ਪੰਜਾਬ ਦੇ 24,000 ਕੈਮਿਸਟ ਜਾਣਗੇ ਹੜਤਾਲ ''ਤੇ!
Tuesday, Sep 10, 2019 - 10:11 AM (IST)
![ਪੰਜਾਬ ਦੇ 24,000 ਕੈਮਿਸਟ ਜਾਣਗੇ ਹੜਤਾਲ ''ਤੇ!](https://static.jagbani.com/multimedia/2019_9image_10_10_179831589chemist-strike-1280x720.jpg)
ਲੁਧਿਆਣਾ (ਬਿਪਨ) : ਪੰਜਾਬ 'ਚ ਮਰੀਜ਼ਾਂ ਲਈ ਆਉਣ ਵਾਲੇ ਦਿਨਾਂ 'ਚ ਵੱਡੀ ਪਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਕੈਮਿਸਟ ਇਕ ਦਿਨ ਲਈ ਹੜਤਾਲ 'ਤੇ ਜਾ ਸਕਦੇ ਹਨ। ਪੰਜਾਬ ਕੈਮਿਸਟ ਐਸੋਸੀਏਸ਼ਨ ਨੇ 15 ਸਤੰਬਰ ਨੂੰ ਲੁਧਿਆਣਾ ਦੇ ਹੋਟਲ ਪਾਰਥ 'ਚ ਮੀਟਿੰਗ ਬੁਲਾਈ ਹੈ, ਜਿਸ 'ਚ ਸਾਰੀਆਂ ਜੇਲਾਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੂੰ ਬੁਲਾਇਆ ਗਿਆ ਹੈ। ਐਸੋਸੀਏਸ਼ਨ ਦੇ ਸੂਤਰ ਦੱਸਦੇ ਹਨ ਕਿ ਸੂਬਾ ਸਰਕਾਰ ਦੀ ਨਵੀਂ ਡਰੱਗ ਨੀਤੀ ਤੋਂ ਨਾਰਾਜ਼ ਕੈਮਿਸਟ ਇਸ ਮੀਟਿੰਗ 'ਚ ਇਕ ਮਹੀਨੇ ਦਾ ਨੋਟਿਸ ਦੇ ਕੇ 24 ਘੰਟੇ ਦੀ ਹੜਤਾਲ ਦਾ ਐਲਾਨ ਕਰ ਸਕਦੇ ਹਨ। ਪੰਜਾਬ 'ਚ ਕਰੀਬ 7 ਹਜ਼ਾਰ ਹੋਲਸੇਲਰ ਅਤੇ 17 ਹਜ਼ਾਰ ਰਿਟੇਲ ਕੈਮਿਸਟ ਹਨ ਅਤੇ ਸਾਰੇ ਕੈਮਿਸਟ ਇਕੱਠੇ ਦੁਕਾਨਾਂ ਬੰਦ ਕਰਦੇ ਹਨ ਤਾਂ ਕਾਰਨ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਅਸਲ 'ਚ ਪੰਜਾਬ ਸਰਕਾਰ ਨੇ ਅਪ੍ਰੈਲ 'ਚ ਨਵੀਂ ਡਰੱਗ ਪਾਲਿਸੀ ਜਾਰੀ ਕੀਤੀ ਹੈ, ਜਿਸ 'ਚ ਸੂਬੇ 'ਚ ਦਵਾਈ ਦੁਕਾਨਾਂ ਦੀ ਗਿਣਤੀ ਨੂੰ ਸੀਮਤ ਰੱਖਣ ਲਈ ਡਰੱਗ ਲਾਈਸੈਂਸਾਂ ਦੀ ਅਲਾਟਮੈਂਟ 'ਤੇ ਕੁਝ ਸ਼ਰਤਾਂ ਲਾਈਆਂ ਗਈਆਂ ਹਨ। ਇਨ੍ਹਾਂ ਸ਼ਰਤਾਂ ਤੋਂ ਕੈਮਿਸਟ ਨਾਰਾਜ਼ ਹਨ।