ਨਾਭਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਲੰਗਰ ਦੀ ਸੇਵਾ ਕਰਕੇ ਪਰਤੇ ਰਹੇ 3 ਸ਼ਰਧਾਲੂਆਂ ਦੀ ਦਰਦਨਾਕ ਮੌਤ

Monday, Dec 19, 2022 - 03:57 PM (IST)

ਨਾਭਾ (ਰਾਹੁਲ ਖੁਰਾਣਾ) : ਨਾਭਾ ਬਲਾਕ ਦੇ ਪਿੰਡ ਹਰੀਗੜ੍ਹ ਨਜ਼ਦੀਕ ਵਾਪਰੇ ਭਿਆਨਕ ਹਾਦਸੇ ਦੌਰਾਨ 3 ਵਿਅਕਤੀਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ 8 ਦੇ ਗੰਭੀਰ ਜ਼ਖ਼ਮੀ ਹੋਣ ਦਾ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਤਿੰਨੋਂ ਮ੍ਰਿਤਕ ਪਿੰਡ ਹਥਨ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਬੀਤੀ ਰਾਤ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੇਵਾ ਕਰਕੇ ਟਾਟਾ 407 ਰਾਹੀਂ ਪਿੰਡ ਹਥਨ ਜ਼ਿਲ੍ਹਾ ਮਾਲੇਰਕੋਟਲਾ ਵਾਪਸ ਪਰਤ ਰਹੇ ਸਨ। ਇਸ ਦੌਰਾਨ  ਸ਼ਰਧਾਲੂਆਂ ਨਾਲ ਭਰੀ ਟਾਟਾ 407 ਰਾਹ 'ਚ ਖੜ੍ਹੀ ਗੰਨੇ ਨਾਲ ਭਰੀ ਟਰਾਲੀ 'ਚ ਜਾ ਟਕਰਾਈ ਅਤੇ ਫਿਰ ਸੰਤੁਲਨ ਵਿਗੜਨ ਕਾਰਨ ਇਹ ਦਰੱਖਤ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 8 ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸੁਰਿੰਦਰ ਸਿੰਘ, ਗੁਰਦੀਪ ਸਿੰਘ ਅਤੇ ਸ਼ੇਰ ਮੁਹੰਮਦ ਵੱਜੋ ਹੋਈ ਹੈ। ਜ਼ਖ਼ਮੀ ਵਿਅਕਤੀ ਵੱਖ-ਵੱਖ ਹਸਪਤਾਲਾਂ 'ਚ ਜੇਰੇ ਇਲਾਜ ਹਨ।

ਇਹ ਵੀ ਪੜ੍ਹੋ- ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਦੇਣ ਵਾਲੇ ਮਾਪੇ ਸਾਵਧਾਨ, ਹੋਵੇਗੀ ਸਖ਼ਤ ਕਾਰਵਾਈ

PunjabKesari

ਇਸ ਮੌਕੇ ਪਿੰਡ ਹਥਨ ਦੇ ਵਾਸੀ ਜਗਜੀਤ ਸਿੰਘ ਨੇ ਦੱਸਿਆ ਕਿ ਸਾਡਾ ਸਾਰਾ ਪਿੰਡ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜੋੜ ਮੇਲ 'ਤੇ ਪਿਛਲੇ 30 ਸਾਲਾਂ ਤੋਂ ਲੰਗਰ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਇਹ ਸਾਰੇ ਹੀ ਵਿਅਕਤੀ ਸੇਵਾ ਕਰਕੇ ਟਾਟਾ 407 ਗੱਡੀ ਵਿਚ ਸਵਾਰ ਹੋ ਕੇ ਵਾਪਸ ਪਰਤ ਰਹੇ ਸਨ ਤਾਂ ਨਾਭਾ ਨਜ਼ਦੀਕ ਇਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਇਸ ਹਾਦਸੇ ਦੌਰਾਨ ਮੌਤ ਹੋਈ ਹੈ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਓਵਰਲੋਡ ਗੰਨੇ ਦੀਆਂ ਟਰਾਲੀਆਂ ਸੜਕ ਹਾਦਸੇ ਦਾ ਕਾਰਨ ਬਣ ਰਹੀਆਂ ਹਨ, ਇਸ ਲਈ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਦਾ ਘਰ ਇਸ ਤਰ੍ਹਾਂ ਨਾ ਉਜੜੇ।

ਇਹ ਵੀ ਪੜ੍ਹੋ- ਮ੍ਰਿਤਕ ਦੇ ਫੁੱਲ ਚੁਗਣ ਜਾ ਰਹੇ ਵਿਅਕਤੀਆਂ ਨਾਲ ਵਾਪਰ ਗਈ ਅਣਹੋਣੀ, 3 ਜਣਿਆਂ ਦੀ ਦਰਦਨਾਕ ਮੌਤ

ਇਸ ਮੌਕੇ ਗੱਲਬਾਤ ਕਰਦਿਆਂ ਨਾਭਾ ਥਾਣਾ ਦੇ ਐੱਸ. ਐੱਚ. ਓ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਵੱਲੋਂ ਟਰਾਲੀ ਦੇ ਡਰਾਈਵਰ ਖ਼ਿਲਾਫ਼ ਧਾਰਾ 304 ਏ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News