ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ 1 ਦੀ ਮੌਤ

01/08/2018 7:50:22 AM

ਕੋਟਕਪੂਰਾ  (ਨਰਿੰਦਰ, ਭਾਵਿਤ) - ਅੱਜ ਇੱਥੇ ਬਠਿੰਡਾ ਰੋਡ, ਜੈਤੋ ਬਾਈਪਾਸ 'ਤੇ ਕਿਸੇ ਅਣਪਛਾਤੇ ਵਾਹਨ ਵੱਲੋਂ ਇਕ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਪੁਰਾਣਾ ਸ਼ਹਿਰ ਦੇ ਡੇਰਾ ਬਾਬਾ ਕਾਬੁਲ ਸ਼ਾਹ ਨਜ਼ਦੀਕ ਰਹਿੰਦੇ ਦੋ ਸਕੇ ਭਰਾ ਗੁਰਮੇਲ ਸਿੰਘ ਗੇਲਾ (70) ਅਤੇ ਗੁਰਦੇਵ ਸਿੰਘ ਉਰਫ਼ ਨਿੱਕਾ (65) ਪੁੱਤਰ ਸਵ. ਸੁਰਜਨ ਸਿੰਘ ਪਿੰਡ ਸਮਾਗ ਤੋਂ ਇਕ ਭੋਗ ਵਿਚ ਸ਼ਾਮਲ ਹੋ ਕੇ ਮੋਟਰਸਾਈਕਲ 'ਤੇ ਕੋਟਕਪੂਰਾ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਜਦੋਂ ਸ਼ਾਮ ਸਵਾ 4 ਵਜੇ ਉਹ ਬਾਈਪਾਸ 'ਤੇ ਗੁਰੂ ਤੇਗ ਬਹਾਦਰ ਨਗਰ ਨੇੜੇ ਸੂਏ ਦੇ ਪੁਲ ਕੋਲ ਪੁੱਜੇ ਤਾਂ ਪਿੱਛਿਓਂ ਆ ਰਹੇ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਗੁਰਮੇਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੁਰਦੇਵ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਗੁਰਦੇਵ ਸਿੰਘ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਭੇਜ ਦਿੱਤਾ ਗਿਆ।
ਸੂਚਨਾ ਮਿਲਣ 'ਤੇ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਗੁਰਜੰਟ ਸਿੰਘ ਪੁਲਸ ਪਾਰਟੀ ਨਾਲ ਤੁਰੰਤ ਮੌਕੇ 'ਤੇ ਪੁੱਜੇ ਅਤੇ ਕਾਰਵਾਈ ਸ਼ੁਰੂ ਕੀਤੀ। ਜਾਂਚ ਅਧਿਕਾਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਹਾਲਤ ਗੰਭੀਰ ਹੋਣ ਕਾਰਨ ਜ਼ਖ਼ਮੀ ਗੁਰਦੇਵ ਸਿੰਘ ਨੂੰ ਫਰੀਦਕੋਟ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੇਟ ਮਾਰਨ ਵਾਲੇ ਵਾਹਨ ਚਾਲਕ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।


Related News