''ਯੁੱਧ ਨਸ਼ਿਆਂ ਵਿਰੁੱਧ'' ਨੂੰ ਵੱਡੀ ਸਫਲਤਾ! 3000 ਤੋਂ ਵੱਧ ਪੰਚਾਇਤਾਂ ਵੱਲੋਂ ਨਸ਼ਿਆਂ ਵਿਰੁੱਧ ਮਤੇ ਪਾਸ
Friday, Mar 21, 2025 - 12:15 AM (IST)

ਚੰਡੀਗੜ੍ਹ (ਅੰਕੁਰ) : ‘ਯੁੱਧ ਨਸ਼ਿਆਂ ਵਿਰੁੱਧ’ ਦਾ ਪੁਰਜ਼ੋਰ ਸਮਰਥਨ ਕਰਦਿਆਂ ਪੰਜਾਬ ਭਰ ਦੀਆਂ 3000 ਤੋਂ ਵੱਧ ਪੰਚਾਇਤਾਂ ਨੇ ਨਸ਼ਿਆਂ ਵਿਰੁੱਧ ਮਤੇ ਪਾਸ ਕਰ ਕੇ ਸੂਬੇ ’ਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸਰਕਾਰ ਦੀ ਮੁਹਿੰਮ ਨੂੰ ਇੱਕ ਮਹੱਤਵਪੂਰਨ ਮੋੜ ’ਤੇ ਪਹੁੰਚਾ ਦਿੱਤਾ ਹੈ।
ਸਰਕਾਰ ਦੀ ਇਹ ਮੁਹਿੰਮ ਹੁਣ ਲੋਕ ਲਹਿਰ ’ਚ ਤਬਦੀਲ ਹੋ ਗਈ ਹੈ ਤੇ ਸੂਬੇ ਭਰ ਦੇ ਪਿੰਡ ਤੇ ਕਸਬੇ ਪੂਰੀ ਸੁਹਿਰਦਤਾ ਤੇ ਸਰਗਰਮੀ ਨਾਲ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਪੰਜਾਬ ਪੁਲਸ ਨੇ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਹੈ ਤਾਂ ਜੋ ਇਸ ਗੰਭੀਰ ਮੁੱਦੇ ਵਿਰੁੱਧ ਲੜਾਈ ਵਿੱਚ ਆਮ ਲੋਕਾਂ ਦੀ ਅਤਿ-ਲੋੜੀਂਦੀ ਤੇ ਸੁਹਿਰਦ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਵਿਸ਼ੇਸ਼ ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਇਸ ਵਿਸ਼ੇਸ਼ ਮੁਹਿੰਮ ਤਹਿਤ ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ’ਚ ਸੰਪਰਕ ਪ੍ਰੋਗਰਾਮ, ਵਿਦਿਆਰਥੀਆਂ ਨਾਲ ਮੀਟਿੰਗਾਂ ਆਦਿ ਸਮੇਤ ਵੱਖ-ਵੱਖ ਜਾਗਰੂਕਤਾ ਸਮਾਗਮ ਕਰਵਾਉਣ ਤਾਂ ਜੋ ਆਮ ਲੋਕਾਂ, ਨੌਜਵਾਨਾਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓ.), ਕਲੱਬਾਂ ਆਦਿ ਨੂੰ ਨਸ਼ਿਆਂ ਵਿਰੁੱਧ ਲੜਾਈ ’ਚ ਸ਼ਾਮਲ ਕੀਤਾ ਜਾ ਸਕੇ।
ਉਨਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਾਜ ਭਰ ’ਚ 3022 ਪੰਚਾਇਤਾਂ ਨੇ ਨਸ਼ਿਆਂ ਦੀ ਲਾਹਣਤ ਨਾਲ ਨਜਿੱਠਣ , ਮੁੜ ਵਸੇਬੇ ਦੇ ਯਤਨਾਂ ਦਾ ਸਮਰਥਨ ਕਰਨ ਤੇ ਸਮਾਜ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਮਜਬੂਤ ਪੁਲਿਸ-ਜਨਤਕ ਭਾਈਵਾਲੀ ਦਾ ਸਬੂਤ ਦਿੰਦਿਆਂ ਮਤੇ ਪਾਸ ਕੀਤੇ ਹਨ। ਭਾਰੀ ਜਨਤਕ ਸਮਰਥਨ ਨੇ ਸੂਬੇ ਭਰ ’ਚ ਮੁਸਤੈਦੀ ਨਾਲ ਛਾਪੇਮਾਰੀ ਕਰ ਰਹੀ ਪੰਜਾਬ ਪੁਲਸ ਦੇ ਯਤਨਾਂ ਨੂੰ ਮਜ਼ਬੂਤੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ 97 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 1.5 ਕਿੱਲੋ ਹੈਰੋਇਨ, 100 ਗ੍ਰਾਮ ਅਫ਼ੀਮ, 2 ਕਿੱਲੋ ਗਾਂਜਾ ਤੇ 1.86 ਲੱਖ ਰੁਪਏ ਡਰੱਗ ਮਨੀ ਜ਼ਬਤ ਕੀਤੀ ਗਈ । ਪਿਛਲੇ 20 ਦਿਨਾਂ ਦੌਰਾਨ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 2463 ਤੱਕ ਪਹੁੰਚ ਗਈ ਹੈ, ਜੋ ਕਿ ਡਰੱਗ ਨੈੱਟਵਰਕ ’ਤੇ ਨਕੇਲ ਕੱਸਣ ਸਬੰਧੀ ਕਾਰਵਾਈ ਨੂੰ ਦਰਸਾਉਂਦੀ ਹੈ।
84 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1300 ਤੋਂ ਵੱਧ ਨਫ਼ਰੀ ਵਾਲੀਆਂ 200 ਤੋਂ ਵੱਧ ਪੁਲਸ ਟੀਮਾਂ ਨੇ ਰਾਜ ਭਰ ’ਚ 440 ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਸੂਬੇ ਭਰ ’ਚ 58 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ । ਪੁਲਸ ਟੀਮਾਂ ਨੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 478 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਵੀ ਕੀਤੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8