ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 160 ਹੋਰ ਨਵੇਂ ਕੇਸਾਂ ਦੀ ਹੋਈ ਪੁਸ਼ਟੀ
Monday, Sep 07, 2020 - 11:02 PM (IST)
ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਅੱਜ ਸੈਂਪਲਿੰਗ ਦਾ ਰਿਕਾਰਡ ਟੁੱਟ ਗਿਆ ਜਦੋਂ ਇਕੋ ਦਿਨ ’ਚ 3 ਹਜ਼ਾਰ ਸੈਂਪਲ ਰੋਜ਼ਾਨਾ ਲੈਣ ਦੇ ਮਿੱਥੇ ਟਾਰਗੇਟ ਤੋਂ ਅੱਗੇ ਲੰਘਦਿਆਂ ਸਿਹਤ ਵਿਭਾਗ ਨੇ ਇੱਕੋ ਦਿਨ ’ਚ 3200 ਲੋਕਾਂ ਦੇ ਕੋਰੋਨਾ ਸੈਂਪਲ ਲਏ, ਜਦਕਿ ਜ਼ਿਲੇ ’ਚ ਹੁਣ ਤੱਕ ਕੋਰੋਨਾ ਦੇ ਲਏ ਗਏ ਸੈਂਪਲ 10 ਲੱਖ ਨੇਡ਼ੇ ਢੁਕ ਗਏ। ਇਹ ਗਿਣਤੀ ਇਸ ਸਮੇਂ 99933 ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ’ਚੋਂ 90691 ਸੈਂਪਲ ਪਾਜ਼ੇਟਿਵ ਆਏ ਹਨ, ਜਦਕਿ 1700 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। 7292 ਮਰੀਜ਼ ਪਾਜ਼ੇਟਿਵ ਆਏ ਹਨ, 5797 ਮਰੀਜ਼ ਠੀਕ ਹੋ ਚੁੱਕੇ ਹਨ। ਜਦੋਂ ਕਿ 1294 ਐਕਟਿਵ ਕੇਸ ਹਨ ਅਤੇ ਮੌਤਾਂ ਦੀ ਗਿਣਤੀ 201 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 160 ਨਵੇਂ ਮਰੀਜ਼ ਕੋਰੋਨਾ ਪਾਜ਼ੇਟਿਵ ਆਏ ਹਨ, ਜਦੋਂ ਕਿ 7 ਹੋਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਡਾ. ਮਲਹੋਤਰਾ ਨੇ ਦੱਸਿਆ ਅੱਜ ਜਿਨ੍ਹਾਂ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ ’ਚ 4 ਪਟਿਆਲਾ, ਇਕ ਰਾਜਪੁਰਾ, ਇਕ ਸਮਾਣਾ, ਇਕ ਸਨੌਰ ਨਾਲ ਸਬੰਧਤ ਹੈ। ਪਹਿਲਾ ਪਟਿਆਲਾ ਦੇ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 56 ਸਾਲਾ ਔਰਤ ਜੋ ਕਿ ਸ਼ੂਗਰ ਦੀ ਪੁਰਾਣੀ ਮਰੀਜ਼ ਸੀ, ਦੂਸਰਾ ਹੀਰਾ ਬਾਗ ਦੀ ਰਹਿਣ ਵਾਲੀ 68 ਸਾਲਾ ਔਰਤ ਜੋ ਕਿ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ, ਤੀਸਰਾ ਅਨੰਦ ਨਗਰ ਦੀ 42 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ, ਚੌਥਾ ਡਵੀਜ਼ਨ ਨੰਬਰ 2 ਦੀ ਰਹਿਣ ਵਾਲੀ 47 ਸਾਲਾ ਔਰਤ ਜੋ ਕਿ ਪੁਰਾਣੀ ਸ਼ੂਗਰ ਦੀ ਮਰੀਜ਼ ਸੀ, ਪੰਜਵਾਂ ਰਾਜਪੁਰਾ ਦੇ ਬਾਬਾ ਦੀਪ ਸਿੰਘ ਕਾਲੋਨੀ ਦਾ ਰਹਿਣ ਵਾਲਾ 40 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਦਾਖਲ਼ ਹੋਇਆ ਸੀ। ਛੇਵਾਂ ਸਨੌਰ ਦੇ ਆਹਲੂਵਾਲੀਆ ਮੁਹੱਲੇ ਦਾ ਰਹਿਣ ਵਾਲਾ 69 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ ਅਤੇ ਸੱਤਵਾਂ ਪਿੰਡ ਸਾਂਧੇਵਾਲ ਤਹਿਸੀਲ ਸਮਾਣਾ ਦੀ ਰਹਿਣ ਵਾਲੀ 60 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ।
ਕੁੱਲ ਸੈਂਪਲ 99933
ਨੈਗੇਟਿਵ90691
ਪਾਜ਼ੇਟਿਵ7292
ਮੌਤਾਂ201
ਐਕਟਿਵ1294
ਠੀਕ ਹੋਏ5797
ਰਿਪੋਰਟ ਪੈਂਡਿੰਗ1700