ਸਤਲੁਜ ਦਰਿਆ ਕੋਲੋਂ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ

09/07/2019 11:17:37 PM

ਫਿਰੋਜ਼ਪੁਰ,(ਮਲਹੋਤਰਾ, ਕੁਮਾਰ, ਮਨਦੀਪ): ਸੀਮਾ ਸੁਰੱਖਿਆ ਬਲ ਨੇ ਸਤਲੁਜ ਦਰਿਆ ਦੇ ਕੋਲ ਗਸ਼ਤ ਦੌਰਾਨ ਪਾਕਿਸਤਾਨ ਤੋਂ ਸਮੱਗਲਿੰਗ ਹੋ ਕੇ ਆਈ ਕਰੀਬ 15 ਕਰੋੜ ਰੁਪਏ ਦੀ 3 ਕਿਲੋ ਹੈਰੋਇਨ ਫੜੀ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ 136 ਬਟਾਲੀਅਨ ਦੀ ਕਿਸ਼ਤੀ ਨਾਕਾ ਪਾਰਟੀ ਸ਼ਨੀਵਾਰ ਤੜਕੇ ਜਦ ਸ਼ਾਮੇਕੇ ਚੈਕਪੋਸਟ ਦੇ ਕੋਲ ਗਸ਼ਤ 'ਤੇ ਸੀ ਤਾਂ ਸਤਲੁਜ ਦਰਿਆ ਦੇ ਕਿਨਾਰੇ ਉਨ੍ਹਾਂ ਨੂੰ ਪਲਾਸਟਿਕ ਦੀ ਟੇਪ 'ਚ ਕੋਈ ਸ਼ੱਕੀ ਵਸਤੂ ਨਜ਼ਰ ਆਈ। ਜਵਾਨਾਂ ਨੇ ਟੇਪ ਖੋਲ੍ਹ ਕੇ ਦੇਖਿਆ ਤਾਂ ਉਸ 'ਚ ਹੈਰੋਇਨ ਦੇ 3 ਪੈਕਟ ਮਿਲੇ। ਬਲ ਅਧਿਕਾਰੀਆਂ ਅਨੁਸਾਰ ਬਰਾਮਦ ਹੈਰੋਇਨ ਦਾ ਵਜ਼ਨ 3 ਕਿਲੋ ਹੈ ਤੇ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 15 ਕਰੋੜ ਰੁਪਏ ਹੈ। ਭਾਖੜਾ ਤੇ ਪੋਂਗ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਣ ਇਨ੍ਹੀਂ ਦਿਨੀਂ ਸਤਲੁਜ ਦਰਿਆ 'ਚ ਪਾਣੀ ਦਾ ਵਹਾਅ ਬਹੁਤ ਤੇਜ਼ ਰਹਿੰਦਾ ਹੈ ਤੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਪਾਕਿਸਤਾਨੀ ਸਮੱਗਲਰਾਂ ਵੱਲੋਂ ਅੰਤਰਰਾਸ਼ਟਰੀ ਸਰਹੱਦ ਤੋਂ ਲੰਘਦੇ ਸਤਲੁਜ ਦਰਿਆ ਰਾਹੀਂ ਹੈਰੋਇਨ ਸਮੱਗਲਿੰਗ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ ਦਰਿਆ 'ਚ ਪਾਣੀ ਦਾ ਪੱਧਰ ਤੇ ਵਹਾਅ ਬਹੁਤ ਜ਼ਿਆਦਾ ਹੋਣ ਕਾਰਣ ਕਿਸ਼ਤੀ ਨਾਕਾ ਪਾਰਟੀਆਂ ਨੂੰ ਦਰਿਆ 'ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।


Related News