ਸ੍ਰੀ ਹਜ਼ੂਰ ਸਾਹਿਬ ਤੋਂ ਆਏ 26 ਯਾਤਰੀ ਕੋਰੋਨਾ ਨੂੰ ਹਰਾ ਕੇ ਪਰਤੇ ਘਰ

Tuesday, May 12, 2020 - 08:51 PM (IST)

ਸ੍ਰੀ ਹਜ਼ੂਰ ਸਾਹਿਬ ਤੋਂ ਆਏ 26 ਯਾਤਰੀ ਕੋਰੋਨਾ ਨੂੰ ਹਰਾ ਕੇ ਪਰਤੇ ਘਰ

ਅੰਮ੍ਰਤਸਰ, (ਦਲਜੀਤ ਸ਼ਰਮਾ)- ਸ੍ਰੀ ਹਜੂਰ ਸਾਹਿਬ, ਨਾਂਦੇੜ ਤੋਂ ਪਰਤੇ ਸ਼ਰਧਾਲੂ ਜੋ ਕਿ ਕੋਰੋਨਾ ਟੈਸਟ ਵਿਚ ਪਾਜ਼ੇਟਿਵ ਆਉਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ, ਵਿਚੋਂ ਅੱਜ 26 ਸ਼ਰਧਾਲੂਆਂ ਨੇ ਕੋਵਿਡ 19 ਨੂੰ ਹਰਾ ਕੇ ਆਪਣੇ ਘਰਾਂ ਨੂੰ ਚਾਲੇ ਪਾ ਲਏ। 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ ਲਗਾਉਂਦੇ ਇਹ ਸ਼ਰਧਾਲੂ ਉਤਸ਼ਾਹ ਨਾਲ ਘਰਾਂ ਨੂੰ ਗਏ, ਜਿਸ ਨਾਲ ਹਸਪਤਾਲ ਵਿਚ ਦਾਖਲ ਦੂਸਰੇ ਮਰੀਜ਼ਾਂ ਵਿਚ ਵੀ ਹੌਸ਼ਲਾ ਪਰਤ ਆਇਆ। ਪਹਿਲੇ ਦਿਨ ਤੋਂ ਹੀ ਇਹ ਸਾਰੇ ਸ਼ਰਧਾਲੂ ਬੜੇ ਚੜ੍ਹਦੀ ਕਲਾ ਵਿਚ ਸਨ ਅਤੇ ਕਿਸੇ ਨੇ ਵੀ ਕੋਵਿਡ ਟੈਸਟ ਵਿਚ ਪਾਜ਼ੇਟਿਵ ਆਉਣ ਦੀ ਗੱਲ ਮਨ ਨੂੰ ਨਹੀਂ ਸੀ ਲਗਾਈ। ਵਾਹਿਗੁਰੂ ਦੀ ਕ੍ਰਿਪਾ ਨਾਲ ਇਨਾਂ ਦੇ ਲਗਾਤਾਰ ਦੋ ਟੈਸਟ ਨੈਗੇਟਿਵ ਆਉਣ ਕਾਰਨ ਅੱਜ ਇੰਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇੰਨਾਂ ਸ਼ਰਧਾਲੂਆਂ ਵਿਚ ਬੱਚੇ, ਜਵਾਨ, ਬੁਜ਼ਰਗ ਅਤੇ ਔਰਤਾਂ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਸਾਰੇ ਸ਼ਰਧਾਲੂ 28 ਅਪ੍ਰੈਲ ਨੂੰ ਨਾਂਦੇੜ ਤੋਂ ਆਏ ਸਨ ਅਤੇ ਇੰਨਾਂ ਨੂੰ ਵੱਖ-ਵੱਖ ਥਾਵਾਂ 'ਤੇ ਇਕਾਂਤਵਾਸ ਕੀਤਾ ਗਿਆ ਸੀ। ਫਿਰ ਟੈਸਟ ਲੈਣ ਮਗਰੋਂ ਜਿੰਨਾ ਸ਼ਰਧਾਲੂਆਂ ਦੇ ਟੈਸਟ ਪਾਜ਼ੇਟਿਵ ਆਏ ਸਨ, ਉਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਸਾਰਿਆਂ ਨੇ ਵਾਹਿਗੁਰੂ ਉਤੇ ਭਰੋਸਾ ਰੱਖਿਆ ਅਤੇ ਹਸਪਤਾਲ ਸਟਾਫ ਵੱਲੋਂ ਇਨ੍ਹਾਂ ਦੀ ਹਰ ਸੰਭਵ ਸਹਾਇਤਾ ਤੇ ਸੇਵਾ ਕੀਤੀ ਗਈ। ਲਗਭਗ 12 ਦਿਨਾਂ ਵਿਚ ਹੀ ਇਨ੍ਹਾਂ ਸਾਰਿਆਂ ਦੇ ਦੋ ਟੈਸਟ ਨੈਗਟਿਵ ਆਉਣ ਕਾਰਨ ਅੱਜ ਇਨ੍ਹਾਂ ਵਿਚੋਂ 26 ਸ਼ਰਧਾਲੂ ਘਰਾਂ ਨੂੰ ਭੇਜ ਦਿੱਤੇ ਗਿਆ ਹਨ। ਉਨ੍ਹਾਂ ਹਸਪਤਾਲ ਸਟਾਫ ਵੱਲੋਂ ਦਿੱਤੀਆਂ ਸੇਵਾਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਘਰ ਜਾਣ ਦੀ ਖੁਸ਼ੀ ਵਿਚ ਖੀਵੇ ਹੋਏ ਸ਼ਰਧਾਲੂਆਂ ਨੇ ਹਸਪਤਾਲ ਦੇ ਸਟਾਫ ਜਿਸ ਵਿਚ ਨਰਸਿੰਗ ਤੇ ਹੋਰ ਪੈਰਾ-ਮੈਡੀਕਲ ਸਟਾਫ ਸ਼ਾਮਿਲ ਸੀ, ਦੀ ਰੱਜਵੀਂ ਤਾਰੀਫ ਕਰਦੇ ਕਿਹਾ ਕਿ ਇੰਨ੍ਹਾਂ ਨੇ ਸਾਡੀ ਹਰ ਜ਼ਰੂਰਤ ਦਾ ਖਿਆਲ ਰੱਖਿਆ। ਖਾਣ ਨੂੰ ਵੀ ਚੰਗਾ ਭੋਜਨ ਮਿਲਦਾ ਰਿਹਾ ਅਤੇ ਬੱਚਿਆਂ ਦੀਆਂ ਸਾਰੀਆਂ ਨਿੱਜੀ ਲੋੜਾਂ ਦੀ ਵੀ ਪੂਰਤੀ ਕਰਦੇ ਰਹੇ। ਸ਼ਰਧਾਲੂਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿਘ ਦਾ ਵੀ ਧੰਨਵਾਦ ਕੀਤਾ, ਸ਼ਰਧਾਲੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਅਸੀਂ ਮਹਾਰਾਸ਼ਟਰ ਤੋਂ ਪੰਜਾਬ ਆ ਸਕੇ ਅਤੇ ਫਿਰ ਉਨ੍ਹਾਂ ਦੇ ਯਤਨਾਂ ਨਾਲ ਸਾਡਾ ਇਲਾਜ ਵੀ ਸੰਭਵ ਹੋ ਸਕਿਆ ਹੈ। ਉਨ੍ਹਾਂ ਸਾਰੇ ਸਟਾਫ ਦਾ ਧੰਨਵਾਦ ਕਰਦੇ ਹੋਏ ਹਸਪਤਾਲ ਤੋਂ ਵਿਦਾ ਲਈ। ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਵੀ ਸ਼ਰਧਾਲੂਆਂ ਨੂੰ ਫੋਨ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਤਹਿਸੀਲਦਾਰ ਮਨਜੀਤ ਸਿੰਘ, ਡਾ. ਨਰਿੰਦਰ ਸਿੰਘ, ਡਾ. ਹਰਜੀਤ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।


author

Bharat Thapa

Content Editor

Related News