ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਕਾਰਨ 1 ਹੋਰ ਮੌਤ, 11 ਨਵੇਂ ਕੇਸਾਂ ਦੀ ਪੁਸ਼ਟੀ
Saturday, Aug 08, 2020 - 08:18 PM (IST)
ਹੁਸ਼ਿਆਰਪੁਰ,(ਘੁੰਮਣ)- ਸਿਹਤ ਵਿਭਾਗ ਨੂੰ ਅੱਜ ਸ਼ਾਮ ਪ੍ਰਾਪਤ ਹੋਈ 59 ਸੈਂਪਲਾਂ ਦੀ ਰਿਪੋਰਟ ਵਿਚ 11 ਨਵੇਂ ਪਾਜ਼ੇਟਿਵ ਮਰੀਜ਼ ਹੋਰ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਹੁਸ਼ਿਆਰਪੁਰ ਅਤੇ ਮੁਕੇਰੀਆਂ ਨਾਲ 3-3, ਹਾਜੀਪੁਰ, ਭੂੰਗਾ ਤੇ ਦਸੂਹਾ ਤੋਂ 1-1 ਅਤੇ ਮੰਡ ਮੰਡੇਰ ਦੇ 2 ਮਰੀਜ਼ ਸ਼ਾਮਲ ਹਨ। ਇਸਦੇ ਨਾਲ ਹੀ ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੱੁਲ ਗਿਣਤੀ 634 ਤੱਕ ਪਹੁੰਚ ਗਈ ਹੈ। ਪਿੰਡ ਪੁਹਾਰੀ ਵਿਚ 42 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਜਾਣ ਨਾਲ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੱੁਲ ਗਿਣਤੀ 19 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਅੱਜ 783 ਸ਼ੱਕੀ ਮਰੀਜ਼ਾਂ ਦੇ ਨਵੇਂ ਸੈਂਪਲ ਲਏ ਗਏ ਹਨ। ਜ਼ਿਲੇ ’ਚ ਹੁਣ ਤੱਕ ਲਏ ਗਏ 32,050 ਸੈਂਪਲਾਂ ਵਿਚੋਂ 29,613 ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਭਾਗ ਨੂੰ 1809 ਸੈਪਲਾਂ ਦੀ ਰਿਪੋਰਟ ਦਾ ਹੁਣ ਇੰਤਜ਼ਾਰ ਹੈ। ਜ਼ਿਲੇ ਵਿਚ 546 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ 55 ਸੈਂਪਲ ਇਨਵੈਲਿਡ ਪਾਏ ਗਏ ਹਨ। ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 69 ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ 10 ਸਾਲ ਦੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ। ਘਰਾਂ ਤੋਂ ਨਿਕਲਦੇ ਸਮੇਂ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਤਾਂ ਕਿ ਕੋਰੋਨਾ ਵਾਇਰਸ ਦੀ ਅੱਗੇ ਵਧਦੀ ਚੇਨ ਨੂੰ ਤੋਡ਼ਿਆ ਜਾ ਸਕੇ।