ਅੰਮ੍ਰਿਤਸਰ ਜ਼ਿਲ੍ਹੇ ''ਚ ਸ਼ਨੀਵਾਰ ਨੂੰ ਕੋਰੋਨਾ ਕਾਰਨ 1 ਦੀ ਮੌਤ, 24 ਦੀ ਰਿਪੋਰਟ ਪਾਜ਼ੇਟਿਵ

11/08/2020 12:11:07 AM

ਅੰਮ੍ਰਿਤਸਰ, (ਦਲਜੀਤ)- ਸਰਦੀ ਦੇ ਦਸਤਕ ਦਿੰਦਿਆਂ ਹੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਪੰਜਾਬ ’ਚ ਠੰਡ ਆਉਣ ਨਾਲ ਕੋਰੋਨਾ ਵਾਇਰਸ ਕੇਸਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸ਼ਨੀਵਾਰ ਜ਼ਿਲੇ ਵਿਚ ਕੋਰੋਨਾ ਨਾਲ ਇਕ ਔਰਤ ਦੀ ਮੌਤ ਹੋ ਗਈ , ਜਦੋਂ ਕਿ 24 ਨਵੇਂ ਪਾਜ਼ੇਟਿਵ ਮਾਮਲੇ ਰਿਪੋਰਟ ਹੋਏ ਹਨ। ਇਸ ’ਚ ਕਮਿਉੂਨਿਟੀ ਤੋਂ 18 ਅਤੇ ਸੰਪਰਕ ਵਾਲੇ 6 ਹਨ। ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਮਾਮਲੇ 4 ਮਹੀਨੇ ਪਹਿਲਾਂ ਵੱਡੀ ਤਾਦਾਦ ਵਿਚ ਪੰਜਾਬ ਭਰ ਵਿਚ ਸਾਹਮਣੇ ਆਏ ਸਨ ਪਰ ਇਨ੍ਹਾਂ ਮਾਮਲਿਆਂ ਵਿਚ ਹੌਲੀ-ਹੌਲੀ ਕਮੀ ਦਰਜ ਕੀਤੀ ਜਾ ਰਹੀ ਸੀ। ਹੁਣ ਸਰਦੀ ਦਾ ਮੌਸਮ ਸ਼ੁਰੂ ਹੋਣ ਨਾਲ ਦੁਬਾਰਾ ਕੋਰੋਨਾ ਵਾਇਰਸ ਦੇ ਕੇਸ ਵਧ ਰਹੇ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਵਾਇਰਸ ਦੀ ਦੂਜੀ ਲਹਿਰ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।

ਅੰਮ੍ਰਿਤਸਰ ਵਿਚ ਹੁਣ ਲੋਕਾਂ ’ਚ ਕੋਰੋਨਾ ਵਾਇਰਸ ਦੀ ਦਹਿਸ਼ਤ ਘੱਟ ਹੁੰਦੀ ਵਿਖਾਈ ਦੇ ਰਹੀ ਹੈ ਅਤੇ ਲੋਕ ਬਾਜ਼ਾਰਾਂ ਵਿਚ ਬਿਨਾਂ ਮਾਸਕ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਕਰਦੇ ਵਿਖਾਈ ਨਹੀਂ ਦੇ ਰਹੇ ਹਨ। ਇੱਥੋਂ ਤਕ ਕਿ ਪੁਲਸ ਵੀ ਨਿਯਮਾਂ ਨੂੰ ਤਾਕ ’ਤੇ ਰੱਖਣ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਡਾਕਟਰਾਂ ਅਨੁਸਾਰ ਜਿਵੇਂ-ਜਿਵੇਂ ਸਰਦੀ ਵਧੇਗੀ, ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣਗੇ। ਭਾਵੇਂ ਠੰਡ ਦਾ ਸੀਜਨ ਹੈਲਦੀ ਸੀਜਨ ਹੈ ਪਰ ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਆਸਾਨੀ ਨਾਲ ਆਪਣੀ ਲਪੇਟ ਵਿਚ ਲੈ ਸਕਦਾ ਹੈ। ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ, ਨਹੀਂ ਤਾਂ ਨਤੀਜੇ ਖਤਰਨਾਕ ਸਾਹਮਣੇ ਆ ਸਕਦੇ ਹਨ।

ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਜ਼ਿਲੇ ਵਿਚ ਹੁਣ ਤਕ 12064 ਮਾਮਲੇ ਪਾਜ਼ੇਟਿਵ ਆ ਚੁੱਕੇ ਹਨ ਅਤੇ 11277 ਠੀਕ ਹੋ ਚੁੱਕੇ ਹਨ। ਵੱਖ-ਵੱਖ ਹਸਪਤਾਲਾਂ ਵਿਚ 325 ਦਾ ਇਲਾਜ ਜਾਰੀ ਹੈ । ਹੁਣ ਤਕ ਜ਼ਿਲੇ ਵਿਚ 462 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ । ਅੱਜ ਮਰਨ ਵਾਲੀ ਜਸਬੀਰ ਕੌਰ (76) ਗੁਰੂ ਰਾਮਦਾਸ ਨਗਰ ਸੁਲਤਾਨਵਿੰਡ ਰੋਡ ਦੀ ਵਾਸੀ ਸੀ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸੀ ।

8 ਮਹੀਨਿਆਂ ਬਾਅਦ ਸਰਕਾਰੀ ਮੈਡੀਕਲ ਕਾਲਜ ’ਚ ਸ਼ੁਰੂ ਹੋਣਗੀਆਂ ਕਲਾਸਾਂ

ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਹੀ ਵਿਦਿਆਰਥੀ ਕਰ ਸਕਣਗੇ ਕਲਾਸ ’ਚ ਐਂਟਰੀ

ਕਾਲਜ ਕੰਪਲੈਕਸ ’ਚ ਬਾਹਰਲੇ ਵਿਅਕਤੀਆਂ ਦੇ ਆਉਣ ’ਤੇ ਹੋਵੇਗੀ ਪਾਬੰਦੀ

ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ 8 ਮਹੀਨਿਆਂ ਬਾਅਦ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਕਲਾਸਾਂ ਵਿਚ ਦਾਖਲ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਬਾਹਰਲੇ ਵਿਅਕਤੀਆਂ ਨੂੰ ਕਾਲਜ ਕੰਪਲੈਕਸ ਵਿਚ ਮਿਲਣ ’ਤੇ ਪਾਬੰਦੀ ਰਹੇਗੀ। ਪਹਿਲੀ ਕਡ਼ੀ ਵਿਚ ਐੱਮ. ਬੀ. ਬੀ. ਐੱਸ. ਆਖਰੀ ਸਾਲ ਦੀਆਂ ਕਲਾਸਾਂ 9 ਅਤੇ ਦੂਜੇ ਸਾਲਾਂ ਦੇ ਵਿਦਿਆਰਥੀਆਂ ਦੀਆਂ ਕਲਾਸਾਂ 16 ਨਵੰਬਰ ਤੋਂ ਲੱਗਣਗੀਆਂ ।

ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਕਾਲਜ ਦੇ ਵਿਭਾਗ ਮੁਖੀਆਂ ਨਾਲ ਬੈਠਕ ਕੀਤੀ ਅਤੇ ਇਸ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ । ਪ੍ਰਿੰਸੀਪਲ ਨੇ ਦੱਸਿਆ ਕਿ ਕੋਰੋਨਾ ਕਾਰਣ 8 ਮਹੀਨਿਆਂ ਤੋਂ ਫਿਜ਼ੀਕਲ ਕਲਾਸਾਂ ਬੰਦ ਰਹੀਆਂ, ਸਿਰਫ ਆਨਲਾਈਨ ਹੀ ਚੱਲਦੀਆਂ ਰਹੀਆਂ। ਆਖਰੀ ਸਾਲ ਦੇ ਵਿਦਿਆਰਥੀਆਂ ਦੀਆਂ ਕਲੀਨਿਕਲ ਕਲਾਸਾਂ ਬਾਕੀ ਸਨ ਅਤੇ ਉਨ੍ਹਾਂ ਨੂੰ 7-8 ਹਫਤਿਆਂ ’ਚ ਪੂਰਾ ਕੀਤਾ ਜਾਵੇਗਾ ।

ਇਸੇ ਤਰ੍ਹਾਂ ਦੂਜੇ ਸਾਲ ਦੇ ਵਿਦਿਆਰਥੀਆਂ ਲਈ 16 ਨਵੰਬਰ ਤੋਂ ਕਲਾਸਾਂ ਖੁੱਲ ਜਾਣਗੀਆਂ। ਇਸ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਡ਼ਾਈ ਛੋਟੇ-ਛੋਟੇ ਗਰੁੱਪਾਂ ਵਿਚ ਹੋਵੇਗੀ, ਤਾਂ ਕਿ ਮਹਾਮਾਰੀ ਦਾ ਖ਼ਤਰਾ ਨਾ ਰਹੇ । ਵਿਦਿਆਰਥੀਆਂ ਵੱਲੋਂ ਸੈਲਫ ਡੈਕਲਾਰੇਸ਼ਨ ਲਿਆ ਜਾ ਰਿਹਾ ਹੈ । ਇਸ ਵਿਚ ਉਨ੍ਹਾਂ ਨੂੰ ਖਾਸ ਹਦਾਇਤ ਹੈ ਕਿ ਨਾ ਤਾਂ ਉਹ ਬਾਹਰ ਜਾਣਗੇ , ਨਾ ਹੀ ਬਾਹਰੋਂ ਕੋਈ ਉਨ੍ਹਾਂ ਨੂੰ ਮਿਲਣ ਆਵੇਗਾ । ਕਲਾਸ, ਹੋਸਟਲ ਅਤੇ ਮੈੱਸ ਸਾਰੀਆਂ ਥਾਵਾਂ ’ਤੇ ਕੋਰੋਨਾ ਤੋਂ ਬਚਾਅ ’ਤੇ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇਗਾ ।

ਪ੍ਰਿੰਸੀਪਲ ਦੇਵਗਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਾਲਜ ਕੰਪਲੈਕਸ ਵਿਚ ਆਵਾਜਾਈ ਦੇ ਸਾਧਨਾਂ ’ਤੇ ਵੀ ਰੋਕ ਹੋਵੇਗੀ ਅਤੇ ਕਾਲਜ ਕੰਪਲੈਕਸ ਵਿਚ ਭੀਡ਼ ਇਕੱਠੀ ਕਰਨ ’ਤੇ ਮਨਾਹੀ ਹੋਵੇਗੀ। ਕਲਾਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੇ ਟੈਸਟ ਕਰਵਾਏ ਜਾਣਗੇ। ਜੇਕਰ ਕੋਈ ਵਿਦਿਆਰਥੀ ਆਪਣੇ ਪੱਧਰ ’ਤੇ ਆਪਣੇ ਘਰ ਅਤੇ ਜ਼ਿਲੇ ਤੋਂ ਟੈਸਟ ਕਰਵਾ ਕੇ ਆਉਂਦਾ ਹੈ ਤਾਂ ਉਸਨੂੰ ਵੀ ਮਨਜ਼ੂਰ ਕੀਤਾ ਜਾਵੇਗਾ। ਟੈਸਟ ਰਿਪੋਰਟ ਨੇਗੈਟਿਵ ਆਉਣ ਤੋਂ ਬਾਅਦ ਹੀ ਕਲਾਸਾਂ ਵਿਚ ਐਂਟਰੀ ਕੀਤੀ ਜਾਵੇਗੀ। ਇਸ ਮੌਕੇ ਡਾ. ਸੁਜਾਤਾ ਸ਼ਰਮਾ, ਡਾ. ਸ਼ਿਵਚਰਨ, ਡਾ.ਪ੍ਰਤਾਪ ਸਿੰਘ ਵੇਰਕਾ, ਡਾ. ਸੰਜੀਵ ਸ਼ਰਮਾ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅੱਤਰੀ ਵੀ ਮੌਜੂਦ ਸਨ।


Bharat Thapa

Content Editor

Related News