ਜ਼ਿਲ੍ਹੇ ਦੇ ਓਟ ਕੇਂਦਰਾਂ ’ਚੋਂ 28,600 ਮਰੀਜ਼ ਹਰ ਮਹੀਨੇ ਲੈ ਰਹੇ ਦਵਾਈ
Tuesday, Mar 18, 2025 - 12:12 PM (IST)

ਬਠਿੰਡਾ (ਵਰਮਾ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ’ਚ ਬਠਿੰਡਾ ਜ਼ਿਲ੍ਹਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਸਮੇਂ ਜ਼ਿਲ੍ਹੇ ਦੇ 15 ਓਟ ਸੈਂਟਰਾਂ ’ਚ ਕੁੱਲ 25,608 ਮਰੀਜ਼ ਰਜਿਸਟਰਡ ਹਨ, ਜਦੋਂ ਕਿ ਔਸਤਨ 28,600 ਲੋਕ ਹਰ ਮਹੀਨੇ ਦਵਾਈ ਲੈਣ ਲਈ ਆ ਰਹੇ ਹਨ। ਇਹ ਅੰਕੜਾ ਦਰਸਾਉਂਦਾ ਹੈ ਕਿ ਮਰੀਜ਼ਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ ਅਤੇ ਲੋਕ ਇਲਾਜ ਵੱਲ ਕਦਮ ਵਧਾ ਰਹੇ ਹਨ। ਬਠਿੰਡਾ ’ਚ ਸਭ ਤੋਂ ਵੱਧ ਰਜਿਸਟਰਡ ਮਰੀਜ਼ ਸਿਵਲ ਹਸਪਤਾਲ (8424) ’ਚ ਹਨ, ਜਿੱਥੇ ਰੋਜ਼ਾਨਾ 842 ਦੇ ਕਰੀਬ ਮਰੀਜ਼ ਦਵਾਈਆਂ ਲੈਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਤਲਵੰਡੀ ਸਾਬੋ (5510), ਰਾਮਪੁਰਾ ਫੂਲ (2461), ਰਾਮਾ ਮੰਡੀ (2967), ਭਗਤਾ ਭਾਈਕਾ (2461) ਅਤੇ ਬਾਲਿਆਂਵਾਲੀ (823) ਆਦਿ ਕੇਂਦਰਾਂ ’ਚ ਵੀ ਵੱਡੀ ਗਿਣਤੀ ’ਚ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ।
ਕੇਂਦਰੀ ਜੇਲ੍ਹ ਬਠਿੰਡਾ ਦੇ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ, ਜਿੱਥੇ 3007 ਰਜਿਸਟਰਡ ਮਰੀਜ਼ ਹਨ ਅਤੇ ਰੋਜ਼ਾਨਾ 1018 ਮਰੀਜ਼ ਦਵਾਈ ਲੈਣ ਲਈ ਆਉਂਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹਰ ਓਟ ਕੇਂਦਰ ਤੋਂ ਰੋਜ਼ਾਨਾ 200 ਤੋਂ 800 ਮਰੀਜ਼ ਦਵਾਈ ਲੈਂਦੇ ਹਨ। ਪੂਰੇ ਜ਼ਿਲ੍ਹੇ ’ਚ ਇਹ ਗਿਣਤੀ ਰੋਜ਼ਾਨਾ 3905 ਮਰੀਜ਼ਾਂ ਤੱਕ ਪਹੁੰਚਦੀ ਹੈ। ਔਸਤਨ ਹਰ ਮਹੀਨੇ ਔਸਤਨ 100 ਤੋਂ 150 ਨਵੇਂ ਮਰੀਜ਼ ਓਟ ਸੈਂਟਰਾਂ ’ਚ ਸ਼ਾਮਲ ਹੋ ਰਹੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਦੀ ਨੀਤੀ ਅਤੇ ਜਾਗਰੂਕਤਾ ਮੁਹਿੰਮ ਕਾਰਗਰ ਸਾਬਿਤ ਹੋ ਰਹੀ ਹੈ। ਜਨਵਰੀ ਤੋਂ ਦਸੰਬਰ 2024 ਤੱਕ ਓਟ ਸੈਂਟਰ ’ਚ ਕੁੱਲ 1072 ਨਵੇਂ ਮਰੀਜ਼ ਰਜਿਸਟਰ ਹੋਏ ਹਨ। ਜਨਵਰੀ (113), ਮਈ (113), ਜੁਲਾਈ (107) ’ਚ ਸਭ ਤੋਂ ਵੱਧ ਮਰੀਜ਼ ਸ਼ਾਮਲ ਕੀਤੇ ਗਏ।
2024 ’ਚ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ’ਚ ਪਹੁੰਚਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਡੀ ਹੈ। 15,771 ਨਵੇਂ ਮਰੀਜ਼ ਅਤੇ 23,816 ਪੁਰਾਣੇ ਮਰੀਜ਼, ਕੁੱਲ 39,587 ਮਰੀਜ਼ਾਂ ਨੇ ਸੇਵਾਵਾਂ ਲਈਆਂ। ਇਸ ਦੇ ਨਾਲ ਹੀ 1597 ਮਰੀਜ਼ ਵੀ ਦਾਖਲ ਹੋਏ, ਜੋ ਕਿ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ। ਸਾਲ 2024 ’ਚ ਬਠਿੰਡਾ ਜ਼ਿਲ੍ਹੇ ’ਚ ਚੱਲ ਰਹੇ ਮੁੜ ਵਸੇਬਾ ਕੇਂਦਰਾਂ ’ਚ ਵੀ ਕੁੱਲ 496 ਮਰੀਜ਼ ਦਾਖ਼ਲ ਹੋਏ ਸਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਮਰੀਜ਼ ਜੁਲਾਈ (75) ’ਚ ਆਏ ਸਨ। ਜ਼ਿਲ੍ਹਾ ਓਟ ਕਲੀਨਿਕ ਦੇ ਨੋਡਲ ਅਫ਼ਸਰ ਡਾ. ਅਰੁਣ ਬਾਂਸਲ ਦਾ ਕਹਿਣਾ ਹੈ ਕਿ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਰੀਜ਼ਾਂ ਨੂੰ 5 ਤੋਂ 10 ਕਿਲੋਮੀਟਰ ਦੇ ਘੇਰੇ ’ਚ ਇਲਾਜ ਦੀਆਂ ਸਹੂਲਤਾਂ ਮਿਲ ਸਕਣ। ਉਸ ਦਾ ਮੰਨਣਾ ਹੈ ਕਿ ਨਸ਼ਾ ਸਿਰਫ਼ ਸਰੀਰਕ ਹੀ ਨਹੀਂ, ਸਗੋਂ ਮਾਨਸਿਕ ਵਿਕਾਰ ਵੀ ਹੈ। ਉਨ੍ਹਾਂ ਕਿਹਾ ਕਿ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਸਹੀ ਸੇਧ ਨਾਲ ਨਸ਼ੇ ਨੂੰ ਹਰਾਇਆ ਜਾ ਸਕਦਾ ਹੈ।