ਪੰਜਾਬ ''ਚ ਪਹਿਲੇ ਪੈਡ ਬੈਂਕ ਦੀ ਸ਼ੁਰੂਆਤ

Friday, Mar 09, 2018 - 07:18 AM (IST)

ਪੰਜਾਬ ''ਚ ਪਹਿਲੇ ਪੈਡ ਬੈਂਕ ਦੀ ਸ਼ੁਰੂਆਤ

ਮੋਹਾਲੀ (ਨਿਆਮੀਆਂ) - ਪੰਜਾਬ ਸਰਕਾਰ ਵੱਲੋਂ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਰਜ਼ੀਆ ਸੁਲਤਾਨਾ ਦੀ ਉਸਾਰੂ ਸੋਚ ਸਦਕਾ ਅਤੇ ਜ਼ਿਲਾ ਪ੍ਰਸ਼ਾਸਨ ਮੋਹਾਲੀ, ਬਰੈਂਡ ਆਕਸੀਜਨ ਦੇ ਸਹਿਯੋਗ ਨਾਲ ਪੰਜਾਬ ਭਰ ਵਿਚੋਂ ਜ਼ਿਲਾ ਮੋਹਾਲੀ ਦਾ ਪਹਿਲਾ ਪੈਡ ਬੈਂਕ ਲਾਂਚ ਕਰਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਦੇ ਇਸ ਉੱÎਦਮ ਅਤੇ ਜ਼ਿਲਾ ਪ੍ਰਸ਼ਾਸਨ ਮੋਹਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉੱਦਮ ਨੌਜਵਾਨ ਲੋੜਵੰਦ ਬੱਚੀਆਂ ਲਈ ਕਾਰਗਰ ਸਾਬਤ ਹੋਵੇਗਾ। ਪੈਡ ਬੈਂਕ ਲਾਂਚ ਮੌਕੇ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੀ ਮੌਜੂਦ ਸਨ। ਪ੍ਰਨੀਤ ਕੌਰ ਨੇ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਲੋੜਵੰਦ ਲੜਕੀਆਂ ਅਤੇ ਮੱਧਵਰਗ ਦੀਆਂ ਔਰਤਾਂ ਸੈਨੇਟਰੀ ਪੈਡ ਤੋਂ ਅਣਜਾਣ ਹਨ। ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਕ ਔਰਤ ਲਈ ਖੁਦ ਨੂੰ ਨਿਰੋਗ ਰੱਖਣ ਲਈ ਸਰੀਰ ਦੀ ਸਫਾਈ ਅਤੇ ਮਾਹਵਾਰੀ ਦੀ ਸਫਾਈ ਰੱਖਣਾ ਵਿਸ਼ੇਸ਼ ਮਹੱਤਵ ਰਖਦੀ ਹੈ। ਉਨ੍ਹਾਂ ਇਸ ਮੌਕੇ ਪੈਡ ਬੈਂਕ ਲਈ ਬਰੈਂਡ ਆਕਸੀਜਨ ਵੱਲੋਂ ਦਿੱਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਜ਼ਿਲੇ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲਾਂ ਵਿਚ ਪੜ੍ਹਦੀਆਂ ਨੌਜਵਾਨ ਲੜਕੀਆਂ ਨੂੰ ਮਾਹਵਾਰੀ ਸਮੇਂ ਸੈਨੇਟਰੀ ਪੈਡਾਂ ਦੀ ਵਰਤੋਂ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਐੱਸ. ਡੀ. ਐੱਮ. ਖਰੜ ਅਮਨਿੰਦਰ ਕੌਰ ਬਰਾੜ, ਜ਼ਿਲਾ ਬਾਲ ਭਲਾਈ ਅਫਸਰ ਨਵਪ੍ਰੀਤ ਕੌਰ ਸਮੇਤ ਹੋਰ ਉੱਘੀਆਂ ਸ਼ਖਸੀਅਤਾਂ ਵੀ ਮੌਜੂਦ ਸਨ।


Related News