ਗੁਰਧਾਮਾਂ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀ ਟਰਾਲੀ ਪਲਟੀ; 11 ਜ਼ਖਮੀ
Sunday, Mar 04, 2018 - 07:09 AM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ) - ਕੌਮੀ ਜੋੜ ਮੇਲਾ ਹੋਲਾ ਮਹੱਲਾ ਦੌਰਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਆਏ ਛੇਹਰਟਾ ਅਤੇ ਤਰਨਤਾਰਨ ਨਾਲ ਸਬੰਧਤ ਸ਼ਰਧਾਲੂਆਂ ਦੀ ਟਰਾਲੀ ਪਲਟਣ ਨਾਲ 11 ਨੌਜਵਾਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਟਰਾਲੀ 'ਚ ਮੌਜੂਦ ਲੱਗਭਗ 20 ਸ਼ਰਧਾਲੂ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨਾਂ ਦੌਰਾਨ ਜਦੋਂ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਸ੍ਰੀ ਅਨੰਦਪੁਰ ਸਾਹਿਬ ਵੱਲ ਆ ਰਹੇ ਸੀ ਤਾਂ ਬਸੀ ਪਿੰਡ ਲਾਗੇ ਟਰਾਲੀ ਦਾ ਟਾਇਰ ਫਟ ਗਿਆ ਤੇ ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਗੁਰਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ, ਮਨਿੰਦਰਜੀਤ ਸਿੰਘ, ਹਰਦੇਵ ਸਿੰਘ, ਸੁਖਵਿੰਦਰ ਸਿੰਘ, ਸਿਮਰਨਜੀਤ ਸਿੰਘ ਆਦਿ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ। ਜਦੋਂਕਿ ਗੰਭੀਰ ਜ਼ਖਮੀ ਜਤਿੰਦਰ ਸਿੰਘ ਅਤੇ ਹਰਿੰਦਰਜੀਤ ਸਿੰਘ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਰੈਫਰ ਕਰ ਦਿੱਤਾ ਗਿਆ। ਇਹ ਨੌਜਵਾਨ 19 ਤੋਂ ਲੈ ਕੇ 25 ਸਾਲ ਉਮਰ ਵਰਗ ਨਾਲ ਸਬੰਧਤ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ ਹੈਪੀ ਅਤੇ ਅਲਾਇੰਸ ਕਲੱਬ ਨਾਲ ਸਬੰਧਤ ਡਾ. ਹਰਦਿਆਲ ਸਿੰਘ ਪੰਨੂੰ, ਪ੍ਰਿੰ. ਹਰਦੀਪ ਸਿੰਘ ਆਦਿ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਦੂਜੇ ਪਾਸੇ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਜ਼ਖਮੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ।
