ਭਾਰਤ-ਪਾਕਿ ਬਾਰਡਰ ਤੋਂ 2 ਕਿਲੋ 55 ਗ੍ਰਾਮ ਹੈਰੋਇਨ ਬਰਾਮਦ
Sunday, Mar 08, 2020 - 09:01 PM (IST)
ਮੋਗਾ, (ਅਜਾਦ)- ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਨਿਰਦੇਸ਼ਾਂ 'ਤੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਮੋਗਾ ਪੁਲਸ ਨੇ ਭਾਰਤ-ਪਾਕਿ ਬਾਰਡਰ ਤੋਂ ਖੇਤਾਂ 'ਚ ਲੁਕਾ ਕੇ ਰੱਖੀ 2 ਕਿਲੋ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਹਰਿੰਦਰਪਾਲ ਸਿੰਘ ਪਰਮਾਰ ਐੱਸ. ਪੀ. ਆਈ. ਮੋਗਾ ਨੇ ਦੱਸਿਆ ਕਿ ਡੀ. ਐੱਸ. ਪੀ. ਰਵਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਬੀ. ਐੱਸ. ਐੱਫ. ਨਾਲ ਸਾਂਝਾ ਆਪ੍ਰੇਸ਼ਨ ਚਲਾ ਕੇ ਫਾਜ਼ਿਲਕਾ ਬਾਰਡਰ 'ਤੇ ਪਿੰਡ ਮੁਹਾਰ ਸਹੋਨਾ ਦੇ ਗੇਟ ਜੋ ਕੰਡਿਆਲੀ ਤਾਰਾਂ ਤੋਂ 30 ਮੀਟਰ ਦੂਰੀ 'ਤੇ ਹੈ ਉਥੇ ਕਣਕ ਦੇ ਖੇਤਾਂ 'ਚੋਂ ਪਾਕਿਤਾਨੀ ਸਮੱਗਲਰਾਂ ਵਲੋਂ ਲੁਕੋ ਕੇ ਰੱਖੀਆਂ ਪੈਪਸੀ ਦੀਆਂ 2 ਬੋਤਲਾਂ 'ਚ ਬੰਦ 2 ਕਿਲੋ 55 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਭਾਰਤੀ ਸਮੱਗਲਰਾਂ ਵਲੋਂ ਅੱਗੇ ਭੇਜਣੀ ਸੀ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਇਸ ਤੋਂ ਇਲਾਵਾ ਜਿਸ ਕਿਸਾਨ ਦੀ ਜ਼ਮੀਨ 'ਚੋਂ ਹੈਰੋਇਨ ਬਰਾਮਦ ਹੋਈ ਹੈ, ਉਸ ਨੂੰ ਅਤੇ ਆਸ-ਪਾਸ ਦੇ ਹੋਰ ਕਿਸਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਹੈਰੋਇਨ ਸਮੱਗਲਰਾਂ ਦਾ ਪਤਾ ਲੱਗ ਸਕੇ। ਇਸ ਸਬੰਧੀ ਥਾਣਾ ਸਦਰ ਮੋਗਾ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਭਾਰਤੀ ਸਮੱਗਲਰਾਂ ਦੀ ਤਲਾਸ਼ ਕਰ ਰਹੀ ਹੈ।