ਗੱਡੀਆਂ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
Thursday, Jul 13, 2023 - 11:10 AM (IST)

ਜਲੰਧਰ (ਵਰੁਣ)–ਪੰਜਾਬ ਸਮੇਤ ਹੋਰ ਸੂਬਿਆਂ ਤੋਂ ਗੱਡੀਆਂ ਚੋਰੀ ਕਰਕੇ ਉਨ੍ਹਾਂ ਦੇ ਇੰਜਣ ਅਤੇ ਚੈਸੀ ਨੰਬਰ ਬਦਲ ਕੇ ਲੋਕਾਂ ਨੂੰ ਮਹਿੰਗੇ ਰੇਟ ’ਤੇ ਵੇਚਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ਼ ਨੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿਚ ਸ਼ਾਮਲ 2 ਚੋਰਾਂ ਤੋਂ 32 ਬੋਰ ਦੇ 2 ਨਾਜਾਇਜ਼ ਪਿਸਤੌਲ, 10 ਗੋਲ਼ੀਆਂ ਅਤੇ 8 ਗੱਡੀਆਂ ਦੀਆਂ ਆਰ. ਸੀਜ਼ ਮਿਲੀਆਂ ਹਨ। ਫਿਲਹਾਲ ਪੁਲਸ ਨੇ ਸਿਰਫ਼ ਇਕ ਹੀ ਚੋਰੀ ਦੀ ਗੱਡੀ ਬਰਾਮਦ ਕੀਤੀ ਹੈ ਪਰ ਪੁਲਸ ਦਾ ਦਾਅਵਾ ਹੈ ਕਿ ਉਕਤ ਗੈਂਗ ਨੇ ਕਈ ਗੱਡੀਆਂ ਚੋਰੀ ਕਰ ਕੇ ਅੱਗੇ ਵੇਚੀਆਂ ਹੋਈਆਂ ਹਨ।
ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਗੱਡੀਆਂ ਚੋਰੀ ਕਰਕੇ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਉਨ੍ਹਾਂ ਨੂੰ ਚੋਰੀ ਵਾਲੀਆਂ ਗੱਡੀਆਂ ਵੇਚਣ ਵਾਲੇ ਗਿਰੋਹ ਦੇ ਮੈਂਬਰ ਸ਼ਹਿਰ ਵਿਚ ਘੁੰਮ ਰਹੇ ਹਨ। ਪੁਲਸ ਨੇ ਇਨਪੁੱਟ ਜੁਟਾ ਕੇ ਟੀ-ਪੁਆਇੰਟ ਦਾਣਾ ਮੰਡੀ ’ਤੇ ਨਾਕਾਬੰਦੀ ਕਰ ਲਈ। ਇਸ ਦੌਰਾਨ ਪੁਲਸ ਨੇ ਇਕ ਸਵਿੱਫਟ ਗੱਡੀ ਨੂੰ ਰੋਕਿਆ, ਜਿਸ ਵਿਚ 2 ਨੌਜਵਾਨ ਸਵਾਰ ਸਨ। ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਂ ਸੰਜੀਵ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮੁਗਲ ਚੱਕ ਤਰਨਤਾਰਨ ਅਤੇ ਅਸੀਸ ਮਸੀਹ ਉਰਫ ਆਸ਼ੂ ਪੁੱਤਰ ਸੋਢੀ ਮਸੀਹ ਵਾਸੀ ਲੋਪੋਕੇ ਅੰਮ੍ਰਿਤਸਰ ਦੱਸਿਆ। ਪੁਲਸ ਨੇ ਦੋਵਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਇਕ-ਇਕ 32 ਬੋਰ ਦਾ ਨਾਜਾਇਜ਼ ਪਿਸਤੌਲ ਅਤੇ 5-5 ਗੋਲ਼ੀਆਂ ਅਤੇ ਡਿੱਗੀ ਵਿਚੋਂ 8 ਗੱਡੀਆਂ ਦੀਆਂ ਆਰ. ਸੀਜ਼ ਬਰਾਮਦ ਹੋਈਆਂ। ਪੁਲਸ ਨੇ ਦੋਵਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਗੱਡੀ ਚੋਰੀ ਦੀ ਹੈ। ਕਾਰ ਵਿਚੋਂ ਸਵਿੱਫਟ ਦੀ ਅਸਲੀ ਆਰ. ਸੀ. ਵੀ ਮਿਲ ਗਈ।
ਇਹ ਵੀ ਪੜ੍ਹੋ- ਹੜ੍ਹਾਂ ਦੇ ਹਾਲਾਤ 'ਚ ਲੋਕਾਂ ਦੇ ਬਚਾਅ ਕਾਰਜਾਂ ਲਈ ਡੀ. ਸੀ. ਕਪੂਰਥਲਾ ਵੱਲੋਂ ਉੱਚ ਅਧਿਕਾਰੀਆਂ ਦੇ ਨੰਬਰ ਜਾਰੀ
ਮੁਲਜ਼ਮਾਂ ਨੇ ਕਬੂਲਿਆ ਕਿ ਉਹ ਗੱਡੀਆਂ ਚੋਰੀ ਕਰਕੇ ਨਰਿੰਦਰ ਸਿੰਘ ਉਰਫ਼ ਨੋਮੀ ਵਾਸੀ ਮੱਲ੍ਹੀਆਂ ਤਰਨਤਾਰਨ ਦੇ ਹਵਾਲੇ ਕਰ ਦਿੰਦੇ ਸਨ, ਜੋ ਗੱਡੀਆਂ ਦੇ ਇੰਜਣ ਅਤੇ ਚੈਸੀ ਨੰਬਰ ਬਦਲ ਕੇ ਆਪਣੇ ਚੌਥੇ ਸਾਥੀ ਜੈਦੀਪ ਸਿੰਘ ਉਰਫ਼ ਸੰਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਟੀ ਤੋਂ ਗੱਡੀਆਂ ਦੇ ਜਾਅਲੀ ਨੰਬਰਾਂ ਦੀ ਆਰ. ਸੀ. ਬਣਾ ਕੇ ਆਪਣੇ ਹਰਿਆਣੇ ਦੇ ਸਾਥੀਆਂ ਨੂੰ ਦੇ ਦਿੰਦੇ ਸਨ। ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਨਰਿੰਦਰ ਸਿੰਘ ਅਤੇ ਜੈਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਚੋਰੀ ਦੀਆਂ ਗੱਡੀਆਂ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਕਾਫੀ ਆਸਾਨੀ ਨਾਲ ਵੇਚ ਕੇ ਆਪਣੀਆਂ ਜੇਬਾਂ ਭਰਦੇ ਸਨ।
ਜਾਅਲੀ ਆਰ. ਸੀ. ਬਣਾਉਣ ਵਾਲੇ ਜੈਦੀਪ ਉਰਫ਼ ਸੰਨੀ ਨੂੰ ਉਕਤ ਗੈਂਗ ਕਮੀਸ਼ਨ ਵਜੋਂ ਪੈਸੇ ਦਿੰਦਾ ਸੀ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦਾ 5ਵਾਂ ਸਾਥੀ ਮਹਿਕਦੀਪ ਸਿੰਘ ਵੀ ਹੁੰਦਾ ਸੀ, ਜੋ ਗੱਡੀਆਂ ਚੋਰੀ ਕਰਨ ਦਾ ਕੰਮ ਕਰਦਾ ਸੀ। ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਕਤ ਮੁਲਜ਼ਮਾਂ ਦੇ ਤਾਰ ਹਰਿਆਣਾ ਅਤੇ ਹਿਮਾਚਲ ਨਾਲ ਜੁੜੇ ਹਨ। ਉਕਤ ਗਿਰੋਹ ਨੇ ਕਈ ਗੱਡੀਆਂ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਤੋਂ ਚੋਰੀ ਕਰ ਕੇ ਉਨ੍ਹਾਂ ਦੇ ਇੰਜਣ ਅਤੇ ਚੈਸੀ ਨੰਬਰ ਬਦਲ ਕੇ ਜਾਅਲੀ ਆਰ. ਸੀ. ’ਤੇ ਵੇਚੀਆਂ ਹਨ, ਜਿਨ੍ਹਾਂ ਨੂੰ ਜਲਦ ਬਰਾਮਦ ਕੀਤਾ ਜਾਵੇਗਾ। ਪੁਲਸ ਚਾਰਾਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਉਨ੍ਹਾਂ ਤੋਂ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮਾਂ ਨੇ 8 ਦੇ ਕਰੀਬ ਗੱਡੀਆਂ ਚੋਰੀ ਕਰਨ ਦੀ ਗੱਲ ਕਬੂਲੀ ਹੈ। ਮੁਲਜ਼ਮਾਂ ਤੋਂ ਉਨ੍ਹਾਂ ਦੇ ਲਿੰਕ ਖੰਗਾਲੇ ਜਾ ਰਹੇ ਹਨ।
ਇਹ ਵੀ ਪੜ੍ਹੋ- ਸਤਲੁਜ ਦਰਿਆ ਦਾ ਕਹਿਰ: ਮੰਡਾਲਾ ਤੋਂ ਟੁੱਟੇ ਬੰਨ੍ਹ ਕਰਕੇ ਸੁਲਤਾਨਪੁਰ ਲੋਧੀ ਦੇ 30 ਪਿੰਡ ਡੁੱਬੇ, ਪਾਣੀ 'ਚ ਰੁੜ੍ਹਿਆ ਨੌਜਵਾਨ
ਗੁਰੂਗ੍ਰਾਮ ’ਚ ਲਈ ਮਾਸਟਰ ਮਾਈਂਡ ਸੰਜੀਵ ਸਿੰਘ ਨੇ ਗੱਡੀਆਂ ਚੋਰੀ ਕਰਨ ਦੀ ਟਰੇਨਿੰਗ
ਜਾਂਚ ਵਿਚ ਪਤਾ ਲੱਗਾ ਕਿ ਸੰਜੀਵ ਸਿੰਘ ਪਹਿਲਾਂ ਗੁਰੂਗ੍ਰਾਮ ਵਿਚ ਡਿਲਿਵਰੀ ਬੁਆਏ ਦਾ ਕੰਮ ਕਰਦਾ ਸੀ। ਉਥੇ ਹੀ ਉਸਦੀ ਜਾਣ-ਪਛਾਣ ਗੱਡੀਆਂ ਚੋਰੀ ਕਰਨ ਵਾਲੇ ਹਰਿਆਣਾ ਦੇ ਗੈਂਗ ਨਾਲ ਹੋ ਗਈ। ਉਨ੍ਹਾਂ ਨੇ ਹੀ ਸੰਜੀਵ ਨੂੰ ਗੱਡੀਆਂ ਚੋਰੀ ਕਰਨ ਦੀ ਟਰੇਨਿੰਗ ਦਿੱਤੀ, ਜਿਸ ਤੋਂ ਬਾਅਦ ਸੰਜੀਵ ਸਿੰਘ ਨੇ ਆਪਣੇ ਸਾਥੀ ਅਸੀਸ ਮਸੀਹ ਅਤੇ ਮਹਿਕਦੀਪ ਸਿੰਘ ਨੂੰ ਵੀ ਗੱਡੀਆਂ ਚੋਰੀ ਕਰਨੀਆਂ ਸਿਖਾ ਦਿੱਤੀਆਂ। ਅਸੀਸ ਮਸੀਹ ਨੇ ਆਪਣੇ ਜਾਣਕਾਰ ਜੈਦੀਪ ਸਿੰਘ ਨੂੰ ਲਾਲਚ ਦੇ ਕੇ ਚੋਰੀ ਕੀਤੀਆਂ ਗੱਡੀਆਂ ਦੇ ਇੰਜਣ ਅਤੇ ਚੈਸੀ ਨੰਬਰ ਬਦਲਣ ਲਈ ਮਨਾ ਲਿਆ। ਜੈਦੀਪ ਦੀਆਂ ਤਰਨਤਾਰਨ ਵਿਚ ਸਥਿਤ ਇਕ ਸਕੂਲ ਵਿਚ 4 ਗੱਡੀਆਂ ਚੱਲਦੀਆਂ ਹਨ, ਜੋ ਮਕੈਨਿਕ ਦਾ ਕੰਮ ਕਾਫੀ ਵਧੀਆ ਜਾਣਦਾ ਹੈ। ਅਸੀਸ ਦੇ ਕਹਿਣ ’ਤੇ ਜੈਦੀਪ ਨੇ ਆਪਣੇ ਜਾਣਕਾਰ ਨਰਿੰਦਰ ਸਿੰਘ ਨਾਲ ਗੱਲ ਕੀਤੀ ਜੋ ਫੋਟੋਸਟੇਟ ਅਤੇ ਫਾਰਮ ਭਰਨ ਦਾ ਕੰਮ ਕਰਦਾ ਹੈ। ਉਸ ਦੇ ਨਾਲ ਪ੍ਰਤੀ ਆਰ. ਸੀ. ਦੀ ਕਮੀਸ਼ਨ ਤੈਅ ਕੀਤੀ ਗਈ, ਜਿਸ ਤੋਂ ਬਾਅਦ ਉਹ ਵੀ ਜਾਅਲੀ ਆਰ. ਸੀ. ਬਣਾਉਣ ਲਈ ਤਿਆਰ ਹੋ ਗਿਆ।
ਇਹ ਵੀ ਪੜ੍ਹੋ- ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡਾਂ 'ਚ ਹਾਲਾਤ ਬਦਤਰ, ਲੋਕਾਂ ਦੇ ਘਰ-ਖੇਤ ਪਾਣੀ ’ਚ ਡੁੱਬੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711