ਜਲੰਧਰ: ਸਰਦੀ ਦੇ ਮੌਸਮ ’ਚ ਨਾਜਾਇਜ਼ ਸ਼ਰਾਬ ਦਾ ਬਾਜ਼ਾਰ ‘ਗਰਮ’, ਸਸਤੀ ਮਿਲ ਰਹੀ ਬੋਤਲ

12/30/2022 2:16:22 PM

ਜਲੰਧਰ (ਪੁਨੀਤ)– ਸਰਦੀ ਦੇ ਮੌਸਮ ਵਿਚ ਨਾਜਾਇਜ਼ ਸ਼ਰਾਬ ਦਾ ਬਾਜ਼ਾਰ ਗਰਮ ਹੈ। ਸਮੱਗਲਰਾਂ ਨੂੰ ਮਿਲਣ ਵਾਲੀ ਸ਼ਰਾਬ ਦੀਆਂ ਕੀਮਤਾਂ ਵਿਚ ਠੇਕਿਆਂ ਦੇ ਮੁਕਾਬਲੇ ਭਾਰੀ ਅੰਤਰ ਨਜ਼ਰ ਆ ਰਿਹਾ ਹੈ। ਐਕਸਾਈਜ਼ ਪਾਲਿਸੀ ਆਉਣ ਤੋਂ ਬਾਅਦ ਕੁਝ ਮਹੀਨੇ ਤੱਕ ਸ਼ਰਾਬ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਰਹੀ ਸੀ, ਜਿਸ ਨਾਲ ਖ਼ਪਤਕਾਰਾਂ ਦੇ ਚਿਹਰੇ ਖਿੜ ਉਠੇ ਸਨ ਪਰ ਹੁਣ ਸ਼ਰਾਬ ਦੀ ਕੀਮਤ ਫਿਰ ਤੋਂ ਆਸਮਾਨ ਛੂਹ ਚੁੱਕੀ ਹੈ, ਜਿਸ ਨਾਲ ਲੋਕਾਂ ਨੂੰ ਮਜਬੂਰੀ ਵਿਚ ਨਾਜਾਇਜ਼ ਸ਼ਰਾਬ ਖ਼ਰੀਦਣੀ ਪੈ ਰਹੀ ਹੈ। ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਚ ਇਸ ਵਾਰ ਕਈ ਤਰ੍ਹਾਂ ਦੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ, ਜੋਕਿ ਖ਼ਪਤਕਾਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ।

ਕੀਮਤਾਂ ਵਿਚ ਅੰਤਰ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਤੋਂ ਸਮੱਗਲ ਕਰਕੇ ਲਿਆਂਦੀ ਗਈ ਸ਼ਰਾਬ ਸਸਤੀ ਉਪਲੱਬਧ ਹੁੰਦੀ ਰਹੀ ਹੈ ਅਤੇ ਉਕਤ ਸ਼ਰਾਬ ਵਿਚ ਮਿਲਾਵਟ ਦਾ ਹਮੇਸ਼ਾ ਤੋਂ ਖ਼ਦਸ਼ਾ ਹੁੰਦਾ ਸੀ। ਚੰਡੀਗੜ੍ਹ ਵਾਲੀ ਸ਼ਰਾਬ ਦੀ ਗੱਲ ਪੁਰਾਣੀ ਹੋ ਗਈ ਹੈ। ਇਸ ਵਾਰ ਨਵਾਂ ਇਹ ਹੋਇਆ ਹੈ ਕਿ ਪੰਜਾਬ ਮਾਰਕਾ ਸ਼ਰਾਬ ਸਸਤੇ ਭਾਅ ’ਤੇ ਉਪਲੱਬਧ ਹੋ ਰਹੀ ਹੈ। ਵੱਡੇ ਬ੍ਰਾਂਡ ਵਿਚ 500 ਰੁਪਏ ਅਤੇ ਇਸ ਤੋਂ ਵੱਧ ਦਾ ਅੰਤਰ ਹੈ, ਜਦੋਂ ਕਿ ਰੁਟੀਨ ਵਿਚ ਵਿਕਣ ਵਾਲੇ ਆਰ. ਐੱਸ. ਬ੍ਰਾਂਡ ਦੀ ਬੋਤਲ ਠੇਕਿਆਂ ਦੇ ਮੁਕਾਬਲੇ 200 ਰੁਪਏ ਸਸਤੀ ਮਿਲ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ

ਮਾਰਕੀਟ ਵਿਚ ਜ਼ਿਆਦਾ ਵਿਕਰੀ ਵਾਲੀ ਆਰ. ਐੱਸ. ਬ੍ਰਾਂਡ ਦੀ ਬੋਤਲ ਠੇਕੇ ’ਤੇ 600 ਰੁਪਏ ਵਿਚ ਖਰੀਦਣੀ ਪੈ ਰਹੀ ਹੈ, ਉਥੇ ਹੀ ਬਾਹਰ ਇਹ ਬੋਤਲ 400 ਰੁਪਏ ਵਿਚ ਆਸਾਨੀ ਨਾਲ ਮਿਲ ਰਹੀ ਹੈ। ਠੇਕੇ ਵਾਲੇ ਗਾਹਕਾਂ ਨੂੰ ਜ਼ਿਆਦਾ ਡਿਸਕਾਊਂਟ ਨਹੀਂ ਦਿੰਦੇ। ਉਹ ਇਸ ਬ੍ਰਾਂਡ ਦੀ ਪੇਟੀ ਦੀ ਖਰੀਦਦਾਰੀ ’ਤੇ ਇਕ ਬੋਤਲ ਦਾ ਭਾਅ ਘੱਟ ਕਰ ਕੇ ਖਪਤਕਾਰਾਂ ਕੋਲੋਂ 11 ਬੋਤਲਾਂ ਦੇ 6600 ਰੁਪਏ ਵਸੂਲ ਰਹੇ ਹਨ, ਜਦੋਂ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲੇ 4400 ਰੁਪਏ ਵਿਚ ਪੇਟੀ ਵੇਚ ਰਹੇ ਹਨ। ਮਾਰਕੀਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਰੁਟੀਨ ਬ੍ਰਾਂਡ ’ਤੇ ਖਪਤਕਾਰ ਨੂੰ ਪੇਟੀ ’ਤੇ 2200 ਰੁਪਏ ਦੀ ਬੱਚਤ ਹੋ ਰਹੀ ਹੋਵੇ ਤਾਂ ਉਹ ਠੇਕੇ ਤੋਂ ਕਿਉਂ ਖ਼ਰੀਦੇਗਾ। ਕੀਮਤਾਂ ਵਿਚ ਅੰਤਰ ਕਾਰਨ ਜਿਥੇ ਇਕ ਪਾਸੇ ਨਾਜਾਇਜ਼ ਸ਼ਰਾਬ ਦਾ ਬਾਜ਼ਾਰ ਗਰਮ ਹੋਇਆ ਹੈ, ਉਥੇ ਹੀ ਸ਼ਰਾਬ ਦੇ ਚਾਹਵਾਨਾਂ ਨੂੰ ਵਾਜਿਬ ਕੀਮਤ ’ਤੇ ਸ਼ਰਾਬ ਉਪਲੱਬਧ ਹੋ ਰਹੀ ਹੈ। ਨਾਜਾਇਜ਼ ਸ਼ਰਾਬ ਦੇ ਬਾਜ਼ਾਰ ਵਿਚ ਆਏ ਬਦਲਾਅ ਕਾਰਨ ਹੁਣ ਸਸਤੀ ਸ਼ਰਾਬ ਦੇ ਚਾਹਵਾਨਾਂ ਨੂੰ ਹਾਫ਼ (ਅਧੀਆ) ਵੀ ਆਸਾਨੀ ਨਾਲ ਉਪਲੱਬਧ ਹੋ ਰਿਹਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਬੋਤਲ ਹੀ ਮਿਲ ਪਾਉਂਦੀ ਸੀ। ਕਈ ਵੱਡੇ ਸਮੱਗਲਰ ਤਾਂ ਪੇਟੀ ਤੋਂ ਘੱਟ ਦੀ ਵੀ ਗੱਲ ਨਹੀਂ ਕਰਦੇ ਸਨ ਪਰ ਹੁਣ ਹਾਫ ਮਿਲਣਾ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਬਲ ਦੇ ਰਿਹਾ ਹੈ। ਉਥੇ ਹੀ, ਇਹ ਗੱਲ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਆਪਣੇ ਜਾਣਕਾਰ ਲੋਕਾਂ ਨੂੰ ਘਰ ਤੱਕ ਸ਼ਰਾਬ ਦੀ ਡਿਲਿਵਰੀ ਕਰ ਰਹੇ ਹਨ।

ਇਹ ਵੀ ਪੜ੍ਹੋ : ਕਪੂਰਥਲਾ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਪੁਲਸ ਮੁਲਾਜ਼ਮ ਦੀ ਦਰਦਨਾਕ ਮੌਤ

ਡਿਮਾਂਡ ਕਾਰਨ ਰਮ ਦੀ ਵਿਕਰੀ ਨੇ ਫੜਿਆ ਜ਼ੋਰ
ਸਰਦੀ ਦੇ ਮੌਸਮ ਵਿਚ ਨਾਜਾਇਜ਼ ਸ਼ਰਾਬ ਦਾ ਬਾਜ਼ਾਰ ਗਰਮ ਹੋਣ ਦੇ ਨਾਲ-ਨਾਲ ਰਮ ਦੀ ਡਿਮਾਂਡ ਨੇ ਜ਼ੋਰ ਫੜਿਆ ਹੋਇਆ ਹੈ। ਠੇਕਿਆਂ ’ਤੇ ਰਮ ਦੀ ਬੋਤਲ ਦਾ ਭਾਅ 600 ਰੁਪਏ, ਜਦੋਂ ਕਿ 300 ਰੁਪਏ ਦਾ ਹਾਫ ਅਤੇ ਕੁਆਰਟਰ ਦੇ 160 ਰੁਪਏ ਨਿਰਧਾਰਿਤ ਹਨ। ਉਥੇ ਹੀ, ਨਾਜਾਇਜ਼ ਢੰਗ ਨਾਲ ਵਿਕਣ ਵਾਲੀ ਚਰਚਿਤ ਰਮ ਦੀ ਬੋਤਲ 420-430 ਰੁਪਏ ਵਿਚ ਵੇਚੀ ਜਾ ਰਹੀ ਹੈ। ਬਾਜ਼ਾਰ ਦੇ ਮੁਤਾਬਕ ਰਮ ਦੀ ਇਸ ਪੇਟੀ ਦਾ ਭਾਅ 5000 ਰੁਪਏ ਦੇ ਨੇੜੇ-ਤੇੜੇ ਰੱਖਿਆ ਗਿਆ ਹੈ। ਜਾਣਕਾਰ ਦੱਸਦੇ ਹਨ ਕਿ ਪੁਰਾਣੇ ਜਾਣਕਾਰ ਲੋਕਾਂ ਨੂੰ ਕਰਿੰਦੇ 4800 ਰੁਪਏ ਅਤੇ ਇਸ ਤੋਂ ਘੱਟ ਵਿਚ ਵੀ ਪੇਟੀ ਦੇ ਰਹੇ ਹਨ। ਬੋਤਲ ਦੀ ਵਿਕਰੀ ਕਰਨ ਵਾਲੇ ਉਕਤ ਲੋਕ ਹੁਣ ਹਾਫ ਵੀ ਮੁਹੱਈਆ ਕਰਵਾ ਰਹੇ ਹਨ। ਇਸ ਵਿਚ ਉਨ੍ਹਾਂ ਦੀ ਮੁੱਖ ਸ਼ਰਤ ਘੱਟ ਤੋਂ ਘੱਟ 4 ਹਾਫ ਖ਼ਰੀਦਣ ਦੀ ਰੱਖੀ ਜਾਂਦੀ ਹੈ। ਹਾਫ ਦੇ 250 ਰੁਪਏ ਦੱਸੇ ਜਾ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਰਮ ਦੇ ਹਾਫ ਦੀ ਪੇਟੀ ਨੂੰ ਲੈ ਕੇ ਮਾਰਕੀਟ ਵਿਚ ਕਾਫ਼ੀ ਡਿਮਾਂਡ ਆ ਰਹੀ ਹੈ, ਜਿਸ ਕਾਰਨ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੇ ਹਾਫ ਵੀ ਗਾਹਕਾਂ ਨੂੰ ਆਸਾਨੀ ਨਾਲ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : Year Ender 2022: ਸੱਤਾ ਪਲਟਣ, ਸਿੱਧੂ ਮੂਸੇਵਾਲਾ ਦੇ ਕਤਲ ਸਣੇ ਪੰਜਾਬ ਦੀ ਸਿਆਸਤ 'ਚ ਗਰਮਾਏ ਰਹੇ ਇਹ ਵੱਡੇ ਮੁੱਦੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News