੀਆਂ ਲਈ ਬਾਥਰੂਮ ਦੀ ਉਸਾਰੀ ਕਰਾਉਣ, ਪੁਰਾਣੇ ਬੱਸ ਸਟੈਂਡ ਤੋਂ ਮੇਨ ਬਾਜ਼ਾਰ ਨੂੰ ਆਪਸ ਵਿਚ ਜੋੜਨ ਵਾਲੀ ਭਾਖੜਾ ਨਹਿਰ 'ਤੇ ਬਣੀ ਛੋਟੀ ਪੁਲੀ ਨੂੰ ਵੱਡਾ ਕਰਨ, ਪੁਲੀ ਨਜ਼ਦੀਕ ਹਾਈ ਮਸਟ ਲਾਈਟਾਂ ਲਾਉਣ, ਗੁਰਦੁਆਰਾ ਪਤਾਲਪੁਰੀ ਨੂੰ ਜਾਣ ਵਾਲੇ ਰਸਤੇ 'ਤੇ ਰੇਲਵੇ ਫਾਟਕ ਤੋਂ ਛੁਟਕਾਰਾ ਦਿਵਾਉਣ ਲਈ ਅੰਡਰਬ੍ਰਿਜ ਬਣਾਉਣ ਆਦਿ ਹਨ।
ਵਾਰਡਬੰਦੀ ਨੂੰ ਨਹੀਂ ਪਹਿਨਾਇਆ ਅਮਲੀਜਾਮਾ
ਸੰਨ 2013 ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਮਦਨ ਮੋਹਨ ਮਿੱਤਲ ਨੇ ਸ੍ਰੀ ਕੀਰਤਪੁਰ ਸਾਹਿਬ ਸਮੇਤ ਪੰਜ ਪੰਚਾਇਤਾਂ ਨੂੰ ਭੰਗ ਕਰ ਕੇ ਨਗਰ ਪੰਚਾਇਤ ਦਾ ਗਠਨ ਕਰਵਾਇਆ ਸੀ। ਉਸ ਤੋਂ ਬਾਅਦ ਵਾਰਡਬੰਦੀ ਕਰਨ ਦਾ ਵੀ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਕਮੇਟੀ ਦੇ ਕੌਂਸਲਰ ਤੇ ਪ੍ਰਧਾਨ ਦੀ ਚੋਣ ਕੀਤੀ ਜਾ ਸਕੇ। ਪਰ ਪਿੰਡ ਸ਼ਾਹਪੁਰ ਬੇਲਾ ਤੇ ਜਿਊਵਾਲ ਦੇ ਦੱਬਵਾਲੀ ਵਾਸ ਦੇ ਲੋਕਾਂ ਵੱਲੋਂ ਨਗਰ ਪੰਚਾਇਤ ਵਿਚ ਸ਼ਾਮਲ ਨਾ ਕੀਤੇ ਜਾਣ ਦੀ ਮੰਗ ਕਰਨ ਕਰ ਕੇ ਇਨ੍ਹਾਂ ਨੂੰ ਨਗਰ ਪੰਚਾਇਤ ਤੋਂ ਬਾਹਰ ਕਰਨ ਦੇ ਨੋਟੀਫਿਕੇਸ਼ਨ ਵਿਚ ਦੇਰੀ ਹੋਣ ਕਰ ਕੇ ਤੇ ਹੱਦਬਸਤ ਨੰਬਰ ਕੱਢੇ ਜਾਣ ਦੀ ਪ੍ਰਕਿਰਿਆ ਵਿਚ ਦੇਰੀ ਕਾਰਨ ਵਾਰਡਬੰਦੀ ਹੁਣ ਤਕ ਨਹੀਂ ਹੋ ਸਕੀ। ਵਾਰਡਬੰਦੀ ਬਾਹਰ ਦੀ ਏਜੰਸੀ ਤੋਂ ਕਰਵਾਈ ਗਈ ਸੀ। ਨਗਰ ਪੰਚਾਇਤ ਵੱਲੋਂ ਬਕਾਇਦਾ ਸਾਰੇ ਏਰੀਏ ਦਾ ਲੋੜੀਂਦਾ ਨਕਸ਼ਾ ਤੇ ਜ਼ਰੂਰੀ ਜਾਣਕਾਰੀ ਵੀ ਅਲੱਗ ਤੋਂ ਇਕੱਠੀ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਹੁਣ ਤੱਕ ਦੁਬਾਰਾ ਕੋਈ ਵੀ ਵਾਰਡਬੰਦੀ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਹਿਲਜੁਲ ਨਹੀਂ ਕੀਤੀ ਗਈ ਹੈ। ਨਗਰ ਪੰਚਾਇਤ ਵਾਲਿਆਂ ਨੂੰ ਵੀ ਇਸ ਬਾਰੇ ਕੋਈ ਹੁਕਮ ਨਹੀਂ ਕੀਤਾ ਗਿਆ ਹੈ।
ਲਿੰਕ ਸੜਕਾਂ ਬਣਾਉਣ ਲਈ ਨਹੀਂ ਮਿਲੀ ਮਨਜ਼ੂਰੀ
ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਪੀ.ਡਬਲਿਊੂ. ਡੀ. ਵਿਭਾਗ ਤੋਂ ਲਿੰਕ ਸੜਕਾਂ ਨੂੰ ਬਣਾਉਣ ਲਈ ਨਗਰ ਪੰਚਾਇਤ ਵੱਲੋਂ ਮਨਜ਼ੂਰੀ ਮੰਗੀ ਗਈ ਹੈ ਪਰ ਇਸ ਦੇ ਬਾਵਜੂਦ ਉਕਤ ਵਿਭਾਗਾਂ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ। ਪਤਾ ਲੱਗਾ ਹੈ ਕਿ ਨਗਰ ਪੰਚਾਇਤ ਵਾਲਿਆਂ ਨੇ ਦੋਵਾਂ ਵਿਭਾਗਾਂ ਨੂੰ ਕਿਹਾ ਕਿ ਉਹ ਖੁਦ ਇਨ੍ਹਾਂ ਲਿੰਕ ਸੜਕਾਂ ਦਾ ਨਵੀਨੀਕਰਨ ਕਰੇ ਨਹੀਂ ਤਾਂ ਨਗਰ ਪੰਚਾਇਤ ਨੂੰ ਨਵੀਨੀਕਰਨ ਕਰਨ ਦੀ ਮਨਜ਼ੂਰੀ ਦੇਵੇ ਤਾਂ ਜੋ ਖੁਦ ਕੰਮ ਕਰਾ ਸਕਣ।
ਦਫ਼ਾ ਚਾਰ ਤੇ ਪੰਜ ਸ਼ਹਿਰ ਦੇ ਵਿਕਾਸ 'ਚ ਬਣੀ ਅੜਿੱਕਾ
ਸ੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਦਾ ਕੁਲ ਰਕਬਾ ਏਰੀਆ 3228 ਏਕੜ ਤਕਰੀਬਨ 13 ਕਿਲੋਮੀਟਰ ਸੁਕੇਅਰ  ਵਿਚ ਪੈਂਦਾ ਹੈ। ਜਿਸ ਵਿਚੋਂ ਸ਼ਾਹਪੁਰ ਬੇਲਾ ਦਾ 808 ਏਕੜ ਤੇ ਦੱਬਵਾਲੀ ਵਾਸ ਦੇ 228 ਏਕੜ ਕੁਲ 1036 ਏਕੜ ਰਕਬੇ ਨੂੰ ਕੱਢਿਆ ਗਿਆ ਹੈ। ਇਸ ਸਮੇਂ ਨਗਰ ਪੰਚਾਇਤ ਦਾ 2192 ਏਕੜ ਰਕਬਾ ਬਾਕੀ ਬਚਦਾ ਹੈ ਜਿਸ ਵਿਚ ਕਲਿਆਣਪੁਰ, ਸ੍ਰੀ ਕੀਰਤਪੁਰ ਸਾਹਿਬ, ਜਿਉਵਾਲ, ਭਟੋਲੀ ਤੇ ਭਗਵਾਲਾ ਸਮੇਤ ਪੰਜ ਪਿੰਡ ਪੈਂਦੇ ਹਨ। ਨਗਰ ਪੰਚਾਇਤ ਵਿਚ ਸਭ ਤੋਂ ਜ਼ਿਆਦਾ  ਏਰੀਆ ਪਿੰਡ ਕਲਿਆਣਪੁਰ (523 ਏਕੜ) ਦਾ ਪੈਂਦਾ ਹੈ। ਜਦੋਂਕਿ ਪਿੰਡ ਸ੍ਰੀ ਕੀਰਤਪੁਰ ਸਾਹਿਬ ਏਰੀਏ ਸਬੰਧੀ ਮਾਣਯੋਗ ਕੋਰਟ ਵਿਚ ਕੇਸ ਵਿਚਾਰ ਅਧੀਨ ਹੈ। ਪਿੰਡ ਕਲਿਆਣਪੁਰ ਅਤੇ ਭਟੋਲੀ ਵਿਚ ਜ਼ਿਆਦਾ ਜ਼ਮੀਨ ਉਪਰ ਦਫਾ ਚਾਰ ਅਤੇ ਪੰਜ ਲੱਗੀ ਹੋਣ ਕਾਰਨ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ ਸਰਕਾਰ ਵੱਲੋਂ ਵੀ ਆਬਾਦੀ ਵਿਚੋਂ ਦਫਾ ਖਤਮ ਕਰਨ ਬਾਰੇ ਕੋਈ ਚਾਰਾਜੋਈ ਨਹੀਂ ਕੀਤੀ ਜਾ ਰਹੀ।
ਕੀ ਕਹਿੰਦੇ ਹਨ ਈ.ਓ.
ਇਸ ਬਾਰੇ ਨਗਰ ਪੰਚਾਇਤ ਦੇ ਈ.ਓ. ਜਗਜੀਤ ਸਿੰਘ ਜੱਜ ਨੇ ਕਿਹਾ ਕਿ ਨਗਰ ਪੰਚਾਇਤ ਕੋਲ ਵਿਕਾਸ ਕਾਰਜ ਕਰਾਉਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ 8 ਤੋਂ 10 ਕਰੋੜ ਰੁਪਏ ਪਏ ਹਨ। ਸਿਰਫ਼ ਕੰਮ ਕਰਾਉਣ ਵਾਲੇ ਟੈਕਨੀਕਲ ਸਟਾਫ ਦੀ ਘਾਟ ਹੈ। ਜਿਸ ਨੂੰ ਪੁਰਾ ਕਰਨ ਲਈ ਵਿਭਾਗ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਡਬੰਦੀ ਦੇ ਕੰਮ ਵਿਚ ਦੇਰੀ ਕੁਝ ਕਾਰਨਾਂ ਕਰ ਕੇ ਹੋ ਰਹੀ ਹੈ ਜਿਸ ਦੇ ਹੱਲ ਹੋਣ ਮਗਰੋਂ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸ੍ਰੀ ਕੀਰਤਪੁਰ ਸਾਹਿਬ ਦੇ ਵਿਕਾਸ ਦੇ ਹੋਣ ਵਾਲੇ ਕੰਮਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾ ਚੁਕੀ ਹੈ।


Related News