ਪੰਜਾਬ ''ਚ ਖੇਡੀ ਗਈ ਖੂਨੀ ਹੋਲੀ, 48 ਘੰਟਿਆਂ ''ਚ 11 ਕਤਲ (ਤਸਵੀਰਾਂ)

Sunday, Mar 04, 2018 - 06:32 PM (IST)

ਪੰਜਾਬ ''ਚ ਖੇਡੀ ਗਈ ਖੂਨੀ ਹੋਲੀ, 48 ਘੰਟਿਆਂ ''ਚ 11 ਕਤਲ (ਤਸਵੀਰਾਂ)

ਜਲੰਧਰ : ਹੋਲੀ ਅਤੇ ਇਸ ਦੇ ਇਕ ਦਿਨ ਬਾਅਦ ਪੰਜਾਬ ਭਰ ਵਿਚ 48 ਘੰਟਿਆਂ ਅੰਦਰ 11 ਕਤਲਾਂ ਨਾਲ ਸਨਸਨੀ ਫੈਲ ਗਈ। ਲੁਧਿਆਣਾ ਦੇ ਪਿੰਡ ਚਹਿਲਾਂ (ਸਮਰਾਲਾ) ਵਿਚ ਸ਼ੁੱਕਰਵਾਰ ਨੂੰ ਹੋਲੀ ਵਾਲੇ ਦਿਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਘਰ ਵਿਚ ਵੱਖ-ਵੱਖ ਕਮਰਿਆਂ ਵਿਚ ਸੁਖਦੇਵ ਸਿੰਘ (50), ਉਸ ਦੀ ਪਤਨੀ ਗੁਰਮੀਤ ਕੌਰ (48) ਅਤੇ ਬੇਟੇ ਹਰਜੋਤ ਸਿੰਘ (25) ਵਾਸੀ ਪਿੰਡ ਮੀਰਪੂਰ ਜ਼ਿਲਾ ਫਤਿਹਗੜ੍ਹ ਸਾਹਿਬ ਦੀਆਂ ਲਾਸ਼ਾਂ ਮਿਲੀਆਂ। ਉਹ ਇਥੇ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ।
PunjabKesari
ਉਥੇ ਹੀ ਹੁਸ਼ਿਆਰਪੁਰ ਦੇ ਮੁਹੱਲੇ ਨਿਊ ਬਸੰਤ ਨਗਰ ਵਿਚ ਬੇਟੀ ਨੂੰ ਛੱਡਣ 'ਤੇ ਇਨਸਾਫ ਦੀ ਲੜਾਈ ਲੜਨ ਤੋਂ ਬੌਖਲਾਏ ਰਿਸ਼ਤੇਦਾਰਾਂ ਨੇ ਘਰ ਵਿਚ ਦਾਖਲ ਹੋ ਕੇ ਮਹਿਲਾ ਅਤੇ ਉਸ ਦੇ ਬੇਟੇ ਦੀ ਹੱਤਿਆ ਕਰ ਦਿੱਤੀ। ਚਸ਼ਮਦੀਦ ਗਵਾਹ ਹਿਨਾ ਸ਼ਰਮਾ ਨੇ ਦੱਸਿਆ ਕਿ ਸਾਢੇ ਚਾਰ ਵਜੇ ਉਹ ਤੇ ਉਸ ਦੀ ਮਾਂ ਸੀਮਾ ਰਾਣੀ (47), ਭਰਾ ਹਰਸ਼ ਸ਼ਰਮਾ ਅਤੇ ਦਾਦੀ ਕਾਂਤਾ ਦੇਵੀ ਘਰ ਵਿਚ ਸਨ। ਇੰਨੇ ਵਿਚ ਲਵਪ੍ਰੀਤ ਉਰਫ ਚੀਨੂੰ ਘਰ ਦੇ ਅੰਦਰ ਦਾਖਲ ਹੋਇਆ। ਉਸ ਦੇ ਹੱਥ ਵਿਚ ਚਾਕੂ ਸੀ। ਚੀਨੂੰ ਨਸ਼ੇ ਵਿਚ ਸੀ। ਉਸ ਨੇ ਆਉਂਦੇ ਹੀ ਸਾਹਮਣੇ ਖੜ੍ਹੇ ਉਸ ਦੇ ਭਰਾ ਹਰਸ਼ ਦੇ ਢਿੱਡ ਵਿਚ ਚਾਕੂ ਨਾਲ ਹਮਲਾ ਕਰ ਦਿੱਤਾ। ਹਰਸ਼ ਦੀਆਂ ਚੀਖਾਂ ਸੁਣ ਕੇ ਮਾਂ ਸੀਮਾ ਉਸ ਨੂੰ ਬਚਾਉਣ ਲਈ ਗਈ ਤਾਂ ਚੀਨੂੰ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੋਵਾਂ ਦੀ ਮੌਤ ਹੋ ਗਈ।
ਨਜਾਇਜ਼ ਸੰਬੰਧਾਂ ਕਾਰਨ ਕਤਲ
ਇਕ ਹੋਰ ਘਟਨਾ ਵਿਚ ਕਪੂਰਥਲਾ ਵਿਚ ਨਾਜਾਇਜ਼ ਸੰਬੰਧਾਂ ਦੇ ਚੱਲਦੇ ਇਕ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਚਾਰ ਸਾਲਾਂ ਬੇਟੇ ਮਨਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਹਿਲਾ ਰਾਜਵੰਤ ਕੌਰ ਪਤਨੀ ਬਲਵਿੰਦਰ ਸਿੰਘ ਨਿਵਾਸੀ ਪਿੰਡ ਤਲਵੰਡੀ ਚੌਧਰੀਆਂ ਦਾ ਪਤੀ ਬਲਵਿੰਦਰ ਸਿੰਘ ਸੂਰਤ (ਗੁਜਰਾਤ) ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਜ਼ਿਆਦਾਤਰ ਉਥੇ ਹੀ ਰਹਿੰਦਾ ਹੈ। ਰਾਜਵੰਤ ਕੌਰ ਦੀ ਛੇ ਸਾਲਾ ਬੇਟੀ ਹੈ ਅਤੇ ਚਾਰ ਸਾਲ ਦਾ ਬੇਟਾ ਹੈ। ਲਗਭਗ ਦੋ ਸਾਲ ਪਹਿਲਾਂ ਰਾਜਵੰਤ ਦੇ ਪਿੰਡ ਦੇ ਹੀ ਗੌਤਮ ਨਾਮਕ ਵਿਅਕਤੀ ਨਾਲ ਨਾਜਾਇਜ਼ ਸੰਬੰਧ ਬਣ ਗਏ। ਜਿਸ ਦੇ ਚੱਲਦੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਹੁੜਦੰਗ ਮਚਾਉਣ ਤੋਂ ਰੋਕਣ 'ਤੇ ਕਤਲ
PunjabKesari
ਫਰੀਦਕੋਟ ਵਿਚ ਪੀਰਖਾਨਾ ਬਸਤੀ ਦੇ ਕੋਲ ਹੋਲੀ ਦੇ ਦਿਨ ਹੁੜਦੰਗ ਮਚਾ ਰਹੇ ਨੌਜਵਾਨਾਂ ਨੇ ਅਜਿਹਾ ਕਰਨ ਤੋਂ ਰੋਕਣ 'ਤੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਧਾਨਕ ਬਸਤੀ ਨਿਵਸੀ ਰਾਕੇਸ਼ ਕੁਮਾਰ (22) ਪੁੱਤਰ ਲੱਖੀ ਰਾਮ ਦੇ ਰੂਪ ਵਿਚ ਹੋਈ ਹੈ। ਪੁਲਸ ਨੇ 4 ਦੋਸ਼ੀਆਂ ਨੂੰ ਨਾਮਜ਼ਦ ਕਰਕੇ ਕੁੱਲ 10 ਖਿਲਾਫ ਮਾਮਲਾ ਦਰਜ ਕੀਤਾ ਹੈ।
ਮੁਕਤਸਰ 'ਚ ਤਿੰਨ ਕਤਲ
ਮੁਕਤਸਰ ਵਿਚ ਪੈਸੇ ਦੇ ਲੈਣ ਦੇਣ ਦੇ ਚੱਲਦੇ ਦੋ ਧਿਰਾਂ ਵਿਚ ਹੋਈ ਕੁੱਟਮਾਰ 'ਚ ਇਕ ਨੌਜਵਾਨ ਮਨਦੀਪ ਸਿੰਘ 30) ਦੀ ਮੌਤ ਹੋ ਗਈ। ਦੋਵੇਂ ਧਿਰਾਂ ਵਿਚ 1700 ਰੁਪਏ ਨੂੰ ਲੈ ਕੇ ਵਿਵਾਦ ਸੀ। ਮੁਕਤਸਰ ਵਿਚ ਹੀ ਇਕ ਨੌਜਵਾਨ ਯਾਦਵਿੰਦਰ ਸਿੰਘ (19) ਨਿਵਾਸੀ ਪਿੰਡ ਚੱਕ ਸੇਰੇਵਾਲਾ ਦੀ ਨਹਿਰ ਵਿਚ ਧੱਕਾ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਬਰਾਮਦ ਹੋ ਗਈ ਹੈ। ਉਥੇ ਹੀ ਮੁਕਤਸਰ ਦੇ ਵਾਰਡ ਨੰਬਰ 13 ਦੇ ਅਧੀਨ ਆਉਂਦੇ ਮੁਹੱਲਾ ਬੈਂਟਾਬਾਦ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਨੂੰ ਉਸ ਦੀ ਪ੍ਰੇਮੀ ਨਾਲ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਤੋਂ ਬਾਅਦ ਪ੍ਰੇਮਿਕਾ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਈ।
300 ਰੁਪਏ ਲਈ ਕਤਲ
ਜਲੰਧਰ ਦੇ ਚੌਗਿੱਟੀ ਨੇੜੇ ਭਾਰਤ ਨਗਰ ਵਿਚ ਰਹਿਣ ਵਾਲੇ ਸਬਜੀ ਵਿਕਰੇਤਾ ਬਬਲੂ ਦੀ ਸ਼ੱਕੀ ਹਾਲਾਤ ਵਿਚ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਬਬਲੂ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ 300 ਰੁਪਏ ਦੇ ਵਿਵਾਦ ਦੇ ਚੱਲਦੇ ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਟ੍ਰੇਨ ਅੱਗੇ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਬਲੂ ਦੇ ਭਰਾ ਨੇ ਦੱਸਿਆ ਕਿ ਉਸ ਨੇ ਕਿਸੇ ਤੋਂ ਸਬਜੀ ਦੇ 300 ਰੁਪਏ ਲੈਣੇ ਸਨ। ਕੁਝ ਲੋਕ ਹੋਲੀ ਵਾਲੇ ਦਿਨ ਬਬਲੂ ਦੇ ਘਰ ਆਏ ਅਤੇ ਉਸ ਨਾਲ ਝਗੜਾ ਕਰਨ ਲੱਗੇ। ਬਬਲੂ ਵਲੋਂ ਵਿਰੋਧ ਕਰਨ 'ਤੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਰਾਡ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਜਦੋਂ ਉਹ ਵਿਚ ਬਚਾਅ ਕਰਨ ਗਿਆ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਬਬਲੂ ਜਾਨ ਬਚਾਅ ਕੇ ਬਾਹਰ ਭੱਜਿਆ ਤਾਂ ਹਮਲਾਵਰਾਂ ਨੇ ਉਸ ਨੂੰ ਚੌਗਿੱਟੀ ਫਾਟਕ 'ਤੇ ਟ੍ਰੇਨ ਅੱਗੇ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।


Related News