ਕਪੂਰਥਲਾ ਰੋਡ ’ਤੇ ਹੋਇਆ ਭਿਆਨਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਤ 3 ਜ਼ਖਮੀ

01/18/2018 7:35:54 PM

ਸੁਲਤਾਨਪੁਰ ਲੋਧੀ (ਸੋਢੀ)- ਅੱਜ ਬਾਅਦ ਦੁਪਹਿਰ ਕਪੂਰਥਲਾ-ਸੁਲਤਾਨਪੁਰ ਰੋਡ ’ਤੇ ਪਿੰਡ ਰਣਧੀਰਪੁਰ ਨੇੜੇ ਹੋਏ ਭਿਆਨਕ ਸੜਕ ਹਾਦਸਾ ਹੋਇਆ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 2 ਲੋਕ ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਂਵੀਰ ਸਿੰਘ ਪੁੱਤਰ ਅਵਤਾਰ ਸਿੰਘ ਫੌਜੀ ਨਿਵਾਸੀ ਚੌਕ ਚੇਲਿਆਂ ਸੁਲਤਾਨਪੁਰ ਲੋਧੀ ਆਪਣੀ ਕਾਰ ’ਚ ਪਤਨੀ, ਧੀ ਤੇ ਦੋ ਛੋਟੇ ਬੇਟਿਆਂ ਨਾਲ ਕਪੂਰਥਲਾ ਤੋਂ  ਸੁਲਤਾਨਪੁਰ ਲੋਧੀ ਜਾ ਰਿਹਾ ਸੀ।

ਪਿੰਡ ਰਣਧੀਰਪੁਰ ਨੇੜੇ ਉਸਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਪਏ ਇੱਟਾਂ ਦੇ ਚੱਕੇ ਨਾਲ ਟਕਰਾ ਕੇ 10 ਫੁੱਟ ਡੂੰਘੀ ਖਾਈ ਚ ਜਾ ਡਿੱਗੀ। ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ। ਸਿਵਲ ਹਸਪਤਾਲ ਦੇ ਡਾਕਟਰ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਹਾਦਸੇ ’ਚ ਮਹਾਂਵੀਰ ਦੀ ਪਤਨੀ ਮਨਜੀਤ ਕੌਰ ਤੇ ਲੜਕੇ ਸ਼ਹਿਬਾਜ ਸਿੰਘ (5 ਸਾਲ) ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਉਸਦੇ ਦੂਸਰੇ ਪੁੱਤਰ ਪ੍ਰਗਟ ਸਿੰਘ (5 ਸਾਲ) ਦੀ ਵੀ ਹਾਲਤ ਗੰਭੀਰ ਹੈ, ਤੇ ਉਨ੍ਹਾਂ ਦੀ 20 ਸਾਲ ਦੀ ਬੇਟੀ ਗਗਨਪ੍ਰੀਤ ਕੌਰ ਦੀਆਂ ਲੱਤਾਂ ਟੁੱਟ ਗਈਆਂ ਹਨ ਤੇ ਮਹਾਂਵੀਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ’ਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News