‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

04/02/2023 4:52:37 PM

ਜਲੰਧਰ (ਵਿਸ਼ੇਸ਼)–ਪੰਜਾਬ ’ਚ ਬੇਮੌਸਮੀ ਮੀਂਹ ਅਤੇ ਗੜਿਆਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਸੂਬੇ ’ਚ ਇਸ ਸੀਜ਼ਨ ਵਿਚ 20 ਫ਼ੀਸਦੀ ਤੋਂ ਵੱਧ ਫ਼ਸਲ ਦਾ ਨੁਕਸਾਨ ਹੋਣ ਦਾ ਡਰ ਹੈ। ਸ਼ਨੀਵਾਰ ਤੋਂ ਕਣਕ ਦੀ ਖ਼ਰੀਦ ਦਾ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਮੀਂਹ ਦੇ ਜਾਰੀ ਰਹਿਣ ਕਾਰਨ ਵਿਸਾਖੀ ਤਕ ਕਣਕ ਦੀ ਵਾਢੀ ’ਚ ਦੇਰੀ ਹੋਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਹੋਰ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਕਿਸਾਨ ਕਣਕ ਦੀ ਫ਼ਸਲ ਨਹੀਂ ਕੱਟਣਗੇ, ਜਿਸ ਨਾਲ ਬਾਜ਼ਾਰ ’ਚ ਇਸ ਦੀ ਆਮਦ ਅਤੇ ਖ਼ਰੀਦ ਵਿਚ ਦੇਰੀ ਹੋਵੇਗੀ। ਮੀਂਹ ਬੰਦ ਹੋਣ ਅਤੇ 3-4 ਦਿਨਾਂ ਤਕ ਸੂਰਜ ਚਮਕਣ ਤੋਂ ਬਾਅਦ ਹੀ ਫ਼ਸਲ ਸੁੱਕੇਗੀ ਅਤੇ ਵਾਢੀ ਲਈ ਤਿਆਰ ਹੋਵੇਗੀ। ਹਾਲਾਂਕਿ ਪੰਜਾਬ ਸਰਕਾਰ ਨੇ ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੇ ਫ਼ਸਲਾਂ ਦੇ ਨੁਕਸਾਨ ਤੋਂ ਰਾਹਤ ਦੇਣ ਲਈ ਮੁਆਵਜ਼ਾ 25 ਫ਼ੀਸਦੀ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਫ਼ਸਲ ਦੇ 76 ਤੋਂ 100 ਫ਼ੀਸਦੀ ਤਕ ਹੋਏ ਨੁਕਸਾਨ ਲਈ ਮੁਆਵਜ਼ਾ 12 ਹਜ਼ਾਰ ਤੋਂ ਵਧਾ ਕੇ 15 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਕਣਕ ਦੀ ਖੜ੍ਹੀ ਫਸਲ ਉੱਪਰ ਪੰਜਾਬ ਅਤੇ ਹਰਿਆਣਾ ਵਿਚ ਵਰ੍ਹ ਰਹੇ ਕੁਦਰਤ ਦੇ ਕਹਿਰ ਦੇ ਵਿਚਕਾਰ ਮੰਨੇ-ਪ੍ਰਮੰਨੇ ਖੇਤੀਬਾੜੀ ਅਰਥਸ਼ਾਸਤਰੀ ਦਵਿੰਦਰ ਸ਼ਰਮਾ ਨੇ ਫਸਲਾਂ ਦੇ ਹੋਣ ਵਾਲੇ ਨੁਕਸਾਨ ਦੇ ਅਨੁਮਾਨ ਲਈ ਤਕਨੀਕ ਦਾ ਸਹਾਰਾ ਲੈਣ ਦੀ ਵਕਾਲਤ ਕੀਤੀ ਹੈ। ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਸ਼ਰਮਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਇਸ ਦੀ ਅਰਥਵਿਵਸਥਾ ਖੇਤੀਬਾੜੀ ’ਤੇ ਨਿਰਭਰ ਕਰਦੀ ਹੈ। ਇਸ ਲਈ ਕਿਸਾਨਾਂ ਨੂੰ ਹੋਣ ਵਾਲਾ ਨੁਕਸਾਨ ਪੂਰੇ ਸੂਬੇ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਦਾ ਹੈ। ਕਿਸਾਨਾਂ ਨੂੰ ਕੁਦਰਤੀ ਆਫ਼ਤ ਅਤੇ ਕਿਸੇ ਵੀ ਹੋਰ ਢੰਗ ਨਾਲ ਹੋਣ ਵਾਲੇ ਨੁਕਸਾਨ ਦਾ ਅਨੁਮਾਨ ਸੈਟੇਲਾਈਟ ਦੀ ਵਰਤੋਂ ਕਰ ਕੇ ਲਾਇਆ ਜਾਣਾ ਚਾਹੀਦਾ ਹੈ। ਇਹ ਚਿੰਤਾਜਨਕ ਗੱਲ ਹੈ ਕਿ ਤਕਨੀਕ ਦੇ ਯੁੱਗ ਵਿਚ ਵੀ ਪੰਜਾਬ ’ਚ ਪਟਵਾਰੀ ਗਰਾਊਂਡ ’ਤੇ ਜਾ ਕੇ ਫਸਲਾਂ ਦੇ ਨੁਕਸਾਨ ਦਾ ਅਨੁਮਾਨ ਲਾ ਰਹੇ ਹਨ। ਇਹ ਪ੍ਰਕਿਰਿਆ ਕਾਫ਼ੀ ਲੰਮੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਮੁਆਵਜ਼ਾ ਮਿਲਣ ’ਚ ਦੇਰੀ ਹੁੰਦੀ ਹੈ। ਜੇ ਖੇਤਾਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਅਨੁਮਾਨ ਸੈਟੇਲਾਈਟ ਰਾਹੀਂ ਲਾਇਆ ਜਾ ਸਕਦਾ ਹੈ ਤਾਂ ਫਸਲਾਂ ਦੇ ਨੁਕਸਾਨ ਦੇ ਅਨੁਮਾਨ ਵਿਚ ਇਸ ਦੀ ਮਦਦ ਕਿਉਂ ਨਹੀਂ ਲਈ ਜਾ ਸਕਦੀ? ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਕਿਰਿਆ ਵਿਚ ਇਕ ਪੂਰੇ ਇਲਾਕੇ ’ਚ ਫ਼ਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਤਹਿਤ ਕਈ ਕਿਸਾਨਾਂ ਨੂੰ ਫ਼ਸਲ ਦਾ ਸੌ ਫ਼ੀਸਦੀ ਨੁਕਸਾਨ ਹੋਣ ਦੇ ਬਾਵਜੂਦ ਪੂਰਾ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਪੂਰੇ ਇਲਾਕੇ ਵਿਚ ਹੋਏ ਨੁਕਸਾਨ ਦੀ ਔਸਤ ਦੇ ਆਧਾਰ ’ਤੇ ਮੁਆਵਜ਼ਾ ਜਾਰੀ ਹੁੰਦਾ ਹੈ। ਇਹ ਪ੍ਰਕਿਰਿਆ ਬਦਲਣੀ ਚਾਹੀਦੀ ਹੈ ਅਤੇ ਪ੍ਰਤੀ ਯੂਨਿਟ ਨੁਕਸਾਨ ਦਾ ਅਨੁਮਾਨ ਲਾ ਕੇ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ :ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ 'ਚ ਬਦਲਾਅ, ਜਲੰਧਰ ਦੇ DCP ਰਹੇ ਰਾਜਿੰਦਰ ਸਿੰਘ ਨੇ ਜੁਆਇਨ ਕੀਤੀ ਭਾਜਪਾ

PunjabKesari

13 ਲੱਖ ਹੈੱਕਟੇਅਰ ’ਚ ਖੜ੍ਹੀ ਕਣਕ ਦੀ ਫ਼ਸਲ, ਦਾਣਾ ਕਾਲਾ ਹੋਣ ਨਾਲ ਕੁਆਲਟੀ ’ਤੇ ਪਵੇਗਾ ਅਸਰ
ਪੰਜਾਬ ’ਚ ਫਿਲਹਾਲ 13 ਲੱਖ ਹੈੱਕਟੇਅਰ ਵਿਚ ਖੜ੍ਹੀ ਕਣਕ ਤੇ ਹੋਰ ਫ਼ਸਲਾਂ ਨੂੰ ਬੇਮੌਸਮੀ ਮੀਂਹ ਅਤੇ ਗੜਿਆਂ ਕਾਰਨ ਨੁਕਸਾਨ ਪਹੁੰਚਿਆ ਅਤੇ 50 ਹਜ਼ਾਰ ਹੈੱਕਟੇਅਰ ਰਕਬੇ ’ਤੇ ਪੂਰੀ ਫ਼ਸਲ ਬਰਬਾਦ ਹੋ ਗਈ ਹੈ। ਇਸ ਲਿਹਾਜ਼ ਨਾਲ ਪੰਜਾਬ ਵਿਚ ਇਸ ਸੀਜ਼ਨ ’ਚ 20 ਫ਼ੀਸਦੀ ਤੋਂ ਵੱਧ ਫ਼ਸਲ ਦਾ ਨੁਕਸਾਨ ਹੋਣ ਦਾ ਡਰ ਹੈ। ਆਉਣ ਵਾਲੇ ਦਿਨਾਂ ਵਿਚ ਭਾਵੇਂ ਮੌਸਮ ਵਿਚ ਕੁਝ ਸੁਧਾਰ ਹੋ ਜਾਵੇ ਪਰ ਖੇਤਾਂ ਵਿਚ ਜੋ ਫਸਲ ਬੈਠ ਗਈ ਹੈ, ਉਸ ਦਾ ਦਾਣਾ ਕਾਲਾ ਹੋ ਜਾਵੇਗਾ ਅਤੇ ਕੁਆਲਟੀ ’ਤੇ ਵੀ ਅਸਰ ਪਵੇਗਾ। ਇਸ ਦਾ ਕਿਸਾਨ ਨੂੰ ਨੁਕਸਾਨ ਹੋਣਾ ਤੈਅ ਹੈ। ਇਸ ਦੇ ਨਾਲ ਹੀ ਫ਼ਸਲ ਦੀ ਵਾਢੀ ਵੇਲੇ ਬੇਮੌਸਮੀ ਬਰਸਾਤ ਹੋਣ ਕਾਰਨ ਵਾਢੀ ਵਿਚ ਵੀ ਦੇਰੀ ਹੋਵੇਗੀ, ਜਿਸ ਨਾਲ ਅਗਲੀ ਫ਼ਸਲ ਵਿਚ 15-20 ਦਿਨਾਂ ਦੀ ਦੇਰੀ ਹੋ ਸਕਦੀ ਹੈ। ਸਰਕਾਰ ਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ ਅਤੇ ਫ਼ਸਲਾਂ ਦੀ ਖ਼ਰੀਦ ਵਿਚ ਨਮੀ ਦੇ ਨਿਯਮਾਂ ’ਚ ਵੀ ਹਾਲਾਤ ਮੁਤਾਬਕ ਛੋਟ ਦੇਣੀ ਚਾਹੀਦੀ ਹੈ।

ਫ਼ਸਲਾਂ ’ਚ ਖੜ੍ਹੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਕਿਸਾਨ
ਪੀ. ਏ. ਯੂ. ਦੇ ਮਾਹਿਰਾਂ ਅਨੁਸਾਰ ਕਿਸਾਨਾਂ ਨੂੰ ਇਨ੍ਹੀਂ ਦਿਨੀਂ ਫ਼ਸਲਾਂ ਨੂੰ ਪਾਣੀ ਨਾ ਦੇਣ ਅਤੇ ਖੜ੍ਹੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਮਾਹਿਰਾਂ ਵੱਲੋਂ ਇਸ ਮੌਸਮ ਨੂੰ ਵੇਖਦੇ ਹੋਏ ਪਸ਼ੂਪਾਲਕਾਂ ਨੂੰ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਪਸ਼ੂਧਨ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ।

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਪੁੱਜੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਇਕ ਹੋਰ ਟੋਲ ਪਲਾਜ਼ਾ ਕੀਤਾ ਬੰਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News