ਸੜਕ ਹਾਦਸੇ ''ਚ ਇਕ ਵਿਅਕਤੀ ਦੀ ਮੌਤ, 9 ਜ਼ਖਮੀ

06/30/2017 1:11:53 AM

ਸੰਗਰੂਰ(ਬਾਵਾ)— ਚੰਡੀਗੜ੍ਹ-ਬਠਿੰਡਾ ਹਾਈਵੇ 'ਤੇ ਹੋਏ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਔਰਤਾਂ ਅਤੇ 2 ਬੱਚਿਆਂ ਸਣੇ 9 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।  ਜ਼ੇਰੇ ਇਲਾਜ ਡਰਾਈਵਰ ਸਮੇਤ ਤਿੰਨ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ।  ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਮੌਹਾਲੀ ਥਾਣਾ ਅਮਰਗੜ੍ਹ ਦੇ ਇਕ ਪਰਿਵਾਰ ਦੇ 9 ਮੈਂਬਰ, ਜਿਨ੍ਹਾਂ ਵਿਚ 5 ਔਰਤਾਂ ਅਤੇ ਦੋ ਬੱਚੇ ਸ਼ਾਮਲ ਸਨ, ਟੈਂਪੂ (ਛੋਟਾ ਹਾਥੀ) ਵਿਚ ਸਵਾਰ ਹੋ ਕੇ ਸੰਗਰੂਰ ਨੇੜਲੇ ਪਿੰਡ ਖੁਰਾਣਾ ਵਿਖੇ ਪੀਰ ਦੀ ਸਮਾਧ 'ਤੇ ਮੱਥਾ ਟੇਕਣ ਆਏ ਸਨ। ਮੱਥਾ ਟੇਕਣ ਉਪਰੰਤ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਨੈਸ਼ਨਲ ਹਾਈਵੇ 'ਤੇ ਚੜ੍ਹਦਿਆਂ ਕਿਸੇ ਤੇਜ਼ ਵਾਹਨ ਦੀ ਲਪੇਟ ਵਿਚ ਆ ਗਏ। ਮੌਕੇ 'ਤੇ ਪੁੱਜੇ ਲੋਕਾਂ ਨੇ ਜ਼ਖਮੀਆਂ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਦੀ ਟੀਮ ਨੇ ਜ਼ਖਮੀਆਂ ਦਾ ਇਲਾਜ ਕੀਤਾ। ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਅੰਮ੍ਰਿਤਪਾਲ ਦੀ ਲੁਧਿਆਣਾ ਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ। ਜ਼ਖਮੀਆਂ ਵਿਚ ਟੈਂਪੂ ਦਾ ਡਰਾਈਵਰ ਭਵੀਸ਼ਨ ਸਿੰਘ ਪਿੰਡ ਨੰਨਹੇੜਾ ਵੀ ਸ਼ਾਮਲ ਹੈ।


Related News