ਵੈੱਬ ਸੀਰੀਜ਼ ਵੇਖ ਕੇ ਲਗਾਈ ਅਮੀਰ ਬਣਨ ਦੀ ਜੁਗਤ, ਪੰਜਾਬ ਪੁਲਸ ਦੇ ਅੜਿੱਕੇ ਚੜ੍ਹੇ ਖ਼ੁਰਾਫਾਤੀ ਦੋਸਤ

01/05/2024 5:43:05 AM

ਲੁਧਿਆਣਾ (ਰਾਜ)- ਓ.ਟੀ.ਟੀ. ਨੈੱਟਵਰਕ ਪ੍ਰਾਇਮ ਵੀਡੀਓ ’ਤੇ ਕੁਝ ਮਹੀਨੇ ਪਹਿਲਾਂ ਸ਼ਾਹਿਦ ਕਪੂਰ ਦੀ ਵੈੱਬ ਸਿਰੀਜ਼ ਫਰਜ਼ੀ ਆਈ ਸੀ। ਉਸ ਵਿੱਚ ਉਹ ਆਪਣੇ ਦੋਸਤ ਦੇ ਨਾਲ ਮਿਲ ਕੇ ਨਕਲੀ ਨੋਟ ਛਾਪਦਾ ਹੈ ਅਤੇ ਉਸ ਨੂੰ ਮਾਰਕੀਟ ਵਿੱਚ ਚਲਾਉਂਦਾ ਹੈ। ਇਸੇ ਤਰ੍ਹਾਂ ਇਕ ਮਾਮਲਾ ਲੁਧਿਆਣਾ ਵਿੱਚ ਆਇਆ ਹੈ। ਸੀਰੀਜ਼ ਤੋਂ ਆਏ ਆਈਡੀਆ ਤੋਂ ਬਾਅਦ ਮੋਗਾ ਦੇ ਇਕ ਵਿਅਕਤੀ ਨੇ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਨਕਲੀ ਨੋਟ ਬਣਾਉਣ ਦਾ ਪਲਾਨ ਬਣਾ ਲਿਆ। ਘਰ ਵਿੱਚ ਕੰਪਿਊਟਰ, ਪ੍ਰਿੰਟਰ ਅਤੇ ਹੋਰ ਡਾਕੂਮੈਂਟਸ ਦੇ ਜ਼ਰੀਏ ਨਕਲੀ ਨੋਟ ਬਣਾ ਕੇ ਮੁਲਜ਼ਮਾਂ ਨੇ ਮਾਰਕੀਟ ਵਿਚ ਚਲਾਉਣੇ ਵੀ ਸ਼ੁਰੂ ਕਰ ਦਿੱਤੇ। ਜਦੋਂ ਉਹ ਸਰਾਭਾ ਨਗਰ ਇਲਾਕੇ ਵਿੱਚ ਨੋਟ ਦੀ ਸਪਲਾਈ ਦੇਣ ਆਏ ਸਨ ਤਾਂ ਪੁਲਸ ਨੂੰ ਭਿਣਕ ਪੈਣ ’ਤੇ ਨਾਕਾਬੰਦੀ ਕਰਕੇ ਪੁਲਸ ਨੇ ਦੋ ਮੁਲਜ਼ਮਾਂ ਨੂੰ ਧਰ ਦਬੋਚਿਆ ਪਰ ਤੀਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਫੜੇ ਗਏ ਮੁਲਜ਼ਮ ਜਗਰਾਓਂ ਦੇ ਸੋਹਨ ਸਿੰਘ ਉਰਫ ਸੋਨੀ ਅਤੇ ਮਨਦੀਪ ਸਿੰਘ ਉਰਫ ਮਨੂ ਹਨ। ਜਦੋਂਕਿ ਫਰਾਰ ਮੁਲਜ਼ਮ ਬਖਤੌਰ ਸਿੰਘ ਹੈ ਜੋ ਇਨ੍ਹਾਂ ਦਾ ਸਰਗਣਾ ਹੈ। ਫੜੇ ਗਏ ਮੁਲਜ਼ਮਾਂ ਤੋਂ 5.10 ਲੱਖ ਰੁਪਏ ਦੇ ਨਕਲੀ ਨੋਟ ਮਿਲੇ ਹਨ। ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਪੁਲਸ ਨੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੀ ਭਲਾਈ ਲਈ ਕੇਂਦਰ ਦੀ ਪਹਿਲਕਦਮੀ, ਅਮਿਤ ਸ਼ਾਹ ਅੱਜ ਕਰਨਗੇ ਸ਼ੁਰੂ ਕਰਨਗੇ ਯੋਜਨਾ

ਜੁਆਇੰਟ ਸੀ.ਪੀ. (ਸਿਟੀ) ਸੌਮਯਾ ਮਿਸ਼ਰਾ ਨੇ ਦੱਸਿਆ ਕਿ ਥਾਣਾ ਸਰਾਭਾ ਨਗਰ ਦੀ ਪੁਲਸ ਇਲਾਕੇ ਵਿਚ ਗਸ਼ਤ ‘ਤੇ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਕਲੀ ਨੋਟ ਛਾਪਣ ਦਾ ਧੰਦਾ ਕਰਦੇ ਹਨ। ਜੋ ਇਲਾਕੇ ਵਿੱਚ ਨਕਲੀ ਕਰੰਸੀ ਵੇਚਣ ਆ ਰਹੇ ਹਨ। ਉਨ੍ਹਾਂ ਦੇ ਕੋਲ ਭਾਰੀ ਮਾਤਰਾ ਵਿਚ ਨੋਟ ਹਨ ਜਿਸ ਤੋਂ ਬਾਅਦ ਪੁਲਸ ਨੇ ਇਲਾਕੇ ਵਿਚ ਨਾਕਾਬੰਦੀ ਦੌਰਾਨ ਇਕ ਆਈ. 20 ਜਿਸ ਵਿਚ ਤਿੰਨੋਂ ਮੁਲਜ਼ਮ ਸਨ ਨੂੰ ਰੋਕ ਲਿਆ ਅਤੇ ਦੋ ਮੁਲਜ਼ਮਾਂ ਨੂੰ ਮੌਕੇ ’ਤੇ ਫੜ ਲਿਆ, ਜਦੋਂਕਿ ਤੀਜਾ ਮੁਲਜ਼ਮ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਜਦੋਂ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਅੰਦਰੋਂ 200 ਅਤੇ 100 ਦੇ ਨਕਲੀ ਨੋਟ ਬਰਾਮਦ ਹੋਏ ਜੋ ਕੁਲ 5.10 ਲੱਖ ਰੁਪਏ ਸਨ। ਪੁਲਸ ਦਾ ਕਹਿਣਾ ਹੈ ਕਿ ਮਲਜ਼ਮਾਂ ਦੇ ਘਰ ਛਾਪੇਮਾਰੀ ਕਰਕੇ ਕੰਪਿਊਟਰ, ਪ੍ਰਿੰਟਰਜ਼ ਅਤੇ ਹੋਰ ਸਮਾਨ ਜ਼ਬਤ ਕਰਨਾ ਅਜੇ ਬਾਕੀ ਹੈ। ਉਸ ਸਮਾਨ ਨੂੰ ਵੀ ਜਲਦ ਕਬਜ਼ੇ ਵਿਚ ਲੈ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਦਰਮਿਆਨ ਪੰਜਾਬ 'ਚ ਪੈਟਰੋਲ ਪੰਪ 'ਤੇ ਚੱਲੀ ਗੋਲ਼ੀ, ਨੌਜਵਾਨ ਹੋਇਆ ਫੱਟੜ

ਬਖਤੌਰ ਦੇ ਘਰ ਵਿਚ ਪ੍ਰਿੰਟ ਹੁੰਦੇ ਸਨ ਨੋਟ, ਲੋਕਾਂ ਨੂੰ ਦੁੱਗਣਾ ਦੇਣ ਦਾ ਦਿੰਦੇ ਸਨ ਝਾਂਸਾ

ਜੇ.ਸੀ.ਪੀ. ਸੋਮਯਾ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਬਖਤੌਰ ਸਿੰਘ ਮੋਗਾ ਸਥਿਤ ਪਿੰਡ ਲੋਹਾਰਾ ਵਿਚ ਆਪਣੇ ਘਰ ਵਿਚ ਇਹ ਕੰਮ ਕਰ ਰਿਹਾ ਸੀ। ਇਹ ਲੋਕ ਜਾਣਬੁੱਝ ਕੇ 200 ਅਤੇ 100 ਦੇ ਨੋਟ ਛਾਪਦੇ ਸਨ ਤਾਂਕਿ ਚਲਾਉਣ ਵਿਚ ਆਸਾਨੀ ਹੋਵੇ। ਉਹ ਭੋਲੇ ਭਾਲੇ ਲੋਕਾਂ ਨੂੰ ਦੁੱਗਣੇ ਪੈਸੇ ਦੇਣ ਦਾ ਝਾਂਸਾ ਦੇ ਕੇ ਨੋਟ ਚਲਾਉਂਦੇ ਸਨ। ਮੁਲਜ਼ਮਾਂ ਨੇ ਜ਼ਿਆਦਾਤਰ ਨੋਟ ਸਬਜ਼ੀ ਵਾਲੇ ਦੇ ਕੋਲ, ਕਰਿਆਨਾ ਸਟੌਰ ਅਤੇ ਪਾਨ ਦੇ ਖੋਖੇ ‘ਤੇ ਚਲਾਏ ਸਨ ਕਿਉਂਕਿ ਲੋਕ ਪੜ੍ਹੇ ਲਿਖੇ ਨਾ ਹੋਣ ਕਾਰਨ ਉਨ੍ਹਾਂ ਨੂੰ ਅਸਲੀ ਨਕਲੀ ਦਾ ਜ਼ਿਆਦਾ ਫਰਕ ਪਤਾ ਨਹੀਂ ਲਗਦਾ ਸੀ। ਮੁਲਜ਼ਮਾਂ ਤੋਂ 200 ਦੇ ਲੋਟਾਂ ਦੇ 16 ਪੈਕਟ ਮਿਲੇ ਸਨ। ਇਕ ਪੈਕਟ ਵਿੱਚ 100 ਨੋਟ ਸਨ। ਇਸੇ ਹੀ ਤਰ੍ਹਾਂ 100 ਦੇ ਨੋਟਾਂ ਦੇ 19 ਪੈਕਟ ਸਨ। ਉਨ੍ਹਾਂ ਵਿਚ ਵੀ ਇਕ ਪੈਕਟ ਵਿਚ 100 ਦੇ ਨੋਟ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣ ਜਾ ਰਹੀ ਵੱਡੀ ਸੌਗਾਤ, ਕੇਂਦਰੀ ਮੰਤਰੀ ਨੂੰ ਮਿਲਣ ਮਗਰੋਂ MP ਸੁਸ਼ੀਲ ਰਿੰਕੂ ਨੇ ਦਿੱਤੀ ਖ਼ੁਸ਼ਖ਼ਬਰੀ

ਗੁਆਂਢੀ ਔਰਤ ਦੀ ਗੱਡੀ ਮੰਗ ਕੇ ਲਿਆਏ ਸਨ ਮੁਲਜ਼ਮ

ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਮਨਦੀਪ ਸਿੰਘ ਦੇ ਖਿਲਾਫ ਪਹਿਲਾਂ ਇਕ ਕੇਸ ਦਰਜ ਹਨ, ਜਦੋਂਕਿ ਬਾਕੀ ਦੋਵੇਂ ਮੁਲਜ਼ਮਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਮੁਲਜ਼ਮ ਬਹੁਤ ਸ਼ਾਤਰ ਹਨ ਜਿਨ੍ਹਾਂ ਨੇ ਮੋਗਾ ਤੋਂ ਲੁਧਿਆਣਾ ਆਉਣ ਲਈ ਗੁਆਂਢੀ ਔਰਤ ਤੋਂ ਗੱਡੀ ਝੂਠ ਬੋਲ ਕੇ ਮੰਗੀ ਸੀ ਕਿਉਨ੍ਹਾਂ ਨੂੰ ਲੁਧਿਆਣਾ ਵਿਚ ਕੋਈ ਜ਼ਰੂਰੀ ਕੰਮ ਹੈ। ਇਸ ਲਈ ਔਰਤ ਨੇ ਵੀ ਉਨ੍ਹਾਂ ਨੂੰ ਕਾਰ ਦੇ ਦਿੱਤੀ ਪਰ ਉਕਤ ਮੁਲਜ਼ਮ ਨਕਲੀ ਨੋਟ ਚਲਾਉਣ ਲਈ ਲੁਧਿਆਣਾ ਆਏ ਸਨ। ਹੁਣ ਪੁਲਸ ਅੱਗੇ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਨਾਲ ਇਸ ਧੰਦੇ ਵਿਚ ਹੋਰ ਕੌਣ ਲੋਕ ਜੁੜੇ ਹੋਏ ਹਨ ਅਤੇ ਇਸ ਤੋਂ ਪਹਿਲਾਂ ਮੁਲਜ਼ਮਾਂ ਨੇ ਕਿੰਨੇ ਨਕਲੀ ਨੋਟ ਚਲਾਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News