102 ਕਿਲੋ ਹੈਰੋਇਨ ਸਮੱਗਲਿੰਗ ਮਾਮਲੇ ’ਚ ਕਸਟਮ ਵਿਭਾਗ ਦੇ ਹੱਥ ਖਾਲੀ, ਮਾਸਟਰ ਮਾਈਂਡ ਅਜੇ ਵੀ ਸ਼ਿਕੰਜੇ ਤੋਂ ਬਾਹਰ

Saturday, May 21, 2022 - 10:44 AM (IST)

102 ਕਿਲੋ ਹੈਰੋਇਨ ਸਮੱਗਲਿੰਗ ਮਾਮਲੇ ’ਚ ਕਸਟਮ ਵਿਭਾਗ ਦੇ ਹੱਥ ਖਾਲੀ, ਮਾਸਟਰ ਮਾਈਂਡ ਅਜੇ ਵੀ ਸ਼ਿਕੰਜੇ ਤੋਂ ਬਾਹਰ

ਅੰਮ੍ਰਿਤਸਰ (ਨੀਰਜ)- ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਆਈ ਮਲੱਠੀ ਵਿਚ 102 ਕਿਲੋ ਹੈਰੋਇਨ ਫੜੇ ਜਾਣ ਦੇ ਮਾਮਲੇ ਵਿਚ ਕਸਟਮ ਵਿਭਾਗ ਦੇ ਹੱਥ ਅਜੇ ਵੀ ਖਾਲੀ ਹਨ। ਹੈਰੋਇਨ ਸਮੱਗਲਿੰਗ ਕਰਨ ਵਾਲਾ ਮਾਸਟਰ ਮਾਈਂਡ ਹੁਣ ਵੀ ਵਿਭਾਗ ਦੇ ਸ਼ਿਕੰਜੇ ਤੋਂ ਬਾਹਰ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ 23 ਅਪ੍ਰੈਲ ਦੇ ਦਿਨ ਅਫਗਾਨਿਸਤਾਨ ਤੋਂ ਆਏ ਟਰੱਕਾਂ ਵਿਚ ਮਲੱਠੀ ਤੋਂ ਹੈਰੋਇਨ ਫੜੀ ਸੀ। ਸਮੱਗਲਰਾਂ ਨੇ ਵੱਡੇ ਸ਼ਾਤੀਰਾਨਾ ਅੰਦਾਜ਼ ਵਿਚ ਲਕੜੀ ਦੇ ਛੋਟੇ ਟੁਕੜਿਆਂ ਨੂੰ ਮਲੱਠੀ ਦੀ ਸ਼ਕਲ ਦੇ ਕੇ ਉਸ ਵਿਚ ਹੈਰੋਇਨ ਭਰੀ ਹੋਈ ਸੀ ਅਤੇ ਕਰੀਬ 542 ਦੇ ਕਰੀਬ ਲਕੜੀ ਦੇ ਟੁੱਕੜੇ ਸਨ, ਜਿਸ ਵਿਚ ਹੈਰੋਇਨ ਨੂੰ ਭਰਿਆ ਹੋਇਆ ਸੀ।

ਇਸ ਮਾਮਲੇ ਦੀ ਜਾਂਚ ਕਰਦੇ ਹੋਏ ਵਿਭਾਗ ਨੇ ਮਲੱਠੀ ਦੀ ਦਰਾਮਦ ਕਰਨ ਵਾਲੇ ਦਿੱਲੀ ਦੇ ਵਪਾਰੀ ਵਿਪਨ ਮਹਿਤਾ ਅਤੇ ਉਸ ਦੇ ਇਕ ਹੋਰ ਕਰਿੰਦੇ ਨੂੰ ਜ਼ਰੂਰ ਗ੍ਰਿਫ਼ਤਾਰ ਕਰ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਅਸਲੀ ਮੁਲਜ਼ਮ ਕੋਈ ਹੋਰ ਹੀ ਹਨ। ਵਿਭਾਗ ਦੀ ਟੀਮ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਉਤਰ ਪ੍ਰਦੇਸ਼ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਵੱਡੀ ਸਫਲਤਾ ਹੱਥ ਨਹੀਂ ਲੱਗ ਸਕੀ ਹੈ।

ਸਰਹੱਦੀ ਇਲਾਕਿਆਂ ਵਿਚ ਡਰੋਨ ਦੀ ਮੂਵਮੈਂਟ ਜਾਰੀ
ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ਵਿਚ ਹੈਰੋਇਨ ਭੇਜਣ ਦੀ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ ਪਾਕਿਸਤਾਨੀ ਸਮੱਗਲਰਾਂ ਵੱਲੋਂ ਸਰਹੱਦੀ ਇਲਾਕਿਆਂ ਵਿਚ ਡਰੋਨ ਦੀ ਮੂਵਮੈਂਟ ਲਗਾਤਾਰ ਜਾਰੀ ਹੈ। ਐੱਸ. ਟੀ. ਐੱਫ. ਵੱਲੋਂ ਸ਼ੁੱਕਰਵਾਰ ਦੇ ਦਿਨ ਇਹ ਖੁਲਾਸਾ ਵੀ ਕਰ ਦਿੱਤਾ ਗਿਆ ਹੈ ਕਿ ਜਿਸ ਆਈ. ਈ. ਡੀ. ਦੀ ਵਰਤੋਂ ਲੁਧਿਆਣਾ ਬੰਬ ਬਲਾਸਟ ਵਿਚ ਕੀਤੀ ਗਈ ਸੀ, ਉਸ ਨੂੰ ਡਰੋਨ ਰਾਹੀਂ ਹੀ ਅੰਮ੍ਰਿਤਸਰ-ਤਰਨਤਾਰਨ ਦੇ ਇਕ ਸਰਹੱਦੀ ਇਲਾਕੇ ਵਿਚ ਪਹੁੰਚਾਇਆ ਗਿਆ ਸੀ।

ਜੇਲ੍ਹਾਂ ਤੋਂ ਚੱਲ ਰਹੇ ਨੈੱਟਵਰਕ
ਕੇਂਦਰੀ ਅਤੇ ਰਾਜ ਸਰਕਾਰ ਦੀ ਸੁਰੱਖਿਆ ਏਜੰਸੀਆਂ ਵੱਲੋਂ ਕਈ ਵੱਡੇ ਮਾਮਲਿਆਂ ਵਿਚ ਖੁਲਾਸਾ ਕੀਤਾ ਜਾ ਚੁੱਕਾ ਹੈ ਕਿ ਨਾਮੀ ਸਮੱਗਲਰ ਜੋ ਜੇਲ੍ਹਾਂ ਵਿਚ ਬੰਦ ਹਨ, ਉਹ ਮੋਬਾਇਲ ਫੋਨਾਂ ਰਾਹੀਂ ਜੇਲ੍ਹਾਂ ਦੇ ਅੰਦਰੋਂ ਆਪਣਾ ਨੈੱਟਵਰਕ ਚਲਾ ਰਹੇ ਹਨ। ਆਏ ਦਿਨ ਜੇਲ੍ਹਾਂ ਦੇ ਅੰਦਰੋਂ ਮੋਬਾਇਲ ਫੋਨ ਫੜੇ ਜਾ ਰਹੇ ਹਨ ਪਰ ਫਿਰ ਵੀ ਜੇਲ੍ਹਾਂ ’ਚ ਜੈਮਰ ਨਹੀਂ ਲਾਏ ਜਾ ਰਹੇ ਹਨ।

ਵੱਡੇ ਖਿਡਾਰੀਆਂ ਤੱਕ ਨਹੀਂ ਪਹੁੰਚ ਪਾਉਂਦੀਆਂ ਏਜੰਸੀਆਂ
ਹੈਰੋਇਨ ਸਮੱਗਲਿੰਗ ਦੇ ਵੱਡੇ ਮਾਮਲਿਆਂ ’ਚ ਛੋਟੇ ਖਿਡਾਰੀਆਂ ਤੱਕ ਹੀ ਜਾਂਚ ਸੀਮਿਤ ਰਹਿ ਜਾਂਦੀ ਹੈ ਅਤੇ ਵੱਡੇ ਖਿਡਾਰੀਆਂ ਤੱਕ ਜਾਂਚ ਏਜੰਸੀਆਂ ਪਹੁੰਚ ਨਹੀਂ ਕਰ ਪਾਉਂਦੀਆਂ ਹਨ। ਭਾਵੇਂ ਆਈ. ਸੀ. ਪੀ. ’ਤੇ ਫੜੀ 532 ਕਿਲੋ ਹੈਰੋਇਨ ਦਾ ਮਾਮਲਾ ਹੋਵੇ ਜਾਂ ਫਿਰ ਮਲੱਠੀ ਤੋਂ ਫੜੀ 102 ਕਿਲੋ ਹੈਰੋਇਨ ਦਾ ਮਾਮਲਾ ਅਜੇ ਤੱਕ ਕਿਸੇ ਵੀ ਵੱਡੇ ਖਿਡਾਰੀ ਨੂੰ ਫੜਿਆ ਨਹੀਂ ਜਾ ਸਕਿਆ ਹੈ।

ਇਕ ਲੱਖ ਰੁਪਏ ਦਾ ਇਨਾਮ ਵੀ ਨਾਕਾਫੀ
ਹੈਰੋਇਨ ਸਮੱਗਲਰਾਂ ਨੂੰ ਫੜਨ ਲਈ ਬੀ. ਐੱਸ. ਐੱਫ. ਵੱਲੋਂ ਹਾਲ ਹੀ ਵਿਚ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਸਮੱਗਲਰਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਇਕ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹ ਇਨਾਮ ਵੀ ਨਾਕਾਫੀ ਨਜ਼ਰ ਆ ਰਿਹਾ ਹੈ ਅਤੇ ਡਰੋਨ ਦੀ ਮੂਵਮੈਂਟ ਪਿਛਲੇ ਸਾਲ ਤੋਂ ਕਈ ਗੁਣਾ ਵੱਧ ਗਈ ਹੈ।


author

rajwinder kaur

Content Editor

Related News