ਜਬਰ-ਜ਼ਨਾਹ ਦੇ ਦੋਸ਼ ''ਚ ਵਿਅਕਤੀ ਨੂੰ 10 ਸਾਲ ਦੀ ਕੈਦ
Thursday, Jul 13, 2017 - 02:18 AM (IST)

ਰੂਪਨਗਰ, (ਕੈਲਾਸ਼)- ਇਕ ਨਾਬਾਲਗਾ ਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਜ਼ਿਲਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਮੁਲਜ਼ਮ ਨੂੰ ਦਸ ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ।
ਜਾਣਕਾਰੀ ਅਨੁਸਾਰ ਪਿੰਡ ਕੰਸਾਲਾ ਥਾਣਾ ਮੁੱਲਾਂਪੁਰ ਗਰੀਬਦਾਸ ਜ਼ਿਲਾ ਮੋਹਾਲੀ ਦਾ ਵਾਸੀ ਹਰਪ੍ਰੀਤ ਸਿੰਘ ਉਰਫ ਸੋਢੀ ਪੁੱਤਰ ਧਰਮ ਸਿੰਘ 17 ਅਪ੍ਰੈਲ 2016 ਨੂੰ ਇਕ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਤੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਉਕਤ ਵਿਅਕਤੀ ਨਾਬਾਲਗਾ ਨੂੰ ਕੁਝ ਦਿਨਾਂ ਬਾਅਦ ਪਿੰਡ ਦੇ ਬਾਹਰ ਛੱਡ ਗਿਆ।
ਨਾਬਾਲਗਾ ਨੇ ਇਸ ਬਾਰੇ ਆਪਣੀ ਮਾਤਾ ਨੂੰ ਦੱਸਿਆ, ਜਿਸ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਮੋਰਿੰਡਾ ਦੀ ਪੁਲਸ ਨੇ ਹਰਪ੍ਰੀਤ ਸਿੰਘ ਵਿਰੁੱਧ ਅਗਵਾ ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ। ਸੁਣਵਾਈ ਦੌਰਾਨ ਜ਼ਿਲਾ ਤੇ ਸੈਸ਼ਨ ਜੱਜ ਬੀ. ਐੱਸ. ਸੰਧੂ ਦੀ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਉਸ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦਸ ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।