''ਗੈਂਗਰੇਪ ਕਾਂਡ ''ਚ ਸ਼ਾਮਲ ਦੋਸ਼ੀਆਂ ਦਾ ਯੋਗੀ ਸਰਕਾਰ ਨਾਲ ਗੂੜ੍ਹਾ ਰਿਸ਼ਤਾ''
Sunday, Oct 04, 2020 - 04:31 PM (IST)

ਤਪਾ ਮੰਡੀ (ਸ਼ਾਮ,ਗਰਗ) - ਆਮ ਆਦਮੀ ਪਾਰਟੀ ਹਲਕਾ ਭਦੋੜ ਦੇ ਬਾਗੀ ਹੋ ਕੇ ਖਹਿਰਾ ਧੜ੍ਹੇ 'ਚ ਸ਼ਾਮਲ ਹੋਏ ਵਿਧਾਇਕ ਪਿਰਮਲ ਸਿੰਘ ਧੋਲਾ ਨੇ ਅਗਰਵਾਲ ਧਰਮਸ਼ਾਲਾ 'ਚ ਇੱਕ ਰੋਸ ਰੈਲੀ ਕੀਤੀ। ਇਹ ਰੈਲੀ ਬਾਜ਼ਾਰਾਂ-ਮੁਹੱਲਿਆਂ 'ਚੋਂ ਹੁੰਦੀ ਹੋਈ ਵਾਲਮੀਕ ਚੌਂਕ 'ਚ ਸਮਾਪਤ ਕੀਤੀ ਗਈ। ਇਸ ਤੋਂ ਬਾਅਦ ਪਿਰਮਲ ਸਿੰਘ ਧੋਲਾ ਨੇ ਪਾਰਟੀ ਵਰਕਰ ਰਾਜ ਕੁਮਾਰ ਰਾਜੂ ਦੇ ਗ੍ਰਹਿ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਨਾਅਰਾ ਦੇਣ ਵਾਲੀ ਮੋਦੀ ਸਰਕਾਰ ਦੇ ਰਾਜ 'ਚ ਆਏ ਦਿਨ ਹੀ ਬਲਾਤਕਾਰ ਵਰਗੀਆਂ ਘਿਨੌਣੀਆਂ ਹਰਕਤਾਂ ਹੋ ਰਹੀਆਂ ਹਨ। ਯੂ.ਪੀ ਵਿਖੇ ਬੀਤੇ ਦਿਨੀਂ ਵਾਪਰੀ ਦਰਦਨਾਕ ਘਟਨਾ ਨੇ ਮੋਦੀ ਅਤੇ ਯੋਗੀ ਸਰਕਾਰ ਦੇ ਕੰਮਾਂ ਤੋਂ ਪਰਦਾ ਹਟਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਇਸ ਗੱਲ ਨੂੰ ਲੈ ਕੇ ਕਈ ਦਿਨਾਂ ਤੋਂ ਚਰਚੇ ਚੱਲ ਰਹੇ ਸਨ ਕਿ ਯੋਗੀ ਸਰਕਾਰ ਪੀੜਤ ਪਰਿਵਾਰ 'ਤੇ ਦਬਾਅ ਬਣਾ ਕੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ ਜਿਸ ਦੇ ਚੱਲਦਿਆਂ ਉਸ ਵੱਲੋਂ ਲੋਕਤੰਤਰ ਦਾ ਚੌਥਾ ਥੰਮ ਮੰਨ੍ਹੇ ਜਾਣ ਵਾਲੇ ਮੀਡੀਏ ਨੂੰ ਵੀ ਪਰਿਵਾਰ ਨਾਲ ਗੱਲ ਤੱਕ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਕਿਹਾ ਕਿ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨਾਲ ਅਪਰਾਧੀ ਲੋਕਾਂ ਦੀਆਂ ਫੋਟੋਆਂ ਸੋਸ਼ਲ ਨੈੱਟਵਰਕ 'ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਯੋਗੀ ਸਰਕਾਰ ਦਾ ਇਨ੍ਹਾਂ ਅਪਰਾਧੀਆਂ ਨਾਲ ਗੂੜ੍ਹਾ ਰਿਸ਼ਤਾ ਹੈ।
ਇਹ ਵੀ ਦੇਖੋ: ਪੰਜਾਬ 'ਚ ਕਿਸਾਨਾਂ ਦਾ 'ਰੇਲ ਰੋਕੋ' ਅੰਦੋਲਨ ਜਾਰੀ, ਐਤਵਾਰ ਨੂੰ ਰੱਦ ਹੋਈਆਂ ਇਹ ਰੇਲ ਗੱਡੀਆਂ
ਪੰਜਾਬ ਵਿਖੇ ਚੱਲ ਰਹੇ ਅੰਦੋਲਨਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਆਪਣਾ ਨਿੱਜੀ ਹਿੱਤ ਛੱਡ ਕੇ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋਣਾ ਚਾਹੀਦਾ ਹੈ। ਕਿਉਂਕਿ ਰਾਜਨੀਤਕ ਰਾਜਨੀਤੀ ਹੋਰ ਕੰਮਾਂ 'ਤੇ ਹੋ ਸਕਦੀ ਹੈ ਪਰ ਜੇਕਰ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਗੱਲ ਹੋਵੇ ਤਾਂ ਲੋਕਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਜਾਣਾ ਚਾਹੀਦਾ ਹੈ।
ਉਨ੍ਹਾਂ ਕੋਲੋਂ ਜਦੋਂ ਪਾਰਟੀ ਤੋਂ ਬਾਗੀ ਹੋਣ ਦੀ ਗੱਲ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਮੈਂ ਪਾਰਟੀ ਤੋਂ ਬਾਗੀ ਨਹੀਂ ਹਾਂ। ਮੈਂ ਜ਼ਮੀਨੀ ਪੱਧਰ 'ਤੇ ਵਿਧਾਨ ਸਭਾ 'ਚ ਪਾਰਟੀ ਦੇ ਪ੍ਰੋਗ੍ਰਾਮਾਂ ਨਾਲ ਖੜ੍ਹਾ ਹਾਂ ਅਤੇ ਅਪਣੀ ਵੋਟ ਦਾ ਇਸਤੇਮਾਲ ਆਮ ਆਦਮੀ ਪਾਰਟੀ ਦੀਆਂ ਪਾਲਿਸੀਆਂ ਦੇ ਅਨੁਕੂਲ ਹੀ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਮੈਂ ਕੋਈ ਬਗਾਵਤ ਨਹੀਂ ਕੀਤੀ ਪਰ ਕੁਝ ਬੁਨਿਆਦੀ ਨੀਤੀਆਂ ਨਾਲ ਅਸਹਿਮਤ ਹਾਂ ਤੇ ਉਹ ਮੇਰੀ ਅਸਹਿਮਤੀ ਨਿੱਜੀ ਮੁਫਾਦਾਂ ਨਾਲ ਨਹੀਂ ਜੁੜੀ ਹੋਈ ਸਗੋਂ ਪਾਰਟੀ ਦੇ ਹਿੱਤਾਂ 'ਚ ਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ 'ਚ ਚੰਗੇ ਵਰਕਰਾਂ ਨੂੰ ਲੈਣ ਦੀ ਜ਼ਰੂਰਤ ਹੈ, ਹੋਰਨਾਂ ਪਾਰਟੀਆਂ ਦੇ ਘੱਸੇ-ਪਿੱਟੇ ਨੇਤਾਵਾਂ ਨੂੰ ਨਹੀਂ ਲੈਣਾ ਚਾਹੀਦਾ। ਉਹ ਅਪਣੇ ਹਿੱਤਾਂ ਲਈ ਪਾਰਟੀ ਵਿਰੋਧੀ ਗਤੀਵਿਧਿਆਂ ਕਰਦੇ ਹਨ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਪ੍ਰਵੀਨ ਕੁਮਾਰ ਸ਼ਰਮਾ,ਰਾਜ ਕੁਮਾਰ ਰਾਜੂ ਤਪਾ,ਹਰਪ੍ਰੀਤ ਸਿੰਘ ਕਾਲਾ,ਚਰਨਜੀਤ ਸਿੰਘ,ਜਗਸੀਰ ਸੀਰਾ,ਹਰਪ੍ਰੀਤ ਭਦੋੜ,ਸੁਖਚੈਨ ਭਦੋੜ,ਮੱਖਣ ਉਗੋਕੇ,ਬਲਜਿੰਦਰ ਸਿੰਘ ਧੋਲਾ,ਸੁਖਵਿੰਦਰ ਕਲਕੱਤਾ ਸ਼ਹਿਣਾ,ਜਗਦੇਵ ਧੋਲਾ,ਅਮਰਜੀਤ ਢਿਲਵਾਂ,ਹਰਜਿੰਦਰ ਸਿੰਘ ਇਡਲਵਾਂ,ਸੇਵਕ ਸਿੰਘ ਭਗਤਪੁਰਾ,ਹਰਪਾਲ ਸਿੰਘ ਪੱਖੋ ਕਲਾਂ,ਮਨਪ੍ਰੀਤ ਮੰਟੀ ਪੱਖੋ ਕੈਂਚੀਆਂ ਆਦਿ ਵਰਕਰ ਹਾਜਰ ਸਨ।