ਲੋਕ ਸਭਾ ਚੋਣਾਂ : ਜਲੰਧਰ ਦੇ 19 ਉਮੀਦਵਾਰਾਂ ਨੇ 23 ਦਿਨਾਂ ਦੇ ਪ੍ਰਚਾਰ ਲਈ ਖਰਚੇ 1.10 ਕਰੋੜ
Wednesday, May 15, 2019 - 12:44 AM (IST)
ਜਲੰਧਰ, (ਪੁਨੀਤ)-ਵੋਟਾਂ ’ਚ 5 ਦਿਨ ਹੀ ਬਚੇ ਹਨ, ਜਿਸ ਕਾਰਨ ਚੋਣ ਅਧਿਕਾਰੀਆਂ ਵਲੋਂ ਉਮੀਦਵਾਰਾਂ ਦੀਆਂ ਗਤੀਵਿਧੀਆਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ , ਇਸੇ ਲੜੀ ’ਚ ਅੱਜ ਇੰਡੀਅਨ ਰੈਵੇਨਿਊ ਸਰਵਿਸਿਜ਼ ਦੇ ਖਰਚਾ ਆਬਜ਼ਰਵਰਾਂ ਵਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ ਚੋਣ ਕਮਿਸ਼ਨ ਦੇ ਸ਼ੈਡੋ ਨਾਲ ਕੀਤਾ ਗਿਆ। ਚੋਣ ਆਬਜ਼ਰਵਰ ਪ੍ਰੀਤੀ ਚੌਧਰੀ ਤੇ ਅਮਿਤ ਸ਼ੁਕਲਾ ਵਲੋਂ ਅੱਧੇ ਉਮੀਦਵਾਰਾਂ ਦੇ ਖਰਚੇ ਨੂੰ ਦੁਪਹਿਰ 1 ਵਜੇ ਤਕ, ਜਦਕਿ ਬਾਕੀ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ ਦੁਪਹਿਰ 2.30 ਵਜੇ ਤੋਂ ਸ਼ਾਮ 5 ਵਜੇ ਤਕ ਕੀਤਾ ਗਿਆ। ਅਧਿਕਾਰੀਆਂ ਵਲੋਂ ਗੈਰ-ਹਾਜ਼ਰ ਰਹੇ ਇਕ ਉਮੀਦਵਾਰ ਗੁਰਪਾਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ।
ਚੋਣ ਅਧਿਕਾਰੀਆਂ ਦੇ ਸ਼ੈਡੋ ਰਜਿਸਟਰ ਅਨੁਸਾਰ 22 ਅਪ੍ਰੈਲ ਤੋਂ ਲੈ ਕੇ 14 ਮਈ ਤਕ ਇਨ੍ਹਾਂ 19 ਉਮੀਦਵਾਰਾਂ ਨੇ 1.10 ਕਰੋੜ ਜ਼ਿਆਦਾ ਖਰਚ ਚੋਣ ਪ੍ਰਚਾਰ ਲਈ ਕੀਤਾ ਹੈ, ਚੋਣ ਸ਼ੈਡੋ ਰਜਿਸਟਰ ਮੁਤਾਬਕ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਨੇ 40,68,013 ਰੁਪਏ, ‘ਆਪ’ ਦੇ ਉਮੀਦਵਾਰ ਰਿਟਾਇਰਡ ਜਸਟਿਸ ਜ਼ੋਰਾ ਨੇ 16,06,746 ਜਦਕਿ ਬੀ. ਐੱਸ. ਪੀ. ਤੇ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਨੇ 18,19,690 ਰੁਪਏ ਖਰਚ ਕੀਤੇ ਹਨ। ਕਈ ਉਮੀਦਵਾਰਾਂ ਦਾ ਖਰਚ ਸ਼ੈਡੋ ਰਜਿਸਟਰ ਨਾਲ ਨਹੀਂ ਮਿਲ ਰਿਹਾ ਸੀ ਪਰ ਚੋਣ ਕਮਿਸ਼ਨ ਦੇ ਅੰਕੜਿਆਂ ਨੂੰ ਉਮੀਦਵਾਰਾਂ ਨੇ ਸਵੀਕਾਰ ਕੀਤਾ।
ਅਟਵਾਲ ਤੇ ਸ਼ੈਡੋ ਰਜਿਸਟਰ ’ਚ 19 ਲੱਖ ਦਾ ਫਰਕ
ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਤੇ ਚੋਣ ਕਮਿਸ਼ਨ ਦੇ ਸ਼ੈਡੋ ਰਜਿਸਟਰ ’ਚ 19 ਲੱਖ ਦਾ ਫਰਕ ਸਾਹਮਣੇ ਆਇਆ ਹੈ। ਇਸ ਕਾਰਨ ਇਸ ਕੇਸ ਨੂੰ ਡਿਸਟ੍ਰਿਕ ਮਾਨੀਟਰਿੰਗ ਸੈੱਲ ਕੋਲ ਭੇਜਿਆ ਗਿਆ ਹੈ। ਚੋਣ ਕਮਿਸ਼ਨ ਦੇ ਰਜਿਸਟਰ ’ਚ ਖਰਚ 32 ਲੱਖ ਦੱਸਿਆ ਜਾ ਰਿਹਾ ਹੈ, ਜਦਕਿ ਅਟਵਾਲ ਵਲੋੋਂ ਜੋ ਖਰਚ ਦੱਸਿਆ ਗਿਆ ਹੈ ਉਹ 13,36,610 ਰੁਪਏ ਹੈ। ਡੀ. ਈ. ਐੱਮ. ਸੀ. ਇਸ ਮਾਮਲੇ ’ਚ ਫੈਸਲਾ ਲੈਣ ਵਾਲੀ ਕਮੇਟੀ ’ਚ ਖਰਚ ਆਬਜ਼ਰਵਰ ਪ੍ਰੀਤੀ ਚੌਧਰੀ ਦੇ ਨਾਲ-ਨਾਲ ਜ਼ਿਲਾ ਚੋਣ ਅਧਿਕਾਰੀ ਵਰਿੰਦਰ ਸ਼ਰਮਾ ਮੈਂਬਰ ਹਨ, ਇਸ ਦੇ ਨਾਲ-ਨਾਲ ਇਸ ’ਚ ਨੋਡਲ ਅਫਸਰ ਵੀ ਮੌਜੂਦ ਰਹਿਣਗੇ।
ਚੋਣਾਂ ਤੋਂ ਇਕ ਦਿਨ ਪਹਿਲਾਂ ਫਿਰ ਹੋਵੇਗਾ ਮਿਲਾਨ
ਖਰਚ ਆਬਜ਼ਰਵਰ ਵਲੋਂ ਚੋਣਾਂ ਤੋਂ ਇਕ ਦਿਨ ਪਹਿਲਾਂ 18 ਮਈ ਨੂੰ ਉਮੀਦਵਾਰਾਂ ਦਾ ਸ਼ੈਡੋ ਰਜਿਸਟਰ ਨਾਲ ਮਿਲਾਨ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰ 70 ਲੱਖ ਦਾ ਖਰਚਾ ਕਰ ਸਕਦਾ ਹੈ, ਇਸ ਤੋਂ ਜ਼ਿਆਦਾ ਖਰਚੇ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਵਾਰ 8 ਮਈ ਨੂੰ ਹੋਏ ਮਿਲਾਨ ’ਚ ਕਸ਼ਮੀਰ ਸਿੰਘ ਦਾ ਉਮੀਦਵਾਰ ਗੈਰ-ਹਾਜ਼ਰ ਰਿਹਾ ਸੀ, ਜਿਸ ਨੂੰ ਨੋਟਿਸ ਭੇਜਿਆ ਗਿਆ ਸੀ, ਜਦਕਿ ਅਕਾਲੀ ਉਮੀਦਵਾਰ ਨੂੰ ਕਿਸੇ ਕਾਰਨਾਂ ਕਰ ਕੇ ਨੋਟਿਸ ਜਾਰੀ ਹੋਇਆ ਹੈ।