ਦੇਰ ਰਾਤ ਸਤਲੁਜ ਦਰਿਆ ਕੰਢੇ 22 ਗਾਂਵਾਂ ਦੀਆਂ ਲਾਸ਼ਾਂ ਦਾ ਹੋਇਆ ਅੰਤਿਮ ਸੰਸਕਾਰ
Tuesday, Dec 10, 2024 - 04:30 AM (IST)
ਫਗਵਾੜਾ (ਜਲੋਟਾ) - ਫਗਵਾੜਾ ਦੀ ਸ਼੍ਰੀ ਕ੍ਰਿਸ਼ਨ ਗਊਸ਼ਾਲਾ (ਮੇਹਲੀ ਗੇਟ) ਵਿਖੇ ਜ਼ਹਿਰੀਲਾ ਪਦਾਰਥ ਖਾਣ ਨਾਲ ਮਰਨ ਵਾਲੀਆਂ 22 ਗਊਆਂ ਦੀਆਂ ਲਾਸ਼ਾਂ ਦਾ ਬੀਤੀ ਦੇਰ ਰਾਤ ਫਿਲੌਰ ਨੇੜੇ ਸਤਲੁਜ ਦਰਿਆ ਦੇ ਕੰਢੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਸ੍ਰੀ ਸ਼ਿਵ ਮੰਦਰ ਪੱਕਾ ਬਾਗ ਦੇ ਸੇਵਾਦਾਰ ਇੰਦਰਜੀਤ ਕਾਲੜਾ ਅਤੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਵੱਡੀ ਗਿਣਤੀ ਵਿੱਚ ਗਊ ਭਗਤ ਅਤੇ ਫਗਵਾੜਾ ਵਾਸੀ ਮੌਜੂਦ ਸਨ।
ਇਸ ਦੌਰਾਨ ਹਰ ਕਿਸੇ ਦੀਆਂ ਅੱਖਾਂ ਨਮ ਸਨ ਅਤੇ ਦਿਲ 'ਚ ਇਹੋ ਸਵਾਲ ਚੁੱਭ ਰਿਹਾ ਸੀ ਕਿ ਇਹ ਘਿਨਾਉਣਾ ਕੰਮ ਕਿਸ ਨੇ ਅਤੇ ਕਿਉਂ ਕੀਤਾ ਹੈ। ਸ੍ਰੀ ਕਰਵਲ ਨੇ ਕਿਹਾ ਕਿ ਫਗਵਾੜਾ ਵਿੱਚ ਜੋ ਕੁਝ ਵਾਪਰਿਆ ਹੈ ਉਸ ਨਾਲ ਸਾਰੇ ਗਊ ਭਗਤਾਂ ਦੇ ਦਿਲਾਂ ਵਿੱਚ ਡੂੰਘਾ ਦੁੱਖ ਅਤੇ ਅਫਸੋਸ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਪ੍ਰਸ਼ਾਸਨ ਨੂੰ 12 ਦਸੰਬਰ ਤੱਕ ਬਿਨਾਂ ਕਿਸੇ ਭੇਦਭਾਵ ਅਤੇ ਦਬਾਅ ਦੇ ਇਨਸਾਫ ਪੂਰਨ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਸ਼ਾਮਲ 22 ਗਊ ਮਾਤਾਵਾਂ ਦੇ ਕਾਤਲਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਜੇਕਰ ਇੰਝ ਨਾ ਹੋਇਆ ਤਾਂ ਸਮੂਹ ਹਿੰਦੂ ਸੰਗਠਨਾਂ ਦੇ ਆਗੂ ਅਤੇ ਗਊ ਭਗਤ ਫਗਵਾੜਾ ਵਿਚ ਬਹੁੱਤ ਵੱਡੇ ਪੱਧਰ ਤੇ ਵਿਸ਼ਾਲ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਉਨ੍ਹਾਂ ਕਿਹਾ ਕਿ ਸਨਾਤਨ ਹਿੰਦੂ ਧਰਮ ਵਿੱਚ ਗਊ ਨੂੰ ਮਾਤਾ ਦਾ ਦਰਜਾ ਪ੍ਰਾਪਤ ਹੈ ਅਤੇ ਸ਼ਾਸਤਰਾਂ ਵਿੱਚ ਵਿਦਿਤ ਹੈ ਕਿ ਗਊ ਮਾਤਾ ਵਿੱਚ 33 ਕਰੋੜ ਦੇਵੀ-ਦੇਵਤੇ ਰਹਿੰਦੇ ਹਨ। ਉਨਾਂ ਕਿਹਾ ਕਿ ਅਸੀਂ ਸਾਰੇ ਗਊ ਦੀ ਪੂਜਾ ਕਰਦੇ ਹਾਂ ਅਤੇ ਹਿੰਦੂ ਧਰਮ ਚ ਅਜਿਹੀ ਕੋਈ ਪੂਜਾ ਨਹੀਂ ਹੁੰਦੀ ਹੈ ਜਿੱਥੇ ਗਊ ਮਾਤਾ ਦੀ ਜੈ ਦਾ ਜੈਕਾਰਾ ਨਾ ਲਗਦਾ ਹੋਵੇ। ਕਰਵਲ ਨੇ ਕਿਹਾ ਕਿ ਹਿੰਦੂ ਸਮਾਜ ਉਨ੍ਹਾਂ ਲੋਕਾਂ ਨੂੰ ਮੁਆਫ ਨਹੀਂ ਕਰੇਗਾ ਜਿਨ੍ਹਾਂ ਨੇ ਸਾਡੀਆਂ 22 ਗਊ ਮਾਤਾਵਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਫਿਰ ਚਾਹੇ ਉਹ ਕਿੰਨੇ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਣ।
ਕਰਵਲ ਨੇ ਕਿਹਾ ਕਿ ਬੀਤੀ ਰਾਤ ਤੋਂ ਫਗਵਾੜਾ ਵਿੱਚ ਜੋ ਕੁਝ ਵਾਪਰਿਆ ਹੈ, ਉਸ ਦੇ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਪਰ ਉਹ ਦੁੱਖ ਦੀ ਇਸ ਅਸਹਿ ਘੜੀ ਵਿੱਚ ਸਾਰੇ ਫਗਵਾੜਾ ਵਾਸੀਆਂ, ਹਿੰਦੂ ਸੰਗਠਨਾਂ ਦੇ ਨੇਤਾਵਾਂ ਅਤੇ ਗਊ ਭਗਤਾਂ ਵੱਲੋਂ ਬਣਾਈ ਗਈ ਸ਼ਾਂਤੀ, ਭਾਈਚਾਰੇ, ਸਿਦਕ ਅਤੇ ਸੰਜਮ ਲਈ ਧੰਨਵਾਦੀ ਹਨ।