ਸ਼ੈਲਰ ''ਚੋਂ ਪਨਸਪ ਦੇ ਚੌਲ ਵੇਚਣ ਜਾਂਦੇ 2 ਟਰੱਕ ਕਾਬੂ
Monday, Jun 12, 2017 - 12:33 AM (IST)
ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)- ਸਥਾਨਕ ਪੁਲਸ ਵੱਲੋਂ ਖਰੀਦ ਏਜੰਸੀ ਪਨਸਪ ਵੱਲੋਂ ਇਕ ਸ਼ੈਲਰ 'ਚ ਰੱਖੇ ਗਏ ਚੌਲਾਂ ਨੂੰ ਵੇਚਣ ਲਈ ਲਿਜਾ ਰਹੇ ਦੋ ਟਰੱਕਾਂ ਨੂੰ ਕਾਬੂ ਕਰ ਕੇ ਇਕ ਅਕਾਲੀ ਆਗੂ ਅਤੇ ਉਸ ਦੇ ਸਪੁੱਤਰ 'ਤੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਕੇਸ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਬਲਰਾਜ ਮੋਹਨ ਨੇ ਦੱਸਿਆ ਕਿ ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਗੌਰਵ ਗੋਇਲ ਦੀ ਸੂਚਨਾ 'ਤੇ ਨਾਕੇ ਦੌਰਾਨ ਦੋ ਟਰੱਕ ਚੌਲਾਂ ਦੇ ਕਾਬੂ ਕੀਤੇ ਹਨ, ਜੋ ਕਿ 40 ਟਨ ਦੇ ਕਰੀਬ ਹਨ। ਪੁਲਸ ਨੇ ਅਕਾਲੀ ਆਗੂ ਮੁਖਤਿਆਰ ਸਿੰਘ ਅਤੇ ਉਸ ਦੇ ਪੁੱਤਰ ਰਣਜੀਤ ਸਿੰਘ ਵਾਸੀ ਭਾਗੀਕੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪਨਸਪ ਦੇ ਦਰਜਾ ਵਨ ਅਧਿਕਾਰੀ ਇੰਸਪੈਕਟਰ ਗੌਰਵ ਗੋਇਲ ਨੇ ਦੱਸਿਆ ਕਿ ਮਹਿਕਮੇ ਨੇ ਸਾਲ 13-14 'ਚ ਮੁਖਤਿਆਰ ਸਿੰਘ ਐਂਡ ਸੰਨਜ਼ ਵਿਖੇ ਚੌਲ ਲਾਏ ਹੋਏ ਸਨ ਅਤੇ ਇਸ ਕੰਪਨੀ ਦਾ ਮਹਿਕਮੇ ਨਾਲ ਝਗੜਾ ਚੱਲਦਾ ਸੀ, ਟੀਮ ਨੇ ਚੌਲਾਂ ਸਬੰਧੀ ਗਿਣਤੀ ਵੀ ਨਹੀਂ ਕੀਤੀ ਅਤੇ ਮਾਲਕਾਂ ਨੇ ਜਿੰਦਰੇ ਵੀ ਆਪਣੇ ਲਾਏ ਹੋਏ ਸਨ।
ਮੁਖਤਿਆਰ ਸਿੰਘ ਐਂਡ ਸੰਨਜ਼ ਵੱਲੋਂ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਦੋ ਟਰੱਕਾਂ ਵਿਚ ਚੌਲ ਵੇਚਣ ਲਈ ਲਿਜਾਏ ਜਾ ਰਹੇ ਸਨ। ਚੌਕੀਦਾਰ ਵੱਲੋਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਨਾ ਦੇਣ 'ਤੇ ਪੁਲਸ ਵੱਲੋਂ ਉਕਤ ਦੋ ਟਰੱਕਾਂ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਦੂਸਰੇ ਪਾਸੇ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਭਾਗੀਕੇ ਨੇ ਦੱਸਿਆ ਕਿ ਇਹ ਸ਼ੈਲਰ ਉਸ ਨੇ ਲੀਜ਼ 'ਤੇ ਲਿਆ ਹੋਇਆ ਹੈ, ਉਸ 'ਚ ਉਸ ਦੇ ਪਿਤਾ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਸ਼ੈਲਰ ਦਾ ਖਰੀਦ ਏਜੰਸੀ ਪਨਸਪ ਨਾਲ ਕੋਰਟ 'ਚ ਕੇਸ ਚੱਲਦਾ ਹੈ, ਜੋ ਪਨਸਪ ਦਾ ਲੈਣਾ-ਦੇਣਾ ਹੈ, ਉਸ ਮੁਤਾਬਕ ਉਸ ਨੇ ਆਪਣੀ ਪ੍ਰਾਪਰਟੀ ਪਨਸਪ ਨੂੰ ਪਲੱਜ ਕਰਵਾਈ ਹੋਈ ਹੈ ਅਤੇ ਸ਼ੈਲਰ 'ਚ ਪਏ ਚੌਲ ਉਸ ਦੇ ਹਨ। ਉਸ ਨੇ ਦੱਸਿਆ ਕਿ ਉਸ ਦਾ ਸ਼ੈਲਰ ਵੀ ਬੈਨ ਨਹੀਂ ਹੋਇਆ, ਉਹ ਆਪਣੇ ਟਰੱਕਾਂ ਰਾਹੀਂ ਚੌਲ ਵੇਚਣ ਜਾ ਰਿਹਾ ਸੀ। ਮੈਨੂੰ ਸਿਆਸੀ ਰੰਜਿਸ਼ ਕਾਰਨ ਘਸੀਟਿਆ ਜਾ ਰਿਹਾ ਅਤੇ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਹੈ ਤੇ ਉਸ ਨੇ ਪੁਲਸ ਕੋਲ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਕਿਹਾ ਕਿ ਜੇਕਰ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਤਾਂ ਉਸ ਲਈ ਪੁਲਸ ਅਤੇ ਸਿਆਸੀ ਲੀਡਰ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਡੀ. ਜੀ. ਪੀ. ਪੁਲਸ ਅਤੇ ਮੁੱਖ ਮੰਤਰੀ ਦੇ ਧਿਆਨ 'ਚ ਲਿਆਉਣਗੇ।
