ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਉੱਘੇ ਮੇਕਅੱਪ ਆਰਟਿਸਟ ਦੀ ਓਵਰਡੋਜ਼ ਕਾਰਨ ਮੌਤ

07/06/2022 5:56:44 PM

ਬਰਨਾਲਾ (ਪੁਨੀਤ) : ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਮਨਪ੍ਰੀਤ ਸਿੰਘ (25) ਜੋ ਕਿ ਮੇਕਅਪ ਆਰਟਿਸਟ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਮਾਮਲੇ 'ਚ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਇਲਾਕੇ ਦੀ ਇਕ ਔਰਤ ਅਤੇ ਉਸਦੇ ਪਰਿਵਾਰ 'ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਹਨ। ਇਸ ਤੋਂ ਇਲਾਵਾ ਰੋਸ ਜ਼ਾਹਰ ਕਰਦਿਆਂ ਮੁੰਡੇ ਦੇ ਪਰਿਵਾਰ ਨੇ ਔਰਤ ਦੇ ਘਰ ਅੱਗੇ ਧਰਨਾ ਵੀ ਦਿੱਤਾ। ਇਸ ਸਬੰਧੀ ਸਥਾਨਕ ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਔਰਤ ਪਰਿਵਾਰ ਸਮੇਤ ਚਿੱਟਾ ਅਤੇ ਹੋਰ ਵੀ ਕਈ ਨਸ਼ਿਆਂ ਦੀ ਤਸਕਰੀ ਕਰਦੀ ਹੈ ਪਰ ਪੁਲਸ ਵੱਲੋਂ ਇਸ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਜਿਸ ਦੇ ਚੱਲਦਿਆਂ ਇਹ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ।

ਇਹ ਵੀ ਪੜ੍ਹੋ- ਜਾਣੋ ਕੌਣ ਹੈ ਉਹ ਕੁੜੀ ਜਿਸ ਨਾਲ ਭਗਵੰਤ ਮਾਨ ਲੈਣਗੇ ਫੇਰੇ, ਕਿੱਥੇ ਹੋਵੇਗਾ ਵਿਆਹ, ਕੌਣ ਹੋਵੇਗਾ ਸ਼ਾਮਲ

ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਪੰਜਾਬੀ ਇੰਡਸਟਰੀ 'ਚ ਮੇਕਅਪ ਆਰਟਿਸਟ ਵਜੋਂ ਕੰਮ ਕਰਦਾ ਸੀ ਅਤੇ ਉਸ ਨੇ ਕੁਝ ਸਮਾਂ ਪਹਿਲਾਂ ਨਸ਼ਿਆਂ ਖ਼ਿਲਾਫ਼ ਇਕ ਟੈਲੀ ਫ਼ਿਲਮ ਵੀ ਬਣਾਈ ਸੀ ਪਰ ਅੱਜ ਉਹ ਖ਼ੁਦ ਹੀ ਇਸ ਦਾ ਸ਼ਿਕਾਰ ਹੋ ਗਿਆ। ਇਲਾਕੇ ਨਿਵਾਸੀਆਂ ਨੇ ਔਰਤ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਪਣੇ ਘਰ 'ਚ ਹੀ ਨਸ਼ਾ ਵੇਚਦੀ ਹੈ ਅਤੇ ਆਪਣੇ ਉਸਦੀ ਕੁੜੀ ਅਤੇ ਮੁੰਡਾ ਨਸ਼ਿਆਂ ਦੀ ਹੋਮ ਡਿਲਿਵਰੀ ਵੀ ਕਰਦੇ ਹਨ। ਉਧਰ ਲੋਕਾਂ 'ਚ ਰੋਸ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ 'ਤੇ ਪੁਲਸ ਨੇ ਤਸਕਰੀ ਕਰਨ ਵਾਲੀ ਔਰਤ ਉਸ਼ਾ ਪਤਨੀ ਬੀਰਬਲ , ਉਸਦੇ ਮੁੰਡੇ ਸ਼ੰਕਰ ਅਤੇ ਕੁੜੀ ਨੀਸ਼ਾ ਤੋਂ ਇਲਾਵਾ ਕੁਲਵੰਤ ਸਿੰਘ ਪੁੱਤਰ ਦੀਪ ਚੰਦ ਵਾਸੀ ਧਨੌਲਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। 

ਇਸ ਮਾਮਲੇ 'ਚ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਵਿਨੋਦ ਕੁਮਾਰ, ਮਾਤਾ ਅਤੇ ਦਾਦੀ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਮਨਪ੍ਰੀਤ ਕੁਮਾਰ ਉਰਫ਼ ਗਗਨਦੀਪ ਸਿੰਘ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਮੇਕਅਪ ਆਰਟਿਸਟ ਸੀ। ਕੰਮ ਨਾ ਹੋਣ ਕਾਰਨ ਉਹ ਧਨੌਲਾ ਚਲਾ ਗਿਆ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਪਹਿਲਾਂ ਵੀ ਨਸ਼ਾ ਕਰਦਾ ਸੀ ਪਰ ਕਰੀਬ ਇਕ ਮਹੀਨਾ ਪਹਿਲਾਂ ਤੱਕ ਉਹ ਪੂਰੀ ਤਰ੍ਹਾਂ ਨਸ਼ਾ ਛੱਡ ਚੁੱਕਾ ਸੀ ਪਰ ਬੀਤੇ ਦਿਨੀਂ ਮਨਪ੍ਰੀਤ ਨੂੰ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੀ ਊਸ਼ਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਨਸ਼ਾ ਕਰ ਦਿੱਤਾ। ਜਿਸ ਕਾਰਨ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਉਨ੍ਹਾਂ ਦੇ ਮੁੰਡੇ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਤਸਕਰੀ ਕਰਨ ਵਾਲੀ ਔਰਤ ਊਸ਼ਾ, ਉਸਦੀ ਕੁੜੀ-ਮੁੰਡਾ ਅਤੇ ਹੋਰ ਰਿਸ਼ਤੇਦਾਰ ਸ਼ਰੇਆਮ ਧਨੌਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਾ ਵੇਚ ਕੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਇਹ ਸਭ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਸਾਰੇ ਮੀਲ ਪੱਥਰਾਂ ਅਤੇ ਨਾਮ ਪੱਟੀਆਂ 'ਚ ਸਿਖ਼ਰ 'ਤੇ ਹੋਵੇਗੀ ਪੰਜਾਬੀ ਭਾਸ਼ਾ

ਇਸ ਮਾਮਲੇ ਸਬੰਧੀ ਥਾਣਾ ਧਨੌਲਾ ਦੇ ਐੱਸ.ਐੱਚ.ਓ ਜਗਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਦੇ ਬਿਆਨਾਂ 'ਤੇ ਦੋਸ਼ੀ ਪਰਿਵਾਰ ਸਮੇਤ ਕੁੱਲ 5 ਨਸ਼ਾ ਤਸਕਰਾਂ ਖ਼ਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News