ਮੈਡੀਕਲ ਕਾਲਜ ਦੇ 2 ਪੀ.ਜੀ. ਡਾਕਟਰਾਂ ਸਮੇਤ ਇਕ ਵਿਅਕਤੀ ਆਈਸੋਲੇਸ਼ਨ ਵਾਰਡ ''ਚ ਦਾਖਲ

Tuesday, Mar 24, 2020 - 08:24 PM (IST)

ਅੰਮ੍ਰਿਤਸਰ, (ਦਲਜੀਤ ਸ਼ਰਮਾ)— ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਗੁਰੂ ਨਾਨਕ ਦੇਵ ਹਸਪਤਾਲ ਦੇ 2 ਪੋਸਟ ਗ੍ਰੈਜੂਏਟ ਡਾਕਟਰਾਂ ਨੂੰ ਸ਼ੱਕ ਦੇ ਆਧਾਰ 'ਤੇ ਕੋਰੋਨਾ ਵਾਇਰਸ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਇਕ ਡਾਕਟਰ ਕੁਝ ਦਿਨ ਪਹਿਲਾਂ ਆਈਸੋਲੇਸ਼ਨ ਵਾਰਡ 'ਚ ਪਾਜ਼ਟਿਵ ਮਰੀਜ਼ਾਂ ਦਾ ਇਲਾਜ ਕਰ ਚੁੱਕੀ ਹੈ, ਜਦਕਿ ਦੁਸਰਾ ਡਾਕਟਰ ਹਸਪਤਾਲ ਦੇ ਆਰਥੋ ਵਿਭਾਗ 'ਚ ਕੰਮ ਕਰ ਰਿਹਾ ਸੀ। ਦੋਨੋਂ ਡਾਕਟਰਾਂ ਨੂੰ ਤੇਜ਼ ਬੁਖਾਰ, ਖਾਂਸੀ ਜ਼ੁਕਾਮ ਦੀ ਸ਼ਿਕਾਇਤ ਹੈ। ਇਸ ਤੋਂ ਇਲਾਵਾ ਬਿਆਸ ਤੋਂ ਇਕ ਵਿਅਕਤੀ ਦੇ ਸ਼ੱਕੀ ਲੱਛਣ ਪਾਏ ਜਾਣ 'ਤੇ ਉਸ ਨੂੰ ਵੀ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ। ਡਾਕਟਰਾਂ ਸਮੇਤ ਦੁਸਰੇ ਮਰੀਜ਼ ਦਾ ਸੈਂਪਲ ਲੈ ਕੇ ਟੈਸਟਿੰਗ ਲਈ ਸਰਕਾਰੀ ਮੈਡੀਕਲ ਕਾਲਜ ਦੀ ਰਿਪੋਰਟਿੰਗ 'ਚ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਹਸਪਤਾਲ ਦੇ ਮੈਡੀਸਨ ਤੇ ਆਰਥੋ ਵਿਭਾਗ 'ਚ ਤਾਇਨਾਤ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ 26 ਸਾਲਾ ਮਹਿਲਾ ਤੇ 27 ਸਾਲਾ ਲੜਕੇ ਨੂੰ ਤੇਜ਼ ਬੁਖਾਰ, ਖਾਂਸੀ ਜ਼ੁਕਾਮ ਦੀ ਸ਼ਿਕਾਇਤ ਹੋਣ ਦੇ ਚਲਦਿਆਂ ਗੁਰੂ ਨਾਨਕ ਦੇਵ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ, ਮੈਡੀਸਨ ਵਿਭਾਗ ਦੀ ਮਹਿਲਾ ਡਾਕਟਰ ਕੁਝ ਦਿਨ ਪਹਿਲਾਂ ਆਈਸੋਲੇਸ਼ਨ ਵਾਰਡ 'ਚ ਦਾਖਲ ਕੋਰੋਨਾ ਵਾਇਰਸ ਦੇ ਪਾਜ਼ਟਿਵ ਮਰੀਜ਼ਾਂ ਦਾ ਇਲਾਜ ਕਰ ਰਹੀ ਡਾਕਟਰਾਂ ਦੀ ਟੀਮ 'ਚ ਕੰਮ ਕਰ ਚੁੱਕੀ ਹੈ, ਜਦਕਿ ਆਰਥੋ ਵਿਭਾਗ ਦਾ ਡਾਕਟਰ ਵਾਰਡ 'ਚ ਵੱਖ-ਵੱਖ ਜ਼ਿਲ੍ਹਿਆਂ 'ਚੋਂ ਆਏ ਹੱਡੀਆਂ ਨਾਲ ਸਬੰਧਤ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਹਸਪਤਾਲ ਪ੍ਰਸ਼ਾਸਨ ਵਲੋਂ ਮਾਮਲਾ ਗੰਭੀਰਤਾ ਨਾਲ ਲੈਂਦੇ ਹੋਏ ਦੋਨਾਂ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ। ਦੋਨਾਂ ਦੇ ਖੂਨ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਸਰਕਾਰੀ ਮੈਡੀਕਲ ਕਾਲਜ ਦੀ ਲੈਬੋਰਟਰੀ 'ਚ ਭੇਜ ਦਿੱਤੇ ਗਏ ਹਨ। ਬੁੱਧਵਾਰ ਬਾਅਦ ਦੁਪਹਿਰ ਦੋਨਾਂ ਦੀ ਟੈਸਟਿੰਗ ਰਿਪੋਰਟ ਆਉਣ ਦੀ ਸੰਭਾਵਨਾ ਹੈ, ਉਧਰ ਦੁਸਰੀ ਪਾਸੇ ਬਿਆਸ ਤੋਂ ਖਾਂਸੀ ਜ਼ੁਕਾਮ ਬੁਖਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਕੋਰੋਨਾ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ।
ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾਕਟਰ ਸੁਜਾਤਾ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਡਾ. ਸ਼ਰਮਾ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਵਾਰਡ 'ਚ ਹੁਸ਼ਿਆਰਪੁਰ ਦੇ 2 ਤੇ ਅੰਮ੍ਰਿਤਸਰ ਦਾ ਇਕ ਪਾਜ਼ਟਿਵ ਮਰੀਜ਼ ਦਾਖਲ ਹੈ, ਜਿਨ੍ਹਾਂ ਦੀ ਹਾਲਤ ਠੀਕ ਹੈ ਮਾਹਰ ਡਾਕਟਰਾਂ ਵਲੋਂ ਵਾਰਡ 'ਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।


KamalJeet Singh

Content Editor

Related News